in

ਮਾਗਦੀ ਦੀ ਕਿਤਾਬ “Un Miracolo Per L’Italia” ਦਾ ਘੁੰਡ ਚੁਕਾਈ ਸਮਾਰੋਹ ‘ਇਟਾਲੀਅਨ ਇੰਡੀਅਨ ਪ੍ਰੈਸ ਕਲੱਬ’ ਦੇ ਸਹਿਯੋਗ ਨਾਲ ਹੋਇਆ

ਬਰੇਸ਼ੀਆ (ਇਟਲੀ) (ਦਲਵੀਰ ਕੈਂਥ) – ਬੀਤੇ ਦਿਨੀਂ ਮਾਗਦੀ ਕ੍ਰਿਸਤੀਆਨੋ ਆਲਮ ਵੱਲੋਂ ਲਿਖੀ ਕਿਤਾਬ “Un Miracolo Per L’Italia” ਦਾ ਘੁੰਡ ਚੁਕਾਈ ਅਤੇ ਸਨਮਾਨ ਸਮਾਰੋਹ ‘ਦੈਮੋਕਰਾਸੀਆ ਕ੍ਰਿਸਤੀਆਨਾ ਸਤੋਰੀਕਾ, ਇਟਾਲੀਅਨ ਇੰਡੀਅਨ ਪ੍ਰੈਸ ਕਲੱਬ ਅਤੇ ਬਰੇਸ਼ੀਆ ਕਮੂਨੇ’ ਦੇ ਸਹਿਯੋਗ ਨਾਲ ਓਦੋਲੋ ਵਿਖੇ ਕਰਵਾਇਆ ਗਿਆ। ਕਿਤਾਬ ਦੇ ਲੇਖਕ ਮਾਗਦੀ ਇਟਲੀ ਵਿੱਚ ਪ੍ਰਮੁੱਖ ਲਿਖਾਰੀ ਅਤੇ ਪੱਤਰਕਾਰ ਹੋਣ ਦੇ ਨਾਲ ਨਾਲ ਯੂਰਪ ਯੂਨੀਅਨ ਦੇ ਮੈਂਬਰ ਵੀ ਰਹਿ ਚੁੱਕੇ ਹਨ। ਇਸ ਕਿਤਾਬ ਵਿੱਚ ਉਹਨਾਂ ਨੇ ਇਸਲਾਮ ਦੇ ਅਸਲ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਇਟਲੀ ਵਿੱਚ ਪ੍ਰਵਾਸ ਬਾਰੇ ਮਹੱਤਵਪੂਰਨ ਖੁਲਾਸੇ ਕੀਤੇ ਹਨ ਕਿ ਪ੍ਰਵਾਸ ਇਟਲੀ ਲਈ ਕਿਵੇਂ ਲਾਭਦਾਇਕ ਹੈ। ਇਸ ਤੋਂ ਇਲਾਵਾ ਬੱਚਿਆਂ ਅਤੇ ਔਰਤਾਂ ਦੇ ਹੱਕਾਂ ਦੀ ਗੱਲ ਵੀ ਇਸ ਕਿਤਾਬ ਵਿੱਚ ਜੋਰਦਾਰ ਤਰੀਕੇ ਨਾਲ ਕੀਤੀ ਗਈ ਹੈ। ਇਟਲੀ ਸਰਕਾਰ ਅਤੇ ਯੂਰਪ ਯੂਨੀਅਨ ਵੱਲੋਂ ਕਾਨੂੰਨ ਬਣਾਉਂਦੇ ਸਮੇਂ ਕੀਤੀਆਂ ਜਾਂਦੀਆਂ ਗਲਤੀਆਂ ਨੂੰ ਵੀ ਉਹਨਾਂ ਨੇ ਕਰੜੇ ਹੱਥੀਂ ਲਿਆ ਹੈ। ਇਟਲੀ ਦੇ ਬੀਤੇ ਸਮੇਂ ਅਤੇ ਭਵਿੱਖ ਬਾਰੇ ਵੀ ਇਸ ਕਿਤਾਬ ਵਿੱਚ ਜਾਣਕਾਰੀ ਦਿੱਤੀ ਹੈ।
ਮਾਣਯੋਗ ਓਸਕਰ ਲਾਨਚਿਨੀ ਪਾਰਲਾਮੈਨਤਾਰੀਓ ਏਰੋਪੈਓ ਨੇ ਜਿੱਥੇ ਕਿਤਾਬ ਅਤੇ ਉਸਦੇ ਲੇਖਕ ਦੀ ਅਜਿਹੀ ਕਿਤਾਬ ਦੀ ਰਚਨਾ ਕਰਨ ਲਈ ਸਰਾਹਨਾ ਕੀਤੀ, ਉਥੇ ਹੀ ਉਹਨਾਂ ਨੇ ਇਟਲੀ ਦੀ ਸਿੱਖਿਆ ਪ੍ਰਣਾਲੀ ‘ਤੇ ਵੀ ਸਵਾਲ ਚੁੱਕੇ ਜਿਵੇਂ ਕਿ ਸਕੂਲਾਂ ਦੇ ਵਿੱਚ ਡਾਕਟਰ ਇੰਜੀਨੀਅਰ ਅਤੇ ਵਕੀਲ ਬਣਨ ਦੀ ਪੜ੍ਹਾਈ ਤੇ ਜਿਆਦਾ ਜੋਰ ਦਿੱਤਾ ਜਾ ਰਿਹਾ ਹੈ, ਜਦੋਂਕਿ ਸਾਨੂੰ ਤਕਨੀਕੀ ਸਿੱਖਿਆ ‘ਤੇ ਜਿਆਦਾ ਜੋਰ ਦੇਣ ਦੀ ਜਰੂਰਤ ਹੈ ਅਤੇ ਤਕਨੀਕੀ ਖੇਤਰ ਵਿੱਚ ਵੱਧ ਤੋਂ ਵੱਧ ਨਵੀਆਂ ਖੋਜਾਂ ਕਰਨ ਦੀ ਜ਼ਰੂਰਤ ਹੈ। ਜਿਸ ਨਾਲ ਕੰਮ ਦੇ ਨਵੇਂ ਮੌਕੇ ਮਿਲਦੇ ਹਨ। ਉਹਨਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਨੌਜਵਾਨਾਂ ਨੂੰ ਨਾਲ ਤੋਰਨ ਦੀ ਬਹੁਤ ਲੋੜ ਹੈ ਅਤੇ ਮਿਸਾਲ ਦੇ ਤੌਰ ‘ਤੇ ਦੱਸਿਆ ਕਿ ਬੀਤੇ ਸਮੇਂ ਬਰੇਸ਼ੀਆ ਕਮੂਨੇ ਦੀਆਂ ਹੋਈਆਂ ਵੋਟਾਂ ਵਿੱਚ ਨੌਜਵਾਨਾ ਦੀ ਸ਼ਿਰਕਤ ਬਹੁਤ ਹੀ ਘੱਟ ਰਹੀ ਹੈ। ਨੌਜਵਾਨ ਚਿਹਰੇ ਰਾਜਨੀਤੀ ਵਿੱਚ ਆਉਣਾ ਪਸੰਦ ਨਹੀਂ ਕਰ ਰਹੇ ਹਨ, ਕਿਉਂਕਿ ਰਾਜਨੀਤਕਾਂ ਨੇ ਰਾਜਨੀਤੀ ਦੇ ਚਿਹਰੇ ਨੂੰ ਏਨਾ ਗੰਧਲਾ ਕਰ ਦਿੱਤਾ ਹੈ ਕਿ ਨੌਜਵਾਨ ਨਾਂ ਇਸਨੂੰ ਕਿੱਤੇ ਵਜੋਂ ਚੁਣਨਾ ਚਾਹੁੰਦੇ ਹਨ ਅਤੇ ਨਾਂ ਹੀ ਸੇਵਾ ਵੱਜੋਂ।
ਇਟਾਲੀਅਨ ਇੰਡੀਅਨ ਪ੍ਰੈਸ ਕਲੱਬ ਵੱਲੋਂ ਪ੍ਰਵਾਸ ਦੇ ਮੁੱਦੇ ‘ਤੇ ਬੋਲਦਿਆਂ ਸ: ਹਰਬਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ, ਪ੍ਰਵਾਸ ਇਕ ਦੇਸ਼ ਦਾ ਮੁੱਦਾ ਨਹੀਂ ਹੈ, ਪ੍ਰਵਾਸ ਇਕ ਗਲੋਬਲ ਮੁੱਦਾ ਹੈ ਅਤੇ ਪ੍ਰਵਾਸੀ ਲੋਕ ਕਿਸੇ ਵੀ ਦੇਸ਼ ਦੀ ਆਰਥਿਕਤਾ ਨੂੰ ਚਲਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ। ਸਾਨੂੰ ਜ਼ਰੂਰਤ ਹੈ ਪ੍ਰਵਾਸੀਆਂ ਨਾਲ-ਮਿਲ ਕੇ ਕੁਝ ਚੀਜ਼ਾਂ ਸਿਖਣ ਅਤੇ ਸਿਖਾਉਣ ਦੀ, ਕਿਉਂਕਿ ਵਿਚਾਰ-ਵਟਾਂਦਰੇ ਰਾਹੀਂ ਹੀ ਨਵੇਂ ਕੰਮ ਵਿਕਸਿਤ ਹੁੰਦੇ ਹਨ। ਧਰਮ ਬਾਰੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ, ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਉਸਦਾ ਧਰਮ ਸਿਰਫ ਇਨਸਾਨੀਅਤ ਹੁੰਦਾ ਹੈ ਅਤੇ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਆਪਣੇ ਮੁੱਖ ਨਿਸ਼ਾਨੇ ਵੱਲ ਵਧਣ ਲਈ ਜੋ ਵੱਖ-ਵੱਖ ਰਸਤੇ ਹਨ, ਉਨਾਂ ਨੂੰ ਹੀ ਵੱਖ-ਵੱਖ ਧਰਮ ਕਿਹਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਇਸ ਸਮਾਰੋਹ ਵਿੱਚ ਇਟਾਲੀਅਨ ਮੁੱਖ ਟੀ.