in

ਸ਼ੁਬਮਨ ਗਿੱਲ ਦਾ ਬੱਲਾ ਵਿਸ਼ਵ ਕੱਪ ਦੌਰਾਨ ਲਗਾਤਾਰ ਬੋਲਦਾ ਰਿਹਾ!

ਸ਼ੁਬਮਨ ਨੇ ਸਾਬਿਤ ਕਰ ਦਿੱਤਾ ਹੈ ਕਿ ਸਮਰੱਥਾ ਅਤੇ ਮੌਕਿਆਂ ਦਾ ਮੇਲ ਹੀ ਪ੍ਰਾਪਤੀ ਬਣ ਸਕਦਾ ਹੈ
ਸ਼ੁਬਮਨ ਨੇ ਸਾਬਿਤ ਕਰ ਦਿੱਤਾ ਹੈ ਕਿ ਸਮਰੱਥਾ ਅਤੇ ਮੌਕਿਆਂ ਦਾ ਮੇਲ ਹੀ ਪ੍ਰਾਪਤੀ ਬਣ ਸਕਦਾ ਹੈ

ਪੰਜਾਬ ਨੂੰ ਪਤਾ ਨਹੀਂ ਕਿਹੜੀ ਸੋਚ ਤਹਿਤ ਨਸ਼ੀਲਾ ਸੂਬਾ ਅਤੇ ਖਾਲਿਸਤਾਨੀ ਸੋਚ ਦੀ ਹਿੱਸਾ ਬਣਾ ਵਿਸ਼ਵ ਭਰ ਵਿੱਚ ਥਾਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਸ਼ਵ ਦੀ ਹਰ ਬੁਰਾਈ ਨੂੰ ਪੰਜਾਬ ਸੂਬੇ ਨਾਲ ਜੋੜ੍ਹੇ ਜਾਣ ਤੋਂ ਰਤਾ ਵੀ ਗੁਰੇਜ ਨਹੀਂ ਕੀਤਾ ਜਾ ਰਿਹਾ। ਜਦੋਂ ਕਿ ਇਕ ਵਾਰ ਨਹੀਂ ਸਗੋਂ ਸੈਂਕੜੇ ਵਾਰ ਪੰਜਾਬ ਦੇ ਨੌਜਵਾਨਾਂ ਨੇ ਆਪਣੇ ਆਪ ਨੂੰ ਵਿਸ਼ਵ ਦੇ ਨਕਸ਼ੇ ‘ਤੇ ਆਪਣੀ ਸੋਚ, ਦ੍ਰਿੜ ਇਰਾਦੇ ਅਤੇ ਮਿਹਨਤ ਸਦਕਾ ਸਾਬਤ ਕੀਤਾ ਹੈ। ਇਸੇ ਤਾਲ ‘ਤੇ ਜੇ ਵਿਚਾਰੀਏ ਤਾਂ ਸ਼ੁਬਮਨ ਗਿੱਲ ਦਾ ਬੱਲਾ 19 ਸਾਲਾਂ ਤੋਂ ਘੱਟ ਉਮਰ ਦੇ ਵਿਸ਼ਵ ਕੱਪ ਦੌਰਾਨ ਲਗਾਤਾਰ ਬੋਲਦਾ ਰਿਹਾ। ਉਸ ਨੇ ਵਿਸ਼ਵ ਕੱਪ ਜੇਤੂ ਟੀਮ ਦੀ ਮੁੰਹਿਮ ਵਿੱਚ ਸਭ ਤੋਂ ਵੱਧ ਦੌੜਾਂ ਦਾ ਹਿੱਸਾ ਪਾਇਆ ਅਤੇ ਸਰਬੋਤਮ ਖਿਡਾਰੀ ਐਲਾਨਿਆ ਗਿਆ। ਹੁਣ ਉਹ ਭਾਰਤ ਦੀ ਸੀਨੀਅਰ ਕ੍ਰਿਕਟ ਟੀਮ ਲਈ ਚੁਣਿਆ ਗਿਆ ਹੈ।
