in

ਲਾਤੀਨਾ – ਘਰ ਨੂੰ ਲੱਗੀ ਅੱਗ ਨਾਲ ਝੁਲਸ ਕੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਦੂਜਾ ਜਖ਼ਮੀ

ਰੋਮ (ਇਟਲੀ) (ਕੈਂਥ) – ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਮੌਤ ਦਾ ਕੋਈ ਪਤਾ ਨਹੀਂ ਕਦੋਂ ਬੰਦੇ ਨੂੰ ਦਬੋਚ ਲਵੇ। ਅਜਿਹਾ ਦੀ ਦਿਲ ਕੰਬਾਊ ਹਾਦਸਾ ਇਟਲੀ ਦੇ ਜਿ਼ਲ੍ਹਾ ਲਾਤੀਨਾ ਸ਼ਹਿਰ ਸਨ ਫਲੀਚੇ ਦੇ ਖੇਤੀ ਇਲਾਕੇ ਵਿੱਚ ਉਂਦੋ ਦੇਖਣ ਨੂੰ ਮਿਲਿਆ ਜਦੋਂ ਦੋ ਪੰਜਾਬੀ ਨੌਜਵਾਨ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਨ ਉਪਰੰਤ ਘਰ ਆਕੇ ਰੋਟੀ ਬਣਾਉਣ ਲੱਗੇ ਤਾਂ ਉਹਨਾਂ ਦੇ ਘਰ ਵਿੱਚ ਠੰਡ ਤੋਂ ਬਚਣ ਲਈ ਕਮਰੇ ਨੂੰ ਨਿੱਘਾ ਕਰਨ ਲਈ ਲੱਗੇ ਹੀਟਰ ਨਾਲ ਕਮਰੇ ਨੂੰ ਅੱਗ ਲੱਗ ਗਈ, ਜਿਸ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਤੇ ਦੂਜੇ ਦੇ ਗੰਭੀਰ ਜਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਲੱਛਮਣ ਦਾਸ ਲਾਡੀ (40) ਵਾਸੀ ਲੱਧੇਵਾਲੀ (ਜਲੰਧਰ) ਜਿਹੜਾ ਕਿ ਕਰੀਬ 15-16 ਸਾਲ ਪਹਿਲਾਂ ਭਵਿੱਖ ਬਿਹਤਰ ਬਨਾਉਣ ਲਈ ਉਧਾਰੇ ਪੈਸੇ ਫੜ੍ਹ ਇਟਲੀ ਆਇਆ ਸੀ ਤੇ ਇਟਲੀ ਆਪਣੇ ਪਰਿਵਾਰ ਤੋਂ ਪੇਪਰ ਨਾ ਬਣਨ ਕਾਰਨ 14 ਸਾਲ ਦੂਰ ਰਿਹਾ। ਲੱਛਮਣ ਦਾਸ ਇਟਲੀ ਵਿੱਚ ਖੇਤੀ-ਬਾੜੀ ਦਾ ਕੰਮ ਕਰਦਾ ਸੀ ਤੇ ਆਪਣੇ ਕੰਮ ਦੇ ਇਟਾਲੀਅਨ ਮਾਲਕ ਦੇ ਘਰ ਦਾ ਬਾਹਰ ਇੱਕ ਕੰਮ ਚਲਾਊ ਚੱਕਵੇਂ ਕਮਰੇ ਵਿੱਚ ਜਿੰਦਗੀ ਦੇ ਦਰਦ ਹੰਢਾਅ ਰਿਹਾ ਸੀ। 