ਰਾਜ ਸਭਾ ’ਚ ਨਾਗਰਿਕਤਾ ਸੋਧ ਬਿਲ ਪੇਸ਼ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਉਹ ਇੱਕ ਇਤਿਹਾਸਕ ਬਿਲ ਲੈ ਕੇ ਸਦਨ ’ਚ ਪੁੱਜੇ ਹਨ। ਇਸ ਦੀਆਂ ਵਿਵਸਥਾਵਾਂ ਵਿੱਚ ਲੱਖਾਂ–ਕਰੋੜਾਂ ਲੋਕ ਜੋ ਨਰਕ ਜਿਹਾ ਕਸ਼ਟ ਭਰਿਆ ਜੀਵਨ ਜਿਉਂ ਰਹੇ ਹਨ, ਉਨ੍ਹਾਂ ਨੂੰ ਨਵੀਂ ਆਸ ਵਿਖਾਉਣ ਦਾ ਇਹ ਬਿਲ ਹੈ।
ਸ੍ਰੀ ਸ਼ਾਹ ਨੇ ਕਿਹਾ ਕਿ ਉਹ ਵਿਰੋਧੀ ਧਿਰ ਦੇ ਸਾਰੇ ਮੈਂਬਰਾਂ ਨੂੰ ਇਹ ਚੁਣੌਤੀ ਦਿੰਦੇ ਹਨ ਕਿ ਜਦੋਂ ਤੁਹਾਨੂੰ ਬੋਲਣ ਦਾ ਮੌਕਾ ਮਿਲੇਗਾ, ਤਾਂ ਤੁਸੀਂ ਪ੍ਰਸ਼ਨ ਪੁੱਛੋ। ਮੈਂ ਤੁਹਾਡੇ ਹਰੇਕ ਪ੍ਰਸ਼ਨ ਦਾ ਉੱਤਰ ਦੇਵਾਂਗਾ; ਬਸ਼ਰਤੇ ਤੁਸੀਂ ਇੱਥੇ ਬੈਠੇ ਰਹੋ, ਉੱਠ ਕੇ ਬਾਹਰ ਨਾ ਜਾਓਂ। ਉਨ੍ਹਾਂ ਕਿਹਾ ਕਿ ਭਾਰਤ ਦੇ ਮੁਸਲਮਾਨ ਭਾਰਤੀ ਨਾਗਰਿਕ ਹਨ ਤੇ ਇੰਝ ਹੀ ਬਣੇ ਰਹਿਣਗੇ।
ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਾਕਿਸਤਾਨ, ਬੰਗਲਾਦੇਸ਼ ਤੇ ਅਫ਼ਗ਼ਾਨਿਸਤਾਨ ਦੇ ਗ਼ੈਰ–ਮੁਸਲਿਮ ਪ੍ਰਵਾਸੀਆਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕਰਨ ਦੀ ਵਿਵਸਥਾ ਵਾਲੇ ਇਸ ਬਿਲ ਨੂੰ ਪੇਸ਼ ਕਰਦਿਆਂ ਉੱਪਰਲੇ ਸਦਨ ਭਾਵ ਰਾਜ ਸਭਾ ’ਚ ਗ੍ਰਹਿ ਮੰਤਰੀ ਨੇ ਕਿਹਾ ਕਿ ਇਨ੍ਹਾਂ ਤਿੰਨ ਦੇਸ਼ਾਂ ਵਿੱਚ ਘੱਟ–ਗਿਣਤੀਆਂ ਕੋਲ ਸਮਾਨ ਅਧਿਕਾਰ ਨਹੀਂ ਹਨ।