ਜਦੋਂ ਅਖ਼ਬਾਰਾਂ ਅਤੇ ਖੇਡ ਮਾਹਿਰਾਂ ਵਿੱਚ ਉਸ ਦੇ ਭਵਿੱਖ ਬਾਬਤ ਚਰਚਾ ਚੱਲ ਰਹੀ ਹੈ ਤਾਂ ਫਾਜ਼ਿਲਕਾ ਜ਼ਿਲੇ ਦੇ ਪਿੰਡ ਜੈਮਲ ਸਿੰਘ ਵਾਲਾ ਵਿੱਚ ਸ਼ੁਬਮਨ ਦੇ ਘਰ ਉਸ ਦਾ ਬੱਲਾ ਵਿਸ਼ਵ ਕੱਪ ਵਾਲੀ ਤਰਜ਼ ਉੱਤੇ ਬੋਲ ਰਿਹਾ ਹੈ।
ਪੰਜਾਬ ਜਿਸ ਅੱਜ ਤੋਂ 30 ਵਰ੍ਹੇ ਪਹਿਲਾਂ ਖਾੜਕੂਵਾਦ ਜਾਂ ਦਹਿਸ਼ਤ ਨਾਲ ਜੋੜ੍ਹਿਆ ਜਾਂਦਾ ਸੀ ਅੱਜ ਉਸੇ ਪੰਜਾਬ  ਦੇ ਨੌਜਵਾਨ ਆਪਣੀ ਕਾਮਯਾਬੀ ਦੀ ਬੁਲੰਦ ਤਸਵੀਰ ਕਾਇਮ ਕਰਨ ਵਿਚ ਕਾਮਯਾਬ ਹੋਇਆ ਹੈ, ਜਿਸ ਦਾ ਮਤਲਬ ਕਿ ਪੰਜਾਬ ਨੂੰ ਵਖਰੇਵੇਂ ਦਾ ਨਿਸ਼ਾਨਾ ਬਨਾਉਣ ਵਾਲੀਆਂ ਤਾਕਤਾਂ ਨੂੰ ਅੱਜ ਦੇ ਪੰਜਾਬ ਦੇ ਨੌਜਵਾਨ ਦਾ ਸਾਹਮਣਾ ਕਰਨਾ ਮੁਸ਼ਕਲ ਨਹੀਂ ਸਗੋਂ ਨਾਮੁਮਕਿਨ ਹੈ। ਦੀਦਾਰ ਸਿੰਘ ਕਹਿੰਦੇ ਹਨ, ਮੇਰੇ ਸ਼ੁਬਮਨ ਨੇ ਸਾਡਾ ਨਾਮ ਪੂਰੀ ਦੁਨੀਆਂ ਵਿੱਚ ਕਰ ਤਾ, ਪੂਰੇ ਪਿੰਡ ਦਾ ਨਾਮ ਉੱਚਾ ਕਰ ਦਿੱਤਾ।” ਦੀਦਾਰ ਸਿੰਘ ਰਸੋਈ ਅਤੇ ਵਰਾਂਡੇ ਦੇ ਸਾਹਮਣੇ ਇੱਟਾਂ ਦੇ ਫਰਸ਼ ਵਿਚਕਾਰ ਸੀਮਿੰਟ ਵਾਲੇ ਚੌਰਸ ਫਰਸ਼ ਵੱਲ ਇਸ਼ਾਰਾ ਕਰ ਕੇ ਕਹਿੰਦੇ ਹਨ, “ਇਹ ਸ਼ੁਬਮਨ ਦੀ ਪਿੱਚ ਐ, ਛੋਟਾ ਜਿਹਾ ਸ਼ੁਬਮਨ ਇੱਥੇ ਖੇਡਦਾ ਸੀ। ਮੈਂ ਆਪ ਉਸ ਦੀ ਟਰੇਨਿੰਗ ਕਰਵਾਈ।” ਦਾਦੇ ਨੇ ਪੋਤੇ ਦੇ ਬਚਪਨ ਦੇ ਖੇਡ ਦੀਆਂ ਅਨੇਕਾਂ ਹੀ ਕਹਾਣੀਆਂ ਸੁਣਾ ਦਿੱਤੀਆਂ, ਜਿਸਦੀ ਹਾਮੀ ਸ਼ੁਭਮਨ ਦੇ ਭੂਆ ਅਤੇ ਫੁੱਫੜ ਵੀ ਭਰਦੇ ਹਨ। ਸ਼ਰੀਕੇ ਅਤੇ ਸੱਜਣ-ਮਿੱਤਰ ਆਪਣੀਆਂ ਯਾਦਾਂ ਜੋੜਦੇ ਹਨ। ਕੁਝ ਜੀਆਂ ਕੋਲ ਸ਼ੁਬਮਨ ਦੇ ਬਚਪਨ ਦੀਆਂ ਤਸਵੀਰਾਂ ਹਨ।
