in

ਫਰੈਜੇਨੇ, ਲਾਦੀਸਪੋਲੀ ਦੀਆਂ ਸੰਗਤਾਂ ਅਤੇ ਆਸ ਦੀ ਕਿਰਨ ਸੰਸਥਾ ਨੇ ਕੀਤੀ ਨਿਸ਼ਕਾਮ ਸੇਵਾ

ਰੋਮ (ਇਟਲੀ) 24 ਅਪ੍ਰੈਲ (ਗੁਰਸ਼ਰਨ ਸਿੰਘ ਸੋਨੀ) – ਜਿੱਥੇ ਇੱਕ ਪਾਸੇ ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਨਾਮ ਦੀ ਬਿਮਾਰੀ ਨੇ ਆਪਣਾ ਜਾਲ ਵਿਛਾਇਆ ਹੋਇਆ ਹੈ, ਉੱਥੇ ਇਟਲੀ ਵਿੱਚ ਕੱਲ ਦੇ ਅੰਕੜਿਆਂ ਦੇ ਅਨੁਸਾਰ ਇਟਲੀ ਦੇਸ਼ ਹੌਲੀ ਹੌਲੀ ਕੋਰੋਨਾ ਵਾਇਰਸ ‘ਤੇ ਕਾਬੂ ਪਾ ਰਿਹਾ ਹੈ। ਜ਼ੇਕਰ ਗੱਲ ਕਰੀਏ ਕੱਲ ਸ਼ਾਮ ਤੱਕ ਇਟਲੀ ਵਿੱਚ 18 3,957 ਕੇਸ ਦਰਜ ਕੀਤੇ ਗਏ ਹਨ, ਅਤੇ ਹੁਣ ਤੱਕ ਕੁੱਲ 24648 ਮੌਤਾਂ ਵੀ ਹੋ ਚੁੱਕੀਆਂ ਹਨ। ਪਿਛਲੇ ਕੁਝ ਦਿਨਾਂ ਤੋਂ ਇਟਲੀ ਵਿੱਚ ਕਾਫੀ ਹੱਦ ਤੱਕ ਨਤੀਜੇ ਵਧੀਆ ਆ ਰਹੇ ਹਨ, ਪਰ ਇਸ ਦੇ ਬਾਵਜੂਦ ਕੋਰੋਨਾ ਵਾਇਰਸ ਨੂੰ ਇਟਲੀ ਦੀ ਸਰਕਾਰ ਅਤੇ ਇਟਲੀ ਦੀਆਂ ਸਮੂਹ ਸਿਹਤ ਸੇਵਾਵਾਂ ਦੇ ਅਮਲਿਆ ਵੱਲੋਂ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਰਿਹਾ ਹੈ। ਇਟਲੀ ਦੀ ਸਰਕਾਰ ਇਸ ਕਠਿਨ ਸਮੇਂ ਵਿੱਚ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਇੱਥੇ ਦੇ ਨਾਗਰਿਕਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ, ਪਰ ਇਸ ਦੇ ਬਾਵਜੂਦ ਵੀ ਭਾਰਤੀ ਭਾਈਚਾਰਾ ਇਨਸਾਨੀਅਤ ਦੇ ਭਲੇ ਲਈ ਇਟਲੀ ਦੇ ਇਸ ਮਾੜੇ ਸਮੇਂ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਲੋੜਵੰਦਾਂ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਜਿਸ ਦੀ ਸ਼ਲਾਘਾ ਇਟਾਲੀਅਨ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਇਟਲੀ ਦੀ ਨਾਮੀ ਸੰਸਥਾ ਆਸ ਦੀ ਕਿਰਨ (ਰਜਿ:) ਜ਼ਰੂਰਤਮੰਦ ਲੋਕਾਂ ਤੱਕ ਪਹੁੰਚ ਕਰ ਕੇ ਉਨ੍ਹਾਂ ਨੂੰ ਖਾਣ ਪੀਣ ਦੀਆਂ ਵਸਤਾਂ ਦਾ ਪ੍ਰਬੰਧ ਕਰਕੇ ਪਹੁੰਚਾ ਰਹੇ ਹਨ। ਇਸੇ ਲੜ੍ਹੀ ਤਹਿਤ ਇਟਲੀ ਰੋਮ ਦੇ ਨਜ਼ਦੀਕ ਪੈਂਦੇ ਸ਼ਹਿਰ ਲਾਦੀਸਪੋਲੀ ਅਤੇ ਫਿਊਮੀਚੀਨੋ ਵਿੱਚ ਸਮੂਹ ਇਲਾਕੇ ਦੀਆਂ ਸੰਗਤਾਂ ਅਤੇ ਆਸ ਦੀ ਕਿਰਨ ਸੰਸਥਾ ਨਾਲ ਮਿਲ ਕੇ ਲੋੜਵੰਦਾਂ ਲਈ ਖਾਣ-ਪੀਣ ਦੀਆਂ ਵਸਤਾਂ ਖਰੀਦ ਕੇ ਫਰੈਜੇਨੇ ਕਮੂਨੇ ਦੀ ਫਿਊਮੀਚੀਨੋ ਅਤੇ ਲਾਦੀਸਪੋਲੀ ਸ਼ਹਿਰ ਦੇ ਸਿਵਲ ਵਿਭਾਗ ਨੂੰ ਦਾਨ ਵਜੋਂ ਭੇਟ ਕੀਤਾ ਗਿਆ ਹੈ। ਇਟਾਲੀਅਨ ਸਿਵਲ ਵਿਭਾਗ ਅਤੇ ਕਮੂਨੇ ਦੀ ਫਿਊਮੀਚੀਨੋ ਦੇ ਅਧਿਕਾਰੀਆਂ ਨੇ ਭਾਰਤੀ ਭਾਈਚਾਰੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ, ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤੀ ਲੋਕ ਪੂਰੀ ਇਟਲੀ ਭਰ ਵਿੱਚ ਸਾਡੇ ਨਾਲ ਇਸ ਦੁੱਖ ਦੀ ਘੜੀ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਲੋੜਵੰਦਾਂ ਦੀ ਸਹਾਇਤਾ ਕਰਦੇ ਆ ਰਹੇ ਹਨ। ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਅਸੀਂ ਹਮੇਸ਼ਾਂ ਭਾਰਤੀ ਭਾਈਚਾਰੇ ਦੇ ਲੋਕਾਂ ਦੇ ਰਿਣੀ ਰਹਾਂਗੇ।

ਇਟਲੀ ਵਿੱਚ ਕੋਰੋਨਾ ਵਾਇਰਸ ਨਾਲ ਹੋਈ ਇਕ ਹੋਰ ਪੰਜਾਬੀ ਦੀ ਮੌਤ

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਟਲੀ ਦੇ ਰਾਜਦੂਤ ਨਾਲ ਕੀਤੀ ਗੱਲਬਾਤ