in

ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਸੱਜੇ ਵਿਸ਼ਾਲ ਨਗਰ ਕੀਰਤਨ ਮੌਕੇ ਬਰੇਸ਼ੀਆ ਸ਼ਹਿਰ ਰੰਗਿਆ ਕੇਸਰੀ ਰੰਗ ‘ਚ

ਰੋਮ (ਇਟਲੀ) (ਦਲਵੀਰ ਕੈਂਥ) – ਵਿਸਾਖੀ ਵਾਲੇ ਦਿਨ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸਰਬੰਸਦਾਨੀ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੁਨੀਆਂ ਦਾ ਵਿਲੱਖਣ ਤੇ ਨਿਰਾਲਾ ਪੰਥ ਖਾਲਸਾ ਪੰਥ ਸਾਜਿਆ ਤੇ ਖ਼ਾਲਸੇ ਦੇ ਪ੍ਰਗਟ ਦਿਵਸ ਨੂੰ ਪਰਮਾਤਮ ਕੀ ਮੌਜ ਕਹਿੰਦਿਆਂ ਇਸ ਨੂੰ ਆਪਣੇ ਰੂਪ ਦੇ ਰੁਤਬੇ ਨਾਲ ਨਿਵਾਜਿਆ। ਸਿੱਖ ਕੌਮ ਦੀ ਬਹਾਦਰੀ ਤੇ ਚੜ੍ਹਦੀ ਕਲਾ ਦੀਆਂ ਬਾਤਾਂ ਪਾਉਣ ਵਾਲੇ ਇਸ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਇਟਲੀ ਦੀ ਧਰਤੀ ਉੱਪਰ ਵੱਡੇ ਰੂਪ ਵਿੱਚ ਵਿਸ਼ਾਲ ਨਗਰ ਕੀਰਤਨ ਜਿਹੜਾ ਕਿ ਲੰਬਾਰਦੀਆ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੇਰੋ (ਬਰੇਸ਼ੀਆ) ਵੱਲੋਂ 25ਵਾਂ ਨਗਰ ਕੀਰਤਨ ਸਿੱਖ ਸੰਗਤਾਂ ਤੇ ਗੁਰਦੁਆਰਾ ਸਾਹਿਬ ਸਿੰਘ ਸਭਾਵਾਂ ਦੇ ਭਰਪੂਰ ਸਹਿਯੋਗ ਨਾਲ ਸਜਾਇਆ ਗਿਆ. ਜਿਸ ਵਿੱਚ ਹਜ਼ਾਰਾਂ ਦੀ ਤਦਾਦ ਵਿੱਚ ਸਿੱਖ ਸੰਗਤਾਂ ਯੂਰਪ ਭਰ ਤੋਂ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਕੇਸਰੀ ਰੰਗ ਰੰਗੀਆਂ ਹਾਜ਼ਰੀ ਭਰਦੀਆਂ ਹੋਈਆਂ ਪੰਥ ਦੀ ਚੜ੍ਹਦੀ ਕਲਾ ਦੇ ਜੈਕਾਰੇ “ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ” ਨਾਲ ਜਿੱਥੇ ਆਬੋ ਹਵਾ ਨੂੰ ਮਹਿਕਾ ਰਹੀਆਂ ਸਨ, ਉੱਥੇ ਪੂਰੇ ਸ਼ਹਿਰ ਦੇ ਵਿੱਚ ਜੈਕਾਰਿਆਂ ਦੀ ਗੂੰਜ ਨਾਲ ਕੰਧਾਂ ਵੀ ਗੂੰਜ ਰਹੀਆਂ ਸਨ।
ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਦੁਪਿਹਰ 1 ਵਜੇ ਸਜਾਇਆ ਗਿਆ, ਜੋ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ,ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਵਿੱਚ ਨਗਾਰਿਆਂ ਦੀ ਧੁੰਨ ਵਿੱਚ ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਸੰਪੂਰਨ ਹੋਇਆ।