ਇਹ ਕਹਾਣੀ ਸਭ ਆਪੋ-ਆਪਣੇ ਅੰਦਾਜ਼ ਵਿੱਚ ਸੁਣਾਉਂਦੇ ਹਨ ਕਿ ਸ਼ੁਬਮਨ ਦੀ ਮਿਹਨਤ ਨੂੰ ਦੇਖ ਕੇ ਉਨ੍ਹਾਂ ਨੂੰ ਯਕੀਨ ਸੀ ਕਿ ਉਹ ਸਚਿਨ ਤੇਂਦੂਲਕਰ ਬਣੇਗਾ। ਸ਼ੁਬਮਨ ਦੀ ਦਾਦੀ ਗੁਰਮੇਲ ਕੌਰ ਦੌੜਾਂ-ਵਿਕਟਾਂ ਦੇ ਹਿਸਾਬ-ਕਿਤਾਬ ਤੋਂ ਬੇਖ਼ਬਰ ਆਪਣੇ ਪੋਤੇ ਦੀ ਪ੍ਰਾਪਤੀ ਲਈ ਰੱਬ ਦਾ ਸ਼ੁਕਰਾਨਾ ਕਰਦੀ ਰਹਿੰਦੀ ਹੈ।
ਇਸ ਪਿੰਡ ਵਿੱਚ ਖੇਡ ਮੈਦਾਨ ਨਹੀਂ ਹੈ। ਇੱਕ ਥਾਂ ਚਾਰਦੀਵਾਰੀ ਦੇ ਅੰਦਰ ਵਾਲੀਬਾਲ ਖੇਡਣ ਲਈ ਜਾਲ ਲੱਗਿਆ ਹੈ। ਦੋ ਫ਼ਸਲਾਂ ਵਿਚਕਾਰ ਵਿਹਲੇ ਸਮੇਂ ਦੌਰਾਨ ਜ਼ਮੀਨ ਪੱਧਰੀ ਕਰ ਕੇ ਪਿਛਲੇ ਸਾਲ ਕ੍ਰਿਕਟ ਦਾ ਪੇਂਡੂ ਟੂਰਨਾਮੈਂਟ ਕਰਵਾਇਆ ਗਿਆ ਸੀ। ਦੁਨੀਆਂ ਦੀਆਂ ਬਿਹਤਰੀਨ ਪਿੱਚਾਂ ਅਤੇ ਸ਼ਾਨਦਾਰ ਖੇਡ ਮੈਦਾਨਾਂ ਵਿੱਚ ਸ਼ਾਨਦਾਰ ਕੁਰਗੁਜ਼ਾਰੀ ਕਰਨ ਵਾਲੇ ਸ਼ੁਬਮਨ ਦੇ ਦਿਮਾਗ਼ ਵਿੱਚ ਖੇਤੀ ਵਾਲੀ ਜ਼ਮੀਨ ਵਿੱਚ ਸੁਹਾਗਾ ਫੇਰ ਕੇ ਬਣਾਇਆ ਕ੍ਰਿਕਟ ਦਾ ਮੈਦਾਨ ਕਿਹੋ ਜਿਹਾ ਅਕਸ ਬਣਾਏਗਾ? ਜਗਦੀਪ ਸਿੰਘ ਬਚਪਨ ਵਿੱਚ ਸ਼ੁਬਮਨ ਨਾਲ ਖੇਡਦਾ ਰਿਹਾ ਹੈ। ਜਗਦੀਪ ਦੱਸਦਾ ਹੈ ਕਿ ਸਕੂਲ ਵਿੱਚ ਉਹ ਸ਼ੁਬਮਨ ਦਾ ਅਭਿਆਸ ਕਰਵਾਉਂਦੇ ਸੀ।