ਸ੍ਰੀ ਸ਼ਾਹ ਨੇ ਅੱਗੇ ਕਿਹਾ ਕਿ ਇਹ ਬਿਲ ਉਨ੍ਹਾਂ ਲੋਕਾਂ ਲਈ ਹੈ, ਜਿਹੜੇ ਸਿਰਫ਼ ਧਰਮ ਦੇ ਆਧਾਰ ’ਤੇ ਤਸ਼ੱਦਦ ਝੱਲ ਕੇ ਭਾਰਤ ਆਏ ਹਨ। ਕੁਝ ਵਿਸ਼ੇਸ਼ ਛੋਟ ਵੀ ਇਸ ਨਿਸ਼ਚਤ ਵਰਗ ਲਈ ਅਸੀਂ ਸੋਚੀ ਹੈ। ਨਾਲ ਹੀ ਉੱਤਰ–ਪੂਰਬੀ ਰਾਜਾਂ ਦੇ ਅਧਿਕਾਰਾਂ, ਉਨ੍ਹਾਂ ਦੀ ਭਾਸ਼ਾ, ਸਭਿਆਚਾਰ ਤੇ ਉਨ੍ਹਾਂ ਦੀ ਸਮਾਜਕ ਪਛਾਣ ਨੂੰ ਸੁਰੱਖਿਅਤ ਬਣਾਉਣ ਲਈ ਵੀ ਅਸੀਂ ਵਿਵਸਥਾ ਲੈ ਕੇ ਆਏ ਹਾਂ।
ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਿਹੜੇ ਲੋਕ ਆਖ ਰਹੇ ਹਨ ਕਿ ਅਸੀਂ ਵੋਟ ਬੈਂਕ ਦੀ ਸਿਆਸਤ ਕਰ ਰਹੇ ਹਾਂ, ਮੈਂ ਉਨ੍ਹਾਂ ਸਾਰੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਚੋਣਾਂ ਤੋਂ ਪਹਿਲਾਂ ਹੀ ਇਹ ਇਰਾਦਾ ਦੇਸ਼ ਸਾਹਵੇਂ ਰੱਖਿਆ ਸੀ। ਦੇਸ਼ ਦੀ ਜਨਤਾ ਨੇ ਉਸ ਦੀ ਹਮਾਇਤ ਕੀਤੀ ਹੈ। ਇਸ ਬਿਲ ਵਿੱਚ ਤਿੰਨੇ ਗੁਆਂਢੀ ਦੇਸ਼ਾਂ ਦੀਆਂ ਧਾਰਮਿਕ ਘੱਟ–ਗਿਣਤੀਆਂ ਨੂੰ ਸੁਰੱਖਿਆ ਦੇ ਕੇ ਉਨ੍ਹਾਂ ਨੂੰ ਨਾਗਰਿਕ ਬਣਾਉਣ ਦੀ ਪ੍ਰਕਿਰਿਆ ਦੀ ਸੋਧ ਲੈ ਕੇ ਆਏ ਹਨ। ਨਾਲ ਹੀ ਉੱਤਰ–ਪੂਰਬੀ ਰਾਜਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਲਈ ਵੀ ਅਸੀਂ ਵਿਵਸਥਾ ਲੈ ਕੇ ਆਏ ਹਾਂ।
ਦੇਸ਼ ਦੀ ਵੰਡ ਤੋਂ ਬਾਅਦ ਸਾਡੀ ਕਲਪਨਾ ਸੀ ਕਿ ਜਿਹੜੇ ਨਾਗਰਿਕ ਇੱਥੇ ਘੱਟ–ਗਿਣਤੀ ਰਹਿੰਦੇ ਹਨ ਤੇ ਜੋ ਗੁਆਂਢੀ ਦੇਸ਼ ਵਿੱਚ ਘੱਟ–ਗਿਣਤੀ ਹਨ, ਉਹ ਸਤਿਕਾਰ ਨਾਲ ਆਪਣਾ ਜੀਵਨ ਜਿਉਂ ਸਕਣਗੇ, ਆਪਣੇ ਧਰਮ ਦੀ ਪਾਲਣਾ ਸਤਿਕਾਰ ਨਾਲ ਕਰ ਸਕਣਗੇ।
ਭਾਰਤੀ ਮੁਸਲਿਮ ਸਦਾ ਭਾਰਤੀ ਰਹਿਣਗੇ: ਅਮਿਤ ਸ਼ਾਹ
0
SHARES