in

ਇਟਲੀ ਵਿੱਚ ਨਗਰ ਕੌਂਸਲ ਕੰਪੋਸਨਦੋ ਦੀ ਚੋਣ ਜਿੱਤ, ਥਿੰਦ ਬਣੇ ਸਲਾਹਕਾਰ

ਬਾਬਾ ਸਾਹਿਬ ਅੰਬੇਡਕਰ ਸਾਹਿਬ ਦੇ ਮਿਸ਼ਨ ਤੋਂ ਪ੍ਰਭਾਵਿਤ ਹੈ ਥਿੰਦ

ਰੋਮ (ਇਟਲੀ) (ਦਲਵੀਰ ਕੈਂਥ, ਟੇਕ ਚੰਦ) – ਪਿਛਲੇ ਕਈ ਮਹੀਨਿਆਂ ਤੋਂ ਇਟਲੀ ਦੀ ਸਿਆਸਤ ਵਿੱਚ ਨਗਰ ਕੌਂਸਲ ਜਾਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਗਰਮਾਇਆ ਮਾਹੌਲ ਹੁਣ ਚੋਣ ਨਤੀਜੀਆਂ ਤੋਂ ਬਆਦ ਸ਼ਾਂਤ ਹੋ ਗਿਆ ਹੈ। ਇਨਾਂ ਚੋਣਾਂ ਵਿੱਚ ਇਟਲੀ ਦੀਆਂ ਸਿਆਸੀ ਪਾਰਟੀਆਂ ਨੇ ਆਪਣੀ ਜਿੱਤ ਨੂੰ ਪੱਕਾ ਕਰਨ ਲਈ ਜਿਹਨਾਂ ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ, ਉਹਨਾਂ ਵਿੱਚੋਂ ਜਿਲ੍ਹਾ ਮੋਦੇਨਾ ਅਧੀਨ ਆਉਂਦੇ ਕੰਪੋਸਨਦੋ ਵਿਖੇ ਇਟਲੀ ਦੀ ਰਾਸ਼ਟਰੀ ਪਾਰਟੀ ਪੀ ਡੀ ਚੈਂਤਰੋ ਸਨੀਸਤਰਾ ਨੇ ਸਿੰਦਾਕੋ ਮੋਨਜਾ ਯਾਨੀਬੋਨੀ ਲਈ ਅਮਰਜੀਤ ਕੁਮਾਰ ਥਿੰਦ ਨੂੰ ਜ਼ਿਲ੍ਹਾ ਮੋਦੇਨਾ ਦੇ ਸ਼ਹਿਰ ਦੇ ਕਮੂਨੇ ਦੀ ਕੰਪੋਸਨਦੋ ਲਈ ਸਲਾਹਕਾਰ ਵਜੋਂ ਆਪਣਾ ਉਮੀਦਵਾਰ ਐਲਾਨਿਆ ਸੀ, ਜਿਹੜੇ ਕਿ ਇਹ ਮੁਕਾਬਲਾ ਜਿੱਤ ਗਏ ਹਨ। ਅਮਰਜੀਤ ਕੁਮਾਰ ਥਿੰਦ ਦੀ ਇਸ ਜਿੱਤ ਨੇ ਪੂਰੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਬਣਾ ਦਿੱਤਾ ਹੈ।