ਸ਼ੁਬਮਨ ਦੇ ਪਿਤਾ ਲਖਵਿੰਦਰ ਸਿੰਘ ਗਿੱਲ ਵੀ ਇਸ ਸਕੂਲ ਵਿੱਚ ਉਸ ਦਾ ਅਭਿਆਸ ਕਰਵਾਉਣ ਆਉਂਦੇ ਸੀ।
ਇਹ ਸਭ ਸ਼ੁਬਮਨ ਨੂੰ ਗੇਂਦਬਾਜ਼ੀ ਕਰਦੇ ਸਨ। ਹੁਣ ਵੀ ਉਹ ਚੱਪਲਾਂ ਪਾ ਕੇ ਉਸੇ ਥਾਂ ਗੇਂਦਬਾਜ਼ੀ ਕਰ ਰਿਹਾ ਹੈ।
ਸਕੂਲ ਵਿੱਚ ਬੱਲੇਬਾਜ਼ੀ ਦੌਰਾਨ ਮਿੱਡਵਿਕਟ ਤੋਂ ਲੌਂਗਔਨ ਦੇ ਵਿਚਕਾਰ ਖੇਡਿਆ ਹਰ ਸ਼ੌਟ ਸ਼ੁਬਮਨ ਦੇ ਘਰ ਦੀ ਦਿਸ਼ਾ ਵਿੱਚ ਜਾਂਦਾ ਹੈ। ਲਖਵਿੰਦਰ ਸਿੰਘ ਨੇ ਸ਼ੁਬਮਨ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਲਗਾ ਦਿੱਤਾ।
ਸ਼ੁਬਮਨ ਦੀ ਭੂਆ ਮਨਪ੍ਰੀਤ ਕੌਰ ਗਰੇਵਾਲ ਦੱਸਦੀ ਹੈ, “ਸਾਡੇ ਵੀਰ ਨੇ ਸ਼ੁਬਮਨ ਨੂੰ ਕੋਈ ਖਿਡੌਣਾ ਨਹੀਂ ਦੇਣ ਦਿੱਤਾ। ਉਹ ਕਹਿੰਦਾ ਸੀ ਕਿ ਇਸ ਦਾ ਕ੍ਰਿਕਟ ਵਿੱਚੋਂ ਧਿਆਨ ਹਟੇਗਾ।”
ਜੈਮਲ ਸਿੰਘ ਵਾਲਾ ਵਿੱਚ ਗਿੱਲ ਜੱਟਾਂ ਦੀ ਖੇਤੀ ਹੈ। ਜੈਮਲ ਸਿੰਘ ਵਾਲਾ ਹਰੇ ਇਨਕਲਾਬ ਦੀਆਂ ਬਰਕਤਾਂ ਹੰਢਾ ਰਿਹਾ ਹੈ। ਪਿੰਡ ਦੇ ਵੱਡੇ-ਵੱਡੇ ਘਰਾਂ ਦੀ ਉਸਾਰੀ ਪੰਜਾਹ ਸਾਲ ਤੋਂ ਪੁਰਾਣੀ ਨਹੀਂ ਲੱਗਦੀ। ਘਰਾਂ ਦੇ ਬਾਹਰਲੀ ਕੋਈ ਕੰਧ ਰੰਗਦਾਰ ਜਾਂ ਪਲਸਤਰ ਵਾਲੀ ਨਹੀਂ ਹੈ।
ਸ਼ੁਬਮਨ ਦੇ ਫੁੱਫੜ ਬੱਬੂ ਸੰਧੂ ਕਹਿੰਦੇ ਹਨ ਕਿ ਜੇ ਉਹ ਇਸ ਪਿੰਡ ਰਹਿੰਦਾ ਤਾਂ ਉਸ ਨੂੰ ਮੌਜੂਦਾ ਪੱਧਰ ਤੱਕ ਖੇਡਣ ਦਾ ਮੌਕਾ ਨਹੀਂ ਮਿਲਣਾ ਸੀ। ਸ਼ੁਬਮਨ ਨੇ ਸਾਬਿਤ ਕਰ ਦਿੱਤਾ ਹੈ ਕਿ ਸਮਰੱਥਾ ਅਤੇ ਮੌਕਿਆਂ ਦਾ ਮੇਲ ਹੀ ਪ੍ਰਾਪਤੀ ਬਣ ਸਕਦਾ ਹੈ।
