in

ਯੂਰਪ ਔਸਤ ਨਾਲ ਦੁੱਗਣਾ ਹੋ ਰਿਹਾ ਗਰਮ

ਸਾਲ 2022 ਵਿੱਚ ਗਈ 61000 ਲੋਕਾਂ ਦੀ ਜਾਨ

ਰੋਮ (ਇਟਲੀ) (ਦਲਵੀਰ ਕੈਂਥ, ਟੇਕ ਚੰਦ) – ਦੁਨੀਆਂ ਦੇ ਜਿਸ ਹਿੱਸੇ ਵਿੱਚ ਵੀ ਜੀਵਨ ਹੈ ਉਹ ਹਿੱਸਾ ਕਦੇ ਨਾ ਕਦੇ ਕੁਦਰਤੀ ਕਹਿਰ ਦਾ ਸ਼ਿਕਾਰ ਹੋ ਰਿਹਾ ਹੈ ਜਿਸ ਕਾਰਨ ਲੋਕਾਂ ਦਾ ਜਨਜੀਵਨ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋ ਰਿਹਾ ਹੈ. ਇਸ ਨੂੰ ਕੁਦਰਤ ਦੀ ਕਰੋਪੀ ਹੀ ਮੰਨਿਆ ਜਾ ਸਕਦਾ ਹੈ ਕਿ ਜੀਵਨ ਵਾਲੇ ਧਰਤੀ ਦੇ ਹਿੱਸੇ ਕਦੇ ਹੜ੍ਹਾਂ ਦੇ ਪਾਣੀ ਦੀ ਮਾਰ, ਕਦੇ ਸੋਕੇ ਦੀ ਮਾਰ ਤੇ ਕਦੀ ਕੁਦਰਤੀ ਅੱਗ ਨਾਲ ਹੋਈ ਤਬਾਹੀ ਨੂੰ ਝੱਲਣ ਲਈ ਬੇਵੱਸ ਹਨ।
ਪੂਰੀ ਦੁਨੀਆਂ ਵਿੱਚ ਬਦਲ ਰਿਹਾ ਜਲਵਾਯੂ ਲੋਕਾਂ ਲਈ ਜਾਨ ਦਾ ਖੋਅ ਬਣ ਰਿਹਾ ਹੈ। ਯੂਰਪ ਵੀ ਇਸ ਤਬਾਹੀ ਤੋਂ ਬਚ ਨਹੀਂ ਸਕਿਆ ਜਿਸ ਤਹਿਤ ਜੇਕਰ ਗੱਲ ਸਿਰਫ਼ ਪਿਛਲੀਆਂ ਗਰਮੀਆਂ ਦੀ ਹੀ ਕੀਤੀ ਜਾਵੇ ਤਾਂ ਸੰਨ 2022 ਦੌਰਾਨ ਸੂਰਜ ਦੀ ਤਪਸ ਭਾਵ ਤੇਜ ਲੂ, ਗਰਮੀ, ਗਰਮ ਹਵਾਵਾਂ ਯੂਰਪ ਭਰ ‘ਚ 61000 ਤੋਂ ਉੱਪਰ ਜਿੰਦਗੀਆਂ ਲਈ ਕਾਲ ਬਣੀਆਂ, ਜਦੋਂਕਿ ਯੂਰਪੀਅਨ ਦੇਸ਼ਾਂ ਵਿੱਚ ਸਭ ਤੋਂ ਵੱਧ ਇਟਲੀ ਦੇ 18000 ਤੋਂ ਵਧੇਰੇ ਲੋਕਾਂ ਦੀ ਮੌਤ ਸਿਰਫ਼ ਗਰਮੀ ਦੇ ਪ੍ਰਭਾਵ ਕਾਰਨ ਹੋਈ. ਇਸ ਗੱਲ ਦਾ ਖੁਲਾਸਾ ਬਾਰਸੀਲੋਨਾ ਇੰਸਟੀਚਿਊਟ ਫਾਰ ਗਲੋਬਲ ਹੈਲਥ ਅਤੇ ਫਰਾਂਸ ਦੀ ਸਿਹਤ ਖੋਜ ਸੰਸਥਾ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਐਂਡ ਮੈਡੀਕਲ ਰਿਸਰਚ ਦੀ ਜਾਂਚ ਨੇ ਕੀਤਾ। ਜਿਹੜਾ ਕਿ ਪ੍ਰਸਿੱਧ ਮੈਗਜ਼ੀਨ ਮੈਡੀਸਨ ਜਨਰਲ ਵਿੱਚ ਪ੍ਰਕਾਸ਼ਿਤ ਹੋਇਆ ਹੈ।
ਇਸ ਜਾਂਚ ਅਨੁਸਾਰ ਹੀ ਇਹ ਗੱਲ ਸਾਹਮ੍ਹਣੇ ਆਈ ਹੈ ਕਿ ਸੰਨ 2022 ਦੀ 30 ਮਈ ਤੋਂ 4 ਸਤੰਬਰ ਤੱਕ ਯੂਰਪ ਭਰ ਵਿੱਚ ਗਰਮੀ ਦੇ ਪ੍ਰਭਾਵ ਕਾਰਨ 61, 672 ਲੋਕਾਂ ਦੀ ਮੌਤ ਹੋਈ।ਅਧਿਐਨ ਦੇ ਅਨੁਸਾਰ ਸਿਰਫ਼ 18-24 ਜੁਲਾਈ ਸੰਨ 2022 ਦੇ ਦੌਰਾਨ ਹੀ 11, 600 ਤੋਂ ਵੱਧ ਮੌਤਾਂ ਸੂਰਜ ਦੀ ਤਪਸ਼ ਕਾਰਨ ਹੋਈਆਂ। ਇਟਲੀ ਵਿੱਚ ਜਿੱਥੇ ਗਰਮੀ ਨੇ 18000 ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ, ਉੱਥੇ ਸਪੇਨ ਵਿੱਚ 11,324 ਲੋਕਾਂ ਨੂੰ ਤੇ ਜਰਮਨ ਵਿੱਚ 8,173 ਲੋਕਾਂ ਨੂੰ ਗਰਮੀ ਦੇ ਤੇਜ ਪ੍ਰਭਾਵ ਕਾਰਨ ਜਾਨ ਤੋਂ ਹੱਥ ਧੋਣੇ ਪਏ। ਗਰਮੀ ਕਾਰਨ ਯੂਰਪ ਭਰ ਵਿੱਚ ਲੋਕਾਂ ਦਾ ਜਾਨੀ ਨੁਕਸਾਨ ਇਹ ਪਹਿਲਾ ਵਾਰ ਦਾ ਮੰਜਰ ਨਹੀਂ ਹੈ ਇਸ ਤੋਂ ਪਹਿਲਾਂ ਸੰਨ 2003 ਵਿੱਚ ਸੂਰਜ ਦੀ ਤਪਸ਼ 70,000 ਤੋਂ ਵੱਧ ਲੋਕਾਂ ਲਈ ਕਾਲ ਬਣੀ ਸੀ।
ਵਿਸ਼ਲੇਸ਼ਣ ਵਿੱਚ ਕਿਹਾ ਗਿਆ ਹੈ ਕਿ ਗਰਮੀ ਕਾਰਨ ਮਰਨ ਵਾਲੇ ਲੋਕਾਂ ਵਿੱਚ 80 ਸਾਲ ਤੋਂ ਵਧੇਰੇ ਉਮਰ ਦੇ ਲੋਕ ਉਹਨਾਂ ਵਿੱਚ ਵੀ 63% ਔਰਤਾਂ ਸ਼ਾਮਿਲ ਹਨ। ਜਲਵਾਯੂ ਦੇ ਬਦਲਾਵ ਕਾਰਨ ਯੂਰਪ ਔਸਤ ਨਾਲੋਂ ਦੁੱਗਣਾ ਗਰਮ ਹੋ ਰਿਹਾ ਹੈ ਜਿਸ ਪ੍ਰਤੀ ਸਭ ਨੂੰ ਸੰਜੀਦਾ ਹੋਣ ਦੀ ਸਖ਼ਤ ਲੋੜ ਹੈ. ਜੇਕਰ ਯੂਰਪ ਦੇ ਸ਼ੁਭਚਿੰਤਕਾਂ ਨੇ ਯੂਰਪ ਨੂੰ ਠੰਡਾ ਕਰਨ ਲਈ ਕੋਈ ਗੰਭੀਰਤਾ ਨਾ ਦਿਖਾਈ ਤਾਂ 2030 ਤੱਕ ਯੂਰਪ ਭਰ ਵਿੱਚ ਹਰ ਗਰਮੀਆਂ ਦੌਰਾਨ ਗਰਮੀ ਦੇ ਪ੍ਰਭਾਵ ਕਾਰਨ 68,000 ਤੋਂ ਵੱਧ ਲੋਕਾਂ ਲਈ ਹੋਣੀ ਕਾਲ ਬਣਨਾ ਸ਼ੁਰੂ ਕਰ ਦੇਵੇਗੀ। ਉਸ ਤੋਂ ਬਾਅਦ ਖੋਜਕਰਤਾਵਾਂ ਨੇ ਇਹ ਦਾਅਵਾ ਕੀਤਾ ਹੈ ਕਿ ਜੇ ਹਾਲਤ ਇਹੀ ਰਹੇ ਤਾਂ ਸੰਨ 2040 ਤੱਕ ਗਰਮੀ ਨਾਲ ਜੁੜੀਆਂ ਮੌਤਾਂ ਦੀ ਗਿਣਤੀ 94,000 ਤੇ 2050 ਤੱਕ ਗਰਮੀ ਨਾਲ ਜੁੜੀਆਂ ਮੌਤਾਂ ਦੀ ਗਿਣਤੀ 120,000 ਤੋਂ ਵੀ ਵੱਧ ਹੋ ਸਕਦੀ ਹੈ, ਜੋ ਕਿ ਮਨੁੱਖ ਲਈ ਵਿਨਾਸ਼ਕ ਕਾਰਵਾਈ ਹੋਵੇਗੀ। ਇਸ ਵਿਨਾਸ਼ ਤੋਂ ਵੱਧ ਲਈ ਦੁਨੀਆਂ ਭਰ ਦੇ ਜਲਵਾਯੂ ਮਾਹਿਰ ਲੋਕਾਂ ਨੂੰ ਜਾਗਰੂਕ ਕਰਨ ਲਈ ਦਿਨ-ਰਾਤ ਇੱਕ ਕਰ ਰਹੇ ਹਨ, ਪਰ ਅਫ਼ਸੋਸ ਆਮ ਲੋਕ ਹੁਣ ਤੱਕ ਇਸ ਜਾਗਰੂਕਤਾ ਮੁੰਹਿਮ ਵਿੱਚ ਅਵੇਸਲੇ ਹੀ ਦੇਖੇ ਜਾ ਰਹੇ ਹਨ।

Name Change / Cambio di Nome

ਐਬੋਲੀ : ਕੁਲਵਿੰਦਰ ਬਿੱਲਾ ਦਾ ਲਾਈਵ ਸ਼ੋਅ 13 ਅਗਸਤ ਨੂੰ