in

ਗੁਰੂ ਰਵਿਦਾਸ ਜੀ ਦਾ ਆਗਮਨ ਪੁਰਬ ਕਤਾਨੀਆ ਵਿਖੇ ਧੂਮਧਾਮ ਨਾਲ ਮਨਾਇਆ

ਰੋਮ (ਇਟਲੀ) (ਕੈਂਥ) – ਧੁਰ ਕੀ ਬਾਣੀ ਨਾਲ ਧੰਨ ਸ਼੍ਰੀ ਗ੍ਰੰਥ ਸਾਹਿਬ ਜੀ ਵਿੱਚ ਬਰਾਬਰਤਾ ਤੇ ਸਾਂਝੀਵਾਲਤਾ ਦਾ ਉਪਦੇਸ਼ ਵਾਲੇ ਇਨਕਲਾਬੀ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ, ਜਿਹਨਾਂ ਦਾ 646ਵਾਂ ਆਗਮਨ ਪੁਰਬ ਦੁਨੀਆਂ ਦੇ ਕੋਨੇ-ਕੋਨੇ ਵਿੱਚ ਸੰਗਤਾਂ ਵੱਲੋਂ ਬਹੁਤ ਹੀ ਸ਼ਾਨੌ ਸ਼ੌਕਤ ਤੇ ਸ਼ਰਧਾਪੂਰਵਕ ਮਨਾਇਆ ਗਿਆ. ਯੂਰਪ ਦੀ ਧਰਤੀ ਉਪਰ ਸਤਿਗੁਰਾਂ ਦੇ ਮਿਸ਼ਨ ਦਾ ਹੋਕਾ ਦੇਣ ਵਾਲੀਆਂ ਸਮੂਹ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਵੱਲੋਂ ਕੰਮਾਂ ਦੇ ਰੁਝੇਵਿਆਂ ਕਾਰਨ ਇਹ ਮਹਾਨ ਤੇ ਪਵਿੱਤਰ ਦਿਹਾੜਾ ਅੱਜਕਲ੍ਹ ਮਨਾਇਆ ਜਾ ਰਿਹਾ ਹੈ. ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ਼੍ਰੀ ਗੁਰੂ ਰਵਿਦਾਸ ਸੁਸਾਇਟੀ ਕਤਾਨੀਆ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਆਰੰਭੇ ਸ੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਦੇ ਭੋਗ ਉਪਰੰਤ ਵਿਸ਼ਾਲ ਦੀਵਾਨ ਵਿੱਚ ਇਟਲੀ ਭਰ ਵਿੱਚ ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਨਾਲ ਸਤਿਗੁਰੂ ਦੇ ਮਿਸ਼ਨ ਦਾ ਝੰਡਾ ਬੁਲੰਦ ਕਰਨ ਵਾਲੇ ਮਿਸ਼ਨਰੀ ਗਾਇਕ ਸੋਢੀ ਮੱਲ ਨੇ ਆਪਣੀ ਗਾਇਕੀ ਰਾਹੀਂ ਗੁਰੂ ਜੀ ਦੇ ਜੀਵਨ ਸਬੰਧੀ ਚਾਨਣਾ ਪਾਇਆ।
ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਸੁਸਾਇਟੀ ਕਤਾਨੀਆ ਦੇ ਸੇਵਾਦਾਰ ਪ੍ਰਗਟ ਸਿੰਘ ਗੋਸਲ, ਸਤਪਾਲ, ਚਰਨਜੀਤ ਅਤੇ ਅਨਿਲ ਦਿੱਲੀ ਨੇ ਪੰਡਾਲ ਵਿੱਚ ਹਾਜ਼ਰੀਨ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ, ਸਤਿਗੁਰੂ ਰਵਿਦਾਸ ਮਹਾਰਾਜ ਦੇ ਸੁਪਨ ਸ਼ਹਿਰ ਬੇਗਮਪੁਰਾ ਸ਼ਹਿਰ ਕਾ ਨਾਉ ਨੂੰ ਪੂਰਾ ਕਰਨ ਲਈ ਮੋਹਰੇ ਹੋ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ। 7 ਸਮੁੰਦਰੋਂ ਪਾਰ ਸਾਨੂੰ ਆਪਣੇ ਰਹਿਬਰਾਂ ਦੇ ਆਗਮਨ ਪੁਰਬ ਤੇ ਹੋਰ ਦਿਵਸ ਧੂਮਧਾਮ ਨਾਲ ਮਨਾਉਣੇ ਚਾਹੀਦੇ ਹਨ। ਗੁਰਪੁਰਬ ਸਮਾਰੋਹ ‘ਚ ਦੂਰ ਦੁਰਾਡੇ ਚੱਲ ਕੇ ਆਈਆਂ ਸੰਗਤਾਂ ਦਾ ਗੁਰੂ ਘਰ ਦੀ ਕਮੇਟੀ ਵਲੋਂ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਗੁਰਦੁਆਰਾ ਸਿੰਘ ਸਭਾ ਕੋਰਤੇਨੌਵਾ ਵਿਖੇ ਮਨਾਇਆ ਗਿਆ ਹੋਲਾ ਮਹੱਲਾ ਦਿਵਸ

ਸਾਹਿਤ ਸੁਰ ਸੰਗਮ ਸਭਾ ਦੇ ਪ੍ਰਧਾਨ ਹੋਣਗੇ ਬਿੰਦਰ ਕੋਲੀਆਂਵਾਲ