in

ਈਦ ਮੌਕੇ ਸਮਾਜ ਸੇਵੀ ਸੰਸਥਾ ਨੇ ਤੁਰਕੀ ਦੇ ਭੂਚਾਲ ਪੀੜ੍ਹਤਾਂ ਦੀ ਕੀਤੀ ਮਦਦ

2000 ਤੋਂ ਵੱਧ ਪਰਿਵਾਰਾਂ ਲਈ ‘ਬੇਗਮਪੁਰਾ ਏਡ ਇੰਟਰਨੈਸ਼ਨਲ’ ਬਣੀ ਮਸੀਹਾ

ਰੋਮ (ਇਟਲੀ) (ਦਲਵੀਰ ਕੈਂਥ) – ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਿਸ਼ਨ ਨੂੰ ਸਮਰਪਿਤ ਯੂਰਪ ਦੀ ਨਾਮੀ ਸਮਾਜ ਸੇਵੀ ਸੰਸਥਾ ‘ਬੇਗਮਪੁਰਾ ਏਡ ਇੰਟਰਨੈਸ਼ਨਲ’ ਨਿਰੰਤਰ ਦੁੱਖੀ ਲੋੜਵੰਦਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੀ ਨਹੀਂ ਹੋ ਰਹੀ, ਸਗੋਂ ਉਹਨਾਂ ਨੂੰ ਆਰਥਿਕ ਮਦਦ ਕਰਨ ਵਿੱਚ ਮੋਹਰੀ ਹੈ। ਇਹ ਸੰਸਥਾ ਭਾਰਤ ਵਿੱਚ ਲੋੜਵੰਦ ਪਰਿਵਾਰਾਂ ਦੀ ਸੇਵਾ ਨਿਭਾਅ ਰਹੀ ਹੈ, ਪਾਕਿਸਤਾਨ ਦੇ ਹੜ੍ਹ ਪੀੜਤਾਂ ਲਈ ਫਰਿਸ਼ਤਾ ਬਣ ਬਹੁੜੀ ਤੇ ਹੁਣ ਤੁਰਕੀ ਦੇ ਭੂਚਾਲ ਦੇ ਝੰਬੇ ਪਰਿਵਾਰਾਂ ਲਈ ਮਸੀਹਾ ਬਣ ਪਹੁੰਚੀ ਹੈ।
‘ਬੇਗਮਪੁਰਾ ਏਡ ਇੰਟਰਨੈਸ਼ਨਲ’ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਮੈਂਗੜਾ ਨੇ ਪ੍ਰੈੱਸ ਨੂੰ ਤੁਰਕੀ ਦੇ ਭੂਚਾਲ ਪੀੜਤਾਂ ਲਈ ਨਿਭਾਈ ਸੇਵਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ, ਉਹਨਾਂ ਦੀ ਸੰਸਥਾ ਵੱਲੋਂ 2000 ਤੋਂ ਵੱਧ ਪੀੜਤ ਪਰਿਵਾਰਾਂ ਦੀ ਰਾਸ਼ਣ ਦੇ ਨਾਲ ਆਰਥਿਕ ਮਦਦ ਵੀ ਕੀਤੀ ਗਈ ਹੈ ਤੇ ਬੱਚਿਆਂ ਨੂੰ ਵੀ ਖਾਣ ਦੀਆਂ ਵਸਤਾਂ ਵੰਡੀਆਂ ਗਈਆਂ। ਇਸ ਸੇਵਾ ਦੀ ਅਗਵਾਈ ਅਮਰਜੀਤ ਸਿੰਘ ਕੈਲੇ ਅਤੇ ਚਰਨਜੀਤ ਸਿੰਘ ਜੌਹਲ ਵੱਲੋਂ ਕੀਤੀ ਗਈ। ਟੀਮ ਨਾਲ ਫਰਾਂਸ ਵਿੱਚ ਵੱਸਦੇ ਤੁਰਕੀ ਭਾਈਚਾਰੇ ਦੇ ਸਾਥੀ ਵੀ ਗਏ, ਜਿਹਨਾਂ ਨੇ ਉੱਥੇ ਦੇ ਹਾਲਾਤਾਂ ਤੋਂ ਵਿਸਥਾਰਪੂਰਵਕ ਜਾਣੂ ਕਰਵਾਇਆ ਤੇ ਤੁਰਕੀ ਭਾਸ਼ਾ ਦੀ ਵੀ ਕੋਈ ਪ੍ਰੇਸ਼ਨੀ ਨਹੀਂ ਹੋਣ ਦਿੱਤੀ।
ਸੰਸਥਾ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਈਦ ਦੇ ਪਵਿੱਤਰ ਦਿਨ ਨੂੰ ਸਮਰਪਿਤ ਕਨਟੇਨਰ ਹਾਊਸ ਵੀ ਲੈ ਕੇ ਦਿੱਤੇ ਗਏ, ਜਿਹੜੇ ਘਰ ਦੀ ਹਰ ਇਕ ਵਰਤਣ ਵਾਲੀ ਚੀਜ਼ ਨਾਲ ਭਰਪੂਰ ਸਨ। ਇਹਨਾਂ ਕਨਟੇਨਰਾਂ ਵਿੱਚ ਪੀੜਤ ਪਰਿਵਾਰ ਆਪਣੇ ਬੱਚਿਆਂ ਸਮੇਤ ਰਹਿ ਸਕਣਗੇ। ਬੇਗਮਪੁਰਾ ਏਡ ਇੰਟਰਨੈਸ਼ਨਲ ਵੱਲੋਂ ਈਦ ਦੇ ਤਿਉਹਾਰ ਨੂੰ ਮੁੱਖ ਰੱਖਕੇ ਤੁਰਕੀ ਦੇ ਵਕਤ ਦੇ ਝੰਬੇ ਪਰਿਵਾਰਾਂ ਦੀ ਇਹ ਨਿਸ਼ਕਾਮ ਸੇਵਾ ਦਿਲ ਖੋਲ ਕੀਤੀ ਗਈ ਤੇ ਭਵਿੱਖ ਵਿੱਚ ਵੀ ਇਹ ਸੇਵਾ ਦਾ ਜਜ਼ਬਾ ਇੱਦਾਂ ਹੀ ਚੱਲਦਾ ਰਹੇਗਾ।
ਇਸ ਕਾਰਜ ਨਾਲ ਤੁਰਕੀ ਦੇ ਪੀੜਤਾਂ ਲਈ ਇਹ ਸੰਸਥਾ ਕਿਸੇ ਮਸੀਹੇ ਵਾਂਗਰ ਬਹੁੜੀ ਹੈ ਜਿਹਨਾਂ ਕਿ ਮੁਸੀਬਤ ਨਾਲ ਪ੍ਰੇਸ਼ਾਨ ਪਰਿਵਾਰਾਂ ਨੂੰ ਖਾਣਾ ਦੇਣ ਦੇ ਨਾਲ ਘਰ ਤੇ ਆਰਥਿਕ ਮਦਦ ਵੀ ਦਿੱਤੀ ਜਿਹੜੀ ਕਿ ਕਾਬਲੇ ਤਾਰੀਫ਼ ਕਾਰਵਾਈ ਹੈ।

ਇਨਸਾਨੀ ਖੂਨ ਨਾਲੀਆਂ ਵਿੱਚ ਨਹੀ ਨਾੜੀਆਂ ਵਿੱਚ ਵਹੇ!

ਇਟਲੀ ਦਾ ਨਿਵਾਸੀ, ਵਿਦੇਸ਼ੀ ਵਾਹਨ ਦਾ ਉਪਯੋਗ ਕਿਵੇਂ ਕਰੇ?