ਇਸ ਮੌਕੇ ਸੱਜੇ ਵਿਸ਼ਾਲ ਦੀਵਾਨਾਂ ਤੋਂ ਪੰਥ ਦੇ ਪ੍ਰਸਿੱਧ ਢਾਡੀ ਮਿਲਖਾ ਸਿੰਘ ਤੇ ਸਾਥੀ ਆਂ ਨੇ ਸੰਗਤਾਂ ਨੂੰ ਖਾਲਸੇ ਦਾ ਗੌਰਵਮਈ ਇਤਿਹਾਸ ਸਰਵਣ ਕਰਵਾਇਆ। ਮਹਾਨ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਇਟਾਲੀਅਨ ਭਾਸ਼ਾ ਵਿੱਚ ਕਲਤੂਰਾ ਸਿੱਖ ਇਟਲੀ ਤੇ ਸਿੱਖੀ ਸੇਵਾ ਸੁਸਾਇਟੀ ਇਟਲੀ ਦੇ ਸਿੰਘਾਂ ਵੱਲੋਂ ਕਿਤਾਬਾਂ ਵੀ ਵੰਡੀਆਂ ਗਈਆਂ, ਜਦੋਂ ਕਿ ਨਗਰ ਕੀਰਤਨ ਦੀਆਂ ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਇਟਾਲੀਅਨ ਤੇ ਇੰਡੀਅਨ ਪਕਵਾਨਾਂ ਦੇ ਅਤੁੱਟ ਲੰਗਰ ਵਰਤੇ।
ਭਾਈ ਸੁਰਿੰਦਰਜੀਤ ਸਿੰਘ ਪੰਡੋਰੀ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੇਰੋ ਤੇ ਸਮੂਹ ਪ੍ਰਬੰਧਕ ਕਮੇਟੀ ਨੇ ਇਟਲੀ ਦੇ ਸਭ ਤੋਂ ਵੱਡੇ ਇਕੱਠ ਵਾਲੇ ਨਗਰ ਕੀਰਤਨ ਜੋ ਕਿ ਸ਼੍ਰੀ ਆਨੰਦਪੁਰ ਸਾਹਿਬ ਜੀ ਦੇ ਨਗਰ ਕੀਰਤਨਾਂ ਦਾ ਭੁਲੇਖਾ ਪਾ ਰਿਹਾ ਸੀ, ਵਿੱਚ ਹਾਜ਼ਰੀ ਲੁਆ ਰਹੀ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਦਾ ਧੰਨਵਾਦ ਕਰਦਿਆਂ ਮਹਾਨ ਸਿੱਖ ਧਰਮ ਦੀ ਬੁਲੰਦੀ ਦੇ ਕਾਰਜਾਂ ਵਿੱਚ ਮੋਹਰੀ ਹੋ ਤੁਰਨ ਲਈ ਪ੍ਰੇਰਿਆ।
ਇਸ ਵਿਸ਼ਾਲ ਕੀਰਤਨ ਮੌਕੇ ਹੈਲੀਕਾਪਰ ਦੁਆਰਾ ਫੁੱਲਾਂ ਦੀ ਵਰਖਾ ਵੀ ਅਲੌਕਿਕ ਨਜ਼ਾਰਾ ਪੇਸ਼ ਕਰ ਰਹੀ ਸੀ। ਗੁਰੂ ਦੀਆਂ ਲਾਡਲੀਆਂ ਫੌਜ਼ਾਂ ਗਤਕੇ ਦੇ ਸਿੰਘਾਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਗਤਕਾ ਅਕੈਡਮੀ ਬਰੇਸ਼ੀਆ ਵੱਲੋਂ ਆਪਣੀ ਕਲਾ ਦੇ ਹੈਰਤਅੰਗੇਜ਼ ਜੌਹਰ ਵੀ ਦਿਖਾਏ ਗਏ।ਸਮੂਹ ਸੇਵਾਦਾਰਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਸਿੱਖ ਧਰਮ ਦੇ ਮਹਾਂਕੁੰਭ ਮੌਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਰਵਿੰਦਰਜੀਤ ਸਿੰਘ ਬੁਲਜਾਨੋ ਨੇ ਸਿੱਖ ਸੰਗਤਾਂ ਨੂੰ ਖ਼ਾਲਸੇ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦੀਆਂ ਕਿਹਾ ਕਿ, ਇਹ ਨਗਰ ਕੀਰਤਨ ਇਟਲੀ ਦੀਆਂ ਸਿੱਖ ਸੰਗਤਾਂ ਦਾ ਵਿਸ਼ਾਲ ਇਕੱਠ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕਾਂ ਵਿੱਚ ਸਿੱਖ ਧਰਮ ਦੇ ਪੈਰੋਕਾਰਾਂ ਦੀ ਵਿਸ਼ੇਸ਼ ਤਸਵੀਰ ਬਣਾਉਂਦਾ ਹੈ, ਜਿਸ ਤੋ ਪ੍ਰਭਾਵਿਤ ਇਹ ਲੋਕ ਨਗਰ ਕੀਰਤਨਾਂ ਵਿੱਚ ਆਪ ਮੁਹਾਰੇ ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਦੀ ਸੰਗਤ ਵਿੱਚ ਆ ਜੁੜਦੇ ਹਨ।

Name Change / Cambio di Nome