ਪ੍ਰੈੱਸ ਨਾਲ ਅਮਰਜੀਤ ਕੁਮਾਰ ਥਿੰਦ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ, ਇਲਾਕੇ ਦੇ ਜਿਨ੍ਹਾਂ ਭਾਰਤੀਆਂ ਨੇ ਪਿਆਰ ਸਤਿਕਾਰ ਦਿੱਤਾ, ਉਸ ਲਈ ਉਹ ਸਦਾ ਭਾਈਚਾਰੇ ਦੇ ਰਿਣੀ ਰਹਿਣਗੇ ਤੇ ਉਹਨਾਂ ਦੀ ਇਸ ਜਿੱਤ ਦਾ ਸਿਹਰਾ ਭਾਰਤੀ ਭਾਈਚਾਰੇ ਦੇ ਸਿਰ ਬੰਨਿਆ ਹੈ। ਥਿੰਦ ਨੇ ਆਪਣੀ ਪਾਰਟੀ ਦਾ ਵੀ ਉਚੇਚਾ ਧੰਨਵਾਦ ਕੀਤਾ ਜਿਸ ਨੇ ਉਨ੍ਹਾਂ ਉੱਪਰ ਭਰੋਸਾ ਕਰਦਿਆਂ ਇਹ ਜਿੰਮੇਵਾਰੀ ਸੌਪੀ।
ਦੁਆਬੇ ਦੇ ਪ੍ਰਸਿੱਧ ਪਿੰਡ ਸੂੰਢ (ਸ਼ਹੀਦ ਭਗਤ ਸਿੰਘ ਨਗਰ) ਦੇ ਦੇਵ ਰਾਜ ਥਿੰਦ ਅਤੇ ਮਹਿੰਦਰ ਕੌਰ ਥਿੰਦ ਦਾ ਲਾਡਲਾ ਭੁਝੰਗੀ ਅਮਰਜੀਤ ਕੁਮਾਰ ਥਿੰਦ ਸੰਨ 1995 ਵਿੱਚ ਇਟਲੀ ਆਇਆ ਤੇ ਉਦੋਂ ਤੋਂ ਹੁਣ ਤੱਕ ਉਸ ਨੇ ਕਦੀਂ ਵੀ ਪਿੱਛੇ ਮੁੜ ਨਹੀਂ ਦੇਖਿਆ। ਬਾਬਾ ਸਾਹਿਬ ਅੰਬੇਡਕਰ ਦੇ ਮਿਸ਼ਨ ਤੋਂ ਪ੍ਰਭਾਵਿਤ ਅਮਰਜੀਤ ਕੁਮਾਰ ਥਿੰਦ, ਜਿਸ ਨੇ ਕਦੀ ਇਹ ਸੁਪਨਾ ਦੇਖਿਆ ਸੀ ਕਿ ਉਹ ਇਟਲੀ ਵਿੱਚ ਰੈਣ ਬਸੇਰਾ ਕਰਦੇ ਭਾਰਤੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਇੱਕ ਦਿਨ ਸਿਆਸਤ ਵਿੱਚ ਜ਼ਰੂਰ ਆਉਣਗੇ ਤੇ ਅੱਜ ਥਿੰਦ ਦੀ ਇਸ ਸੋਚ ਨੂੰ ਬੂਰ ਪੈ ਗਿਆ ਹੈ। ਨਗਰ ਕੌਂਸਲ ਕੰਪੋਸਨਦੋ (ਮੋਦਨਾ) ਇਲਾਕੇ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਹੁਣ ਅਮਰਜੀਤ ਕੁਮਾਰ ਥਿੰਦ ਤੋਂ ਡੂੰਘੀਆਂ ਆਸਾਂ ਹਨ ਕਿ ਉਹ ਲੋਕਾਂ ਨੂੰ ਪੇਸ਼ ਆਉਂਦੀਆਂ ਪੇਚੀਦਾ ਸਮੱਸਿਆਵਾਂ ਦਾ ਪਹਿਲ ਦੇ ਅਧਾਰ ‘ਤੇ ਹੱਲ ਕਰਵਾਉਣ ਲਈ ਸੰਜੀਦਾ ਹੋ ਜਿੰਮੇਵਾਰੀ ਨਿਭਾਉਣਗੇ।

ਮਾਨਤੋਵਾ ਵਿਖੇ ਕਬੱਡੀ ਕੱਪ 28 ਮਈ ਨੂੰ

ਐਮਿਲਿਆ ਰੋਮਾਨਾ ਵਿੱਚ ਹੜ੍ਹ, ਪੰਜ ਲੋਕਾਂ ਦੀ ਮੌਤ