18 ਮਾਰਚ ਦੀ ਸ਼ਾਮ 6 ਵਜੇ ਤੋਂ ਬਆਦ ਜਦੋਂ ਲੱਛਮਣ ਦਾਸ ਤੇ ਉਸ ਦਾ ਸਾਥੀ ਕੰਮ ਤੋਂ ਘਰ ਆਕੇ ਆਪਣੇ ਲਈ ਰੋਟੀ ਤਿਆਰ ਕਰਨ ਲੱਗੇ ਤੇ ਆਪਣੇ ਸੌਣ ਵਾਲੇ ਪਲਾਸਟਿਕ ਦੇ ਬਣੇ ਕਮਰੇ ਨੂੰ ਨਿੱਘਾ ਕਰਨ ਲਈ ਹੀਟਰ ਚਲਾ ਆਏ ਤੇ ਖੁਦ ਰਸੋਈ ਵਿੱਚ ਖਾਣਾ ਬਣਾਉਣ ਲੱਗੇ। ਇਸ ਦੌਰਾਨ ਹੀ ਹੀਟਰ ਦਾ ਸੇਕ ਇੰਨਾ ਹੋ ਗਿਆ ਕਿ ਕਮਰੇ ਵਿੱਚ ਅੱਗ ਲੱਗ ਗਈ ਤੇ ਜਦੋਂ ਖਾਣਾ ਤਿਆਰ ਕਰ ਲੱਛਮਣ ਦਾਸ ਆਪਣੇ ਕਮਰੇ ਅੰਦਰ ਗਿਆ ਤਾਂ ਅੱਗ ਦੀਆਂ ਤੇਜ ਲਪਟਾਂ ਨਾਲ ਕਮਰੇ ਅੰਦਰ ਭਾਂਬੜ ਮਚੇ ਹੋਏ ਸਨ। ਇਹ ਦੇਖ ਕਾਲ ਦਾ ਘੇਰਿਆ ਲੱਛਮਣ ਦਾਸ ਆਪਣੇ ਪੇਪਰ ਤੇ ਹੋਰ ਜ਼ਰੂਰੀ ਸਮਾਨ ਅੱਗ ਤੋਂ ਬਚਾਉਣ ਲਈ ਕਮਰੇ ਅੰਦਰ ਜਾ ਵੜਿਆ ਤੇ ਜਦੋਂ ਕਮਰੇ ਵਿੱਚ ਗਿਆ ਤਾਂ ਅਚਾਨਕ ਕਮਰੇ ਦੀ ਛੱਤ ਉਸ ਦੇ ਉਪੱਰ ਆ ਡਿੱਗੀ, ਜਿਸ ਦੇ ਥੱਲਿਓ ਨਿਕਲਣ ਲਈ ਉਸ ਨੇ ਆਪਣੇ ਆਖਰੀ ਸਾਹਾਂ ਤੱਕ ਕੋਸ਼ਿਸ਼ ਕੀਤੀ, ਪਰ ਅਫਸੋਸ ਅੱਗ ਦੀਆਂ ਤੇਜ ਲਪਟਾਂ ਨੇ ਉਸ ਦੇ ਸਰੀਰ ਦੇ ਕੁਝ ਪਲਾਂ ਵਿੱਚ ਹੀ ਕੋਲੇ ਬਣਾ ਦਿੱਤੇ। ਮ੍ਰਿਤਕ ਲੱਛਮਣ ਦਾਸ ਦੇ ਦੂਜੇ ਸਾਥੀ ਨੇ ਉਸ ਨੂੰ ਅੱਗ ਵਿੱਚੋ ਬਾਹਰ ਕੱਢਣ ਦਾ ਬਹੁਤ ਯਤਨ ਕੀਤਾ, ਇਸ ਜੱਦੋ-ਜਹਿਦ ਵਿੱਚ ਉਹ ਵੀ ਗੰਭੀਰ ਜਖ਼ਮੀ ਹੋ ਗਿਆ, ਪਰ ਉਸ ਦੀ ਕੋਈ ਪੇਸ਼ ਨਾ ਚੱਲ ਸਕੀ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਘਟਨਾ ਸਥਲ ਉਪੱਰ ਪਹੁੰਚ ਗਈ ਸੀ ਜਿਹੜੀ ਕਿ ਘਟਨਾ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਮ੍ਰਿਤਕ ਲੱਛਮਣ ਦਾਸ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਇੱਕ 3 ਸਾਲ ਦੀ ਧੀ ਨੂੰ ਛੱਡ ਗਿਆ ਜਦੋਂ ਕਿ ਉਸ ਦੇ ਮਾਪੇ ਪਹਿਲਾਂ ਹੀ ਸਵਰਗ ਸਿਧਾਰ ਚੁੱਕੇ ਹਨ।

16 ਅਪ੍ਰੈਲ ਨੂੰ ਬ੍ਰੇਸ਼ੀਆਂ ਵਿਚ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ

7 ਸਾਲਾਂ ਬਾਅਦ ਪ੍ਰਾਪਤ ਹੋਈ ਧੀ ਦੀ ਦਾਤ ਘਰ ਵਿਚ ਵਿਆਹ ਵਰਗਾ ਮਾਹੌਲ