in

ਬੋਕੋ ਹਰਾਮ ਨੇ ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ

ਉੱਤਰੀ ਨਾਈਜੀਰੀਆ ਵਿੱਚ ਅੱਤਵਾਦੀ ਸੰਗਠਨ ਬੋਕੋ ਹਰਾਮ ਨੇ ਬਹੁਤ ਸਾਰੇ ਨਿਰਦੋਸ਼ ਲੋਕਾਂ ਦੀ ਹੱਤਿਆ ਕੀਤੀ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਅਗ਼ਵਾ ਕਰ ਲਿਆ। ਸੰਯੁਕਤ ਰਾਸ਼ਟਰ ਨੇ ਇਹ ਜਾਣਕਾਰੀ 24 ਦਸੰਬਰ ਨੂੰ ਦਿੱਤੀ।
ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਤਲ ਅਤੇ ਅਗ਼ਵਾ ਦੀਆਂ ਘਟਨਾਵਾਂ ਸੋਮਵਾਰ (23 ਦਸੰਬਰ) ਨੂੰ ਯੋਮੋ ਅਤੇ ਬੋਰਨੋ ਸੂਬਿਆਂ ਨੂੰ ਜੋੜਨ ਵਾਲੇ ਦਮਾਤੂਰੂ-ਬੀਯੂ ਰਸਤੇ ‘ਤੇ ਵਾਪਰੀਆਂ ਸਨ। ਉਨ੍ਹਾਂ ਨੇ ਇਸ ਸਬੰਧ ਵਿੱਚ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ।
ਸੰਯੁਕਤ ਰਾਸ਼ਟਰ ਅਤੇ ਮਨੁੱਖਤਾਵਾਦੀ ਮੁਹਿੰਮਾਂ ਵਿੱਚ ਉਸ ਦੇ ਸਹਿਯੋਗੀਆਂ ਨੇ ਹਿੰਸਾ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ ਅਤੇ ਨਾਈਜੀਰੀਆ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਰੋਕਣ ਅਤੇ ਆਮ ਨਾਗਰਿਕਾਂ ਦੀ ਰੱਖਿਆ ਲਈ ਹਰ ਸੰਭਵ ਕਦਮ ਚੁੱਕਣ। ਬੋਕੋ ਹਰਾਮ ਦੀ ਸ਼ੁਰੂਆਤ ਇੱਕ ਦਹਾਕੇ ਪਹਿਲਾਂ ਬੋਰਨੋ ਤੋਂ ਹੋਈ ਸੀ ਅਤੇ ਬੋਕੋ ਹਰਾਮ ਨੇ ਇਥੇ ਸਭ ਤੋਂ ਜਾਨਲੇਵਾ ਹਮਲੇ ਕੀਤੇ ਹਨ।
ਦੁਜਾਰਿਕ ਨੇ ਕਿਹਾ ਕਿ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਸੰਘਰਸ਼ ਵਿੱਚ 36,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਅੱਧੇ ਆਮ ਨਾਗਰਿਕ ਸਨ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟਾਰੇਸ ਨੇ ਆਮ ਨਾਗਰਿਕਾਂ ਦੀ ਹੱਤਿਆ ਅਤੇ ਅਗ਼ਵਾ ਕਰਨ ‘ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ।
ਇਸ ਦੇ ਨਾਲ ਹੀ ਦੋਸ਼ੀਆਂ ਨੂੰ ਨਿਆਂ ਦਿਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਮੁਖੀ ਨੇ ਪੀੜਤਾਂ ਨਾਲ ਸੋਗ ਪ੍ਰਗਟ ਕੀਤਾ ਅਤੇ ਨਾਈਜੀਰੀਆ ਦੀ ਜਨਤਾ ਅਤੇ ਸਰਕਾਰ ਨਾਲ ਏਕਤਾ ਵਿੱਚ ਖੜੇ ਹੋਣ ਦੀ ਵਚਨਬੱਧਤਾ ਜ਼ਾਹਰ ਕੀਤੀ।

ਤੂਫ਼ਾਨ ‘ਫਨਫੋਨ’ ਨੇ ਫਿਲਪੀਨ ‘ਚ ਮਚਾਈ ਤਬਾਹੀ

ਮਹਿਲਾਵਾਂ ਦੀ ਤੰਦਰੁਸਤੀ ਲਈ ਫਿਟਨਸ ਪਲਾਨ