in

ਏਅਰਲਾਈਨ ਵਿਜ਼ ਦਾ ਕੈਪਟਨ ਬਣ ਦੇਸ਼ ਦਾ ਨਾਮ ਚਮਕਾਉਣ ਵਾਲਾ ਪ੍ਰਭਜੋਤ ਸਿੰਘ ਮੁਲਤਾਨੀ

ਰੋਮ (ਇਟਲੀ) (ਦਲਵੀਰ ਕੈਂਥ) – ਇਟਲੀ ਦੇ ਭਾਰਤੀ ਚਾਹੇ ਉਹ ਬੱਚੇ ਹਨ ਜਾਂ ਵੱਡੇ ਇਟਲੀ ਵਿੱਚ ਬੁਲੰਦ ਹੌਸਲਿਆਂ ਤੇ ਦ੍ਰਿੜ ਇਰਾਦਿਆਂ ਨਾਲ ਇਟਾਲੀਅਨ ਲੋਕਾਂ ਸਮੇਤ ਹੋਰ ਦੇਸ਼ਾਂ ਦੇ ਪ੍ਰਵਾਸੀਆਂ ਲਈ ਨਿਰੰਤਰ ਕਾਮਯਾਬੀ ਦੀ ਮਿਸਾਲ ਬਣਦੇ ਜਾ ਰਹੇ ਹਨ. ਜਿਸ ਨੂੰ ਹੋਰ ਪ੍ਰਤੱਖ ਕਰ ਦਿੱਤਾ ਹੈ ਭਾਰਤੀ ਮੂਲ ਦੇ ਨੌਜਵਾਨ ਪ੍ਰਭਜੋਤ ਸਿੰਘ ਮੁਲਤਾਨੀ (35) ਨੇ ਜਿਹੜਾ ਕਿ ਹਾਲ ਹੀ ਵਿੱਚ ਵਿਜ਼ ਏਅਰ ਲਾਈਨ ਵਿੱਚ ਕੈਪਟਨ ਥਾਪਿਆ ਗਿਆ ਹੈ। ਸੰਨ 2003 ਵਿੱਚ ਪਰਿਵਾਰ ਨਾਲ ਇਟਲੀ ਆਇਆ ਦੁਆਬੇ ਦੇ ਜਲੰਧਰ ਦਾ ਰਹਿਣ ਵਾਲਾ ਇਹ ਬੱਚਾ ਉਸ ਸਮੇਂ ਦੇਖਣ ਨੂੰ ਬਿਲਕੁਲ ਸਧਾਰਨ ਬੱਚਾ ਹੀ ਸੀ ਤੇ ਸ਼ਾਇਦ ਕਿਸੇ ਨੇ ਵੀ ਇਹ ਨਹੀਂ ਸੋਚਿਆ ਸੀ ਕਿ ਇਹ ਬੱਚਾ ਕਦੇ ਅਸਮਾਨੀ ਉਡਾਰੀਆਂ ਭਰਦਾ ਕੈਪਟਨ ਹੋਵੇਗਾ।
ਪ੍ਰਭਜੋਤ ਸਿੰਘ ਮੁਲਤਾਨੀ ਪਿਤਾ ਗੁਰਮੇਲ ਸਿੰਘ ਤੇ ਮਾਤਾ ਕੁਲਵੰਤ ਕੌਰ ਦੀਆਂ ਮਮਤਾ ਵਿੱਚ ਗਹਿਗੱਚ ਹੋਈਆਂ ਹੱਲਾਸ਼ੇਰੀਆਂ ਦੇ ਸਦਕੇ ਉਹਨਾਂ ਰਾਹਾਂ ਦਾ ਪਾਂਧੀ ਬਣ ਗਿਆ ਜਿਹੜੇ ਰਾਹ ਉਸ ਨੂੰ ਕਾਮਯਾਬੀ ਦੀ ਟੀਸੀ ਉਪੱਰ ਲੈ ਆਇਆ। ਆਪਣੀ ਕਾਮਯਾਬੀ ਦੀਆਂ ਨੀਹਾਂ ਵਿੱਚ ਲਾਈਆਂ ਸੰਘਰਸ਼ ਦੀਆਂ ਇੱਟਾਂ ਦੀ ਗੱਲ ਕਰਦਿਆਂ ਪ੍ਰਭਜੋਤ ਸਿੰਘ ਨੇ ਦੱਸਿਆ ਕਿ, ਇਸ ਮੁਕਾਮ ਤੱਕ ਪਹੁੰਚਾਉਣ ਲਈ ਉਸ ਦੇ ਮਾਪਿਆਂ ਦਾ ਹੀ ਵੱਡਾ ਯੋਗਦਾਨ ਹੈ. ਉਹਨਾਂ ਦੀ ਪ੍ਰੇਰਨਾ ਨਾਲ ਹੀ ਸੰਨ 2011 ਤੋਂ ਉਸ ਨੇ ਹਵਾਈ ਜਹਾਜ਼ ਦਾ ਪਾਇਲਟ ਬਣਨ ਲਈ ਪੜ੍ਹਾਈ ਸ਼ੁਰੂ ਕੀਤੀ ਜਿਸ ਨੂੰ ਨੇਪਰੇ ਚਾੜਨ ਲਈ ਉਹ ਪਹਿਲਾਂ ਅਮਰੀਕਾ ਫਿਰ ਇੰਗਲੈਂਡ ਤੇ ਬਾਅਦ ਵਿੱਚ ਸਪੇਨ ਪੜ੍ਹਨ ਗਿਆ, ਤਾਂ ਜਾ ਕੇ ਅੱਜ ਉਹ ਕਾਮਯਾਬੀ ਦੇ ਜਹਾਜ਼ ਦਾ ਮੁਸਾਫਿ਼ਰ ਬਣਿਆ।
ਜਹਾਜ਼ ਦਾ ਕੈਪਟਨ ਬਣਨ ਉਪਰੰਤ ਉਸ ਨੇ ਸਭ ਤੋਂ ਪਹਿਲਾਂ ਏਮੀਰੇਟ ਏਅਰਲਾਈਨ ਵਿੱਚ ਪਾਇਲਟ ਵਜੋਂ ਕਮਾਂਡ ਸੰਭਾਲੀ ਫਿਰ ਹੌਲੀ-ਹੌਲੀ ਉਹ ਅਸਮਾਨਾਂ ਵਿੱਚ ਉਡਣ ਦਾ ਅਜਿਹਾ ਮੁਰੀਦ ਹੋਇਆ ਕਿ ਅੱਜ ਨਾਮੀ ਏਅਰਲਾਈਨ ਵਿਜ਼ ਏਅਰ ਦਾ ਕੈਪਟਨ ਬਣ ਗਿਆ। ਪ੍ਰਭਜੋਤ ਸਿੰਘ ਮੁਲਤਾਨੀ ਨੇ ਉਹਨਾਂ ਤਮਾਮ ਇਟਲੀ ਦੇ ਭਾਰਤੀ ਨੌਜਵਾਨਾਂ ਦੀ ਧਾਰਨਾ ਨੂੰ ਪਛਾੜ ਦਿੱਤਾ ਜਿਹੜੇ ਇਹੀ ਸੋਚੀ ਜਾਂਦੇ ਸਨ ਕਿ ਬਾਹਰ ਆ ਕੇ ਪੜ੍ਹਨ ਦਾ ਕੋਈ ਖਾਸ ਫਾਇਦਾ ਨਹੀਂ ਹੁੰਦਾ ਜਦੋਂ ਕਿ ਡਿਗਰੀਆਂ ਕਰਕੇ ਵੀ ਤਾਂ ਕਰਨੀਆਂ ਦਿਹਾੜੀਆਂ ਹੀ ਹਨ। ਇਹ ਨੌਜਵਾਨ ਭਾਰਤੀ ਤੇ ਇਟਾਲੀਅਨ ਕਮਿਊਨਿਟੀ ਸਮੇਤ ਹੋਰ ਦੇਸ਼ਾਂ ਦੇ ਇਟਲੀ ਵੱਸਦੇ ਲੋਕਾਂ ਲਈ ਜਿੱਥੇ ਚਰਚਾ ਦਾ ਵਿਸ਼ਾ ਬਣਿਆ ਹੈ, ਉੱਥੇ ਹੀ ਨੌਜਵਾਨ ਵਰਗ ਲਈ ਆਪਣੇ ਆਪ ਵਿੱਚ ਵਿਲੱਖਣ ਮਿਸਾਲ ਵੀ ਹੈ ਜਿਹੜੀ ਇਹ ਦਰਸਾਉਂਦੀ ਹੈ ਕਿ ਜੇਕਰ ਇਨਸਾਨ ਦੇ ਇਰਾਦੇ ਮਜ਼ਬੂਤ ਤੇ ਜਨੂੰਨੀ ਹੋਣ ਤਾਂ ਕੋਈ ਅਜਿਹਾ ਖੇਤਰ ਨਹੀਂ ਜਿਸ ਵਿੱਚ ਕਾਮਯਾਬੀ ਦੇ ਝੰਡੇ ਬੁਲੰਦ ਨਹੀਂ ਕੀਤੇ ਜਾ ਸਕਦੇ।

ਲਵੀਨੀਓ : 16 ਅਪ੍ਰੈਲ ਨੂੰ ਸਜਾਏ ਜਾਣਗੇ ਵਿਸ਼ਾਲ ਨਗਰ ਕੀਰਤਨ

ਗੈਰ-ਕਾਨੂੰਨੀ ਨਿਵਾਸ ਪਰਮਿਟ ਜਾਰੀ ਕਰਨ ਦੇ ਦੋਸ਼ ਤਹਿਤ ਵਿਦੇਸ਼ੀ ਨੂੰ ਸਜ਼ਾ