in

ਸ਼ਰਧਾ ਨਾਲ ਮਨਾਇਆ ਗਿਆ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਬ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਸਾਹਿਬ-ਏ- ਕਮਾਲ, ਪੁੱਤਰਾਂ ਦੇ ਦਾਨੀ, ਸਰਬੰਸਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਜਿੱਥੇ ਪੂਰੀ ਦੁਨੀਆ ਵਿੱਚ ਵਸਦੀਆਂ ਨਾਨਕ ਲੇਵਾ ਸੰਗਤਾਂ ਵਲੋਂ ਬਹੁਤ ਹੀ ਸ਼ਰਧਾ ਭਾਵਨਾਵਾਂ ਨਾਲ 5 ਜਨਵਰੀ ਨੂੰ ਮਨਾਇਆ ਗਿਆ ਹੈ, ਉਥੇ ਇਟਲੀ ਦੇ ਲਾਸੀਓ ਸੂਬੇ ਦੇ ਅਧੀਨ ਪੈਂਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਜਿਨ੍ਹਾਂ ਵਿੱਚ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਅਪਰੀਲੀਆ ਦੇ ਗੁਰਦੁਆਰਾ ਸਿੰਘ ਸਭਾ (ਅਪਰੀਲੀਆ) ਅਤੇ ਗੁਰਦੁਆਰਾ ਸਿੰਘ ਸਭਾ ‘ਚਿਸਤੇਰਨਾ ਦੀ ਲਾਤੀਨਾ’ ਅਤੇ ਜ਼ਿਲ੍ਹਾ ਰੋਮ ਦੇ ਅਧੀਨ ਪੈਂਦੇ ਸ਼ਹਿਰ ਦੇ ਲਵੀਨੀਓ ਦੇ ਗੁਰਦੁਆਰਾ ਭਗਤ ਰਵਿਦਾਸ ਜੀ ਸਿੰਘ ਸਭਾ ਲਵੀਨੀਓ ਆਦਿ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 10 ਜਨਵਰੀ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ. ਗੁਰਦੁਆਰਾ ਭਗਤ ਰਵਿਦਾਸ ਜੀ ਸਿੰਘ ਸਭਾ ਲਵੀਨੀਓ ਰੋਮ ਵਿਖੇ ਕਿਸਾਨ ਅੰਦੋਲਨ ਦੇ ਚੜ੍ਹਦੀ ਕਲਾ ਤੇ ਜਿੱਤ ਲਈ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਵੀ ਕੀਤੀ ਗਈ. ਇਸ ਸੰਬੰਧੀ ਵੱਖ-ਵੱਖ ਗੁਰਦੁਆਰਿਆਂ ਦੇ ਪ੍ਰਬੰਧਕਾਂ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ, 8 ਜਨਵਰੀ ਦਿਨ ਸ਼ੁਕਰਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ, ਅਤੇ 10 ਜਨਵਰੀ ਦਿਨ ਐਤਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ. ਭੋਗ ਉਪਰੰਤ ਗੁਰੂ ਘਰ ਦੇ ਕੀਰਤਨੀਏ ਜਥਿਆਂ ਦੁਆਰਾ ਸ਼ਬਦ ਗਾਇਨ ਕਰਕੇ ਅਤੇ ਗੁਰਬਾਣੀ ਦੇ ਪ੍ਰਬਚਨ ਗੁਣ ਗਾਨ ਕਰਕੇ ਗੁਰੂ ਘਰ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਗਿਆ.
ਸੰਗਤਾਂ ਨੇ ਗੁਰਦੁਆਰਾ ਸਾਹਿਬਾਨਾਂ ਵਿਖੇ ਪਹੁੰਚ ਕਰਕੇ ਗੁਰਬਾਣੀ ਸਰਵਣ ਕੀਤੀ ਅਤੇ ਗੁਰੂ ਘਰਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਗੁਰੂ ਕੇ ਲੰਗਰ ਅਟੁੱਟ ਵੀ ਵਰਤਾਏ ਗਏ. ਗੁਰਦੁਆਰਾ ਕਮੇਟੀਆਂ ਨੇ ਦੱਸਿਆ ਕਿ, ਕੋਰੋਨਾ ਵਾਇਰਸ ਦੇ ਚਲਦਿਆਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨਾ ਸਾਡਾ ਪਹਿਲਾ ਫਰਜ਼ ਹੈ ਅਤੇ ਸਮੂਹ ਸੰਗਤਾਂ ਵੱਲੋਂ ਪ੍ਰਸ਼ਾਸਨ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਵੀ ਕੀਤੀ ਗਈ.

ਕੜਾਕੇ ਦੀ ਠੰਢ ‘ਚ ਸ਼ਰਧਾਲੂਆਂ ਨੇ ਗੰਗਾ ‘ਚ ਕੀਤਾ ਇਸ਼ਨਾਨ

ਵਿਲੈਤਰੀ : 17 ਜਨਵਰੀ ਨੂੰ ਮਨਾਇਆ ਜਾਵੇਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