ਸ਼ੁਭਮਨ ਜਿਸ ਨੂੰ ਕੁੱਝ ਸਮਾਂ ਪਹਿਲਾਂ ਬਹੁਤ ਹੀ ਸੀਮਤ ਲੋਕ ਜਾਣਦੇ ਸਨ ਅੱਜ ਅਚਾਨਕ ਹੀਂ ਉਹ ਅਖਬਾਰਾਂ, ਟੀਵੀ ਚੈਨਲਾਂ ਅਤੇ ਸੋਸ਼ਲ ਮੀਡੀਏ ਉੱਤੇ ਦੇਸ਼ ਅਤੇ ਪੰਜਾਬ ਦੇ ਲੋਕਾਂ ਲਈ ਇਕ ਪ੍ਰੇਰਣਾ ਸਰੋਤ ਵਜੋਂ ਖਿੱਚ ਦਾ ਕੇਂਦਰ ਬਣ ਕੇ ਉਭਰ ਰਿਹਾ ਹੈ, ਕਿਉਕਿ ਜਦੋਂ ਕੋਈ ਨੌਜਵਾਨ ਜਾਗਦਾ ਹੈ ਤਾਂ ਸਾਰਾ ਸਮਾਜ ਜਾਗਦਾ ਹੈ। ਦੇਸ਼ ਅੰਦਰ ਚੱਲਦੀਆਂ ਫਿਰਕੂ ਤਾਕਤਾਂ ਦੀਆਂ ਕਾਲੀਆਂ ਹਨੇਰੀਆਂ ਵੀ ਨੌਜਵਾਨਾਂ ਦੇ ਸੰਘਰਸ਼ ਨੂੰ ਦਬਾ ਨਹੀਂ ਸਕਦੀਆਂ। ਦੇਸ਼ ਦਾ ਭਵਿੱਖ ਇਨ੍ਹਾਂ ਜਾਗਦੇ ਹੋਏ ਨੌਜਵਾਨਾਂ ਦੇ ਹੱਥਾਂ ਵਿਚ ਹੈ। ਸੋ ਅੱਜ ਸਮਾਜ ਨੂੰ ਲੋੜ ਹੈ ਉਹਨਾਂ ਮੱਥਿਆਂ ਦੀ ਜੋ ਹੈਂਕੜ ਅੱਗੇ ਝੁਕੇ ਨਾ ਹੋਣ, ਲੋੜ ਹੈ ਐਸੇ ਖੂਨ ਦੀ ਜੋ ਨਾੜਾਂ ਵਿੱਚ ਜੰਮਿਆ ਨਾ ਹੋਵੇ। ਆਸ ਹੈ ਕਿ ਸਾਡੇ ਸਮਾਜ ਦੇ ਹੋਣਹਾਰ ਨੌਜਵਾਨ ਸਾਡੇ ਉਮੀਦਾਂ ਦੇ ਬੂਟੇ ਨੂੰ ਜਰੂਰ ਪ੍ਰਫੁੱਲਿਤ ਕਰਨਗੇ!

Comments

Leave a Reply

Your email address will not be published. Required fields are marked *

Loading…

Comments

comments

9 ਨਵੰਬਰ ਨੂੰ ਹੋਵੇਗਾ ਕਰਤਾਰਪੁਰ ਸਾਹਿਬ ਲਈ ਪਹਿਲਾ ਜਥਾ ਰਵਾਨਾ

ਨਵਜੋਤ ਸਿੰਘ ਸਿੱਧੂ ਦੀ ਕੁੜੀ ਦੀਆਂ ਤਸਵੀਰਾਂ ਵਾਇਰਲ