ਵੀ ਚੈਨਲ ਅਤੇ ਅਖਬਾਰਾਂ ਦੇ ਪੱਤਰਕਾਰ ਵੀ ਹਾਜ਼ਰ ਸਨ। ਜਿਹਨਾਂ ਨੇ ਕਿਤਾਬ ਦੇ ਲੇਖਕ ਤੋਂ ਵੱਖ-ਵੱਖ ਮੁਦਿਆਂ ‘ਤੇ ਸਵਾਲ ਕੀਤੇ। ਡੀ.ਸੀ.ਐਸ. ਪਾਰਟੀ ਦੇ ਨੈਸ਼ਨਲ ਸੈਕਟਰੀ ਫਰਾਂਕੋ ਫੇਰਾਰੀ ਨੇ ਸਭ ਮਹਿਮਾਨਾਂ, ਮੀਡੀਆ ਨਾਲ ਜੁੜੇ ਸਾਥੀਆਂ ਅਤੇ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਵੱਲੋਂ ਪ੍ਰੋਗਰਾਮ ਵਿੱਚ ਸਹਿਯੋਗ ਦੇਣ ਅਤੇ ਸ਼ਿਰਕਤ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ। ਪ੍ਰੋਗਰਾਮ ਤੋਂ ਬਾਅਦ ਰਾਤ ਦੇ ਖਾਣੇ ‘ਤੇ ਵੱਖ-ਵੱਖ ਮੇਅਰ, ਸਾਬਕਾ ਮੇਅਰ ਅਤੇ ਇਟਾਲੀਅਨ ਪੱਤਰਕਾਰ ਸਾਥੀਆਂ ਨਾਲ ਪ੍ਰੈੱਸ ਕਲੱਬ ਵੱਲੋਂ ਜਗਦੀਪ ਸਿੰਘ ਮੱਲ੍ਹੀ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਪੰਜਾਬੀ ਭਾਈਚਾਰੇ ਲਈ ਰੁਜ਼ਗਾਰ ਦੇ ਨਵੇਂ ਮੌਕੇ ਤਲਾਸ਼ਣ ਅਤੇ ਕੋਈ ਸਾਂਝੀ ਸੰਸਥਾ ਸਥਾਪਤ ਕਰਨ ਬਾਰੇ ਗੱਲਬਾਤ ਕੀਤੀ। ਉਮੀਦ ਹੈ ਭਵਿੱਖ ਵਿੱਚ ਇਸ ਗੱਲਬਾਤ ਦੇ ਸਾਰਥਕ ਸਿੱਟੇ ਨਿਕਲਣਗੇ।
ਪਹਾੜੀ ਦੀ ਚੋਟੀ ‘ਤੇ ਇੱਕ ਰਮਣੀਕ ਸਥਾਨ ‘ਤੇ ਰੱਖਿਆ ਗਿਆ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ। ਹੋਰਨਾਂ ਤੋਂ ਇਲਾਵਾ ਪ੍ਰੋਗਰਾਮ ਵਿੱਚ ਮੈਡਮ ਕਾਰਸੇਰੀ ਕਲਾਉਦੀਆ,ਮਿ: ਲੂਚੀ ਲੋਰੈਸੋ ਨੈਸ਼ਨਲ ਆਰਗੇਨਾਈਜ਼ਰ ਸੈਕਟਰੀ ਡੀ.ਸੀ.ਐਸ., ਰੋਬੈਰਤੋ ਪੀਚੋਲੀ ਸਾਬਕਾ ਮੇਅਰ,ਬਿਓਨੇ, ਲਿਓਨੀ ਫਰਾਂਕੋ, ਪ੍ਰੈੱਸ ਕਲੱਬ ਵੱਲੋਂ ਹਰਬਿੰਦਰ ਸਿੰਘ ਧਾਲੀਵਾਲ, ਜਗਦੀਪ ਸਿੰਘ ਮੱਲ੍ਹੀ, ਡੀ.ਸੀ.ਐਸ. ਪਾਰਟੀ ਦੇ ਪ੍ਰਧਾਨ, ਵਾਇਸ ਪ੍ਰਧਾਨ ਅਤੇ ਬਾਕੀ ਮੁੱਖ ਅਹੁਦੇਦਾਰ ਅਤੇ ਕਾਰਾਬਿਨੀਏਰੀ ਪੁਲਿਸ ਦੇ ਅਫਸਰ ਵੀ ਹਾਜ਼ਰ ਸਨ।

ਲਾਤੀਨਾ : ਨੌਜਵਾਨ ਰਾਕੇਸ਼ ਕੁਮਾਰ ਦੀ ਸੜਕ ਹਾਦਸੇ ਵਿੱਚ ਮੌਤ

ਲਵੀਨੀਓ : 26 ਨਵੰਬਰ ਨੂੰ ਮਨਾਇਆ ਜਾਵੇਗਾ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