in

ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਸਬਾਊਦੀਆ ਵਿਖੇ ਵਿਸ਼ਾਲ ਨਗਰ ਕੀਰਤਨ 16 ਜੂਨ ਨੂੰ

ਰੋਮ (ਇਟਲੀ) (ਕੈਂਥ) – ਪਿਛਲੇ 3 ਦਹਾਕਿਆਂ ਦੇ ਕਰੀਬ ਇਟਲੀ ਦੀਆਂ ਸਿੱਖ ਸੰਗਤਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੀ ਬਾਣੀ ਤੇ ਉਪਦੇਸ਼ ਨਾਲ ਜੋੜਦਾ ਆ ਰਿਹਾ ਲਾਸੀਓ ਸੂਬੇ ਦਾ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਸਬਾਊਦੀਆ (ਲਾਤੀਨਾ) ਵੱਲੋਂ ਸਾਂਤੀ ਦੇ ਪੁੰਜ ਸ਼ਹੀਦਾਂ ਦੇ ਸਿਰਤਾਜ 5ਵੇਂ ਪਾਤਸ਼ਾਹ ਜੀਓ ਦੇ 418ਵੇਂ ਸ਼ਹੀਦੀ ਦਿਨ ਨੂੰ ਸਮਰਪਿਤ 24ਵਾਂ ਵਿਸ਼ਾਲ ਨਗਰ ਕੀਰਤਨ 16 ਜੂਨ ਦਿਨ ਐਤਵਾਰ 2024 ਨੂੰ ਸ਼ਹਿਰ ਸਬਾਊਦੀਆ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸਜਾਇਆ ਜਾ ਰਿਹਾ ਹੈ. ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ, ਢਾਡੀ, ਕੀਰਤਨੀਏ ਤੇ ਕਥਾ ਵਾਚਕ ਆਪਣੀ ਦਮਦਾਰ ਆਵਾਜ਼ ਵਿੱਚ ਸਿੱਖ ਸੰਗਤਾਂ ਨੂੰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਓ ਦੀ ਸ਼ਹੀਦੀ ਦਾ ਸਾਕਾ ਸਰਵਣ ਕਰਵਾਉਣਗੇ।
ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਬੀਬੀ ਇੰਦਰਜੀਤ ਕੌਰ ਢਿੱਲੋਂ ਮੁੱਖ ਸੇਵਾਦਾਰ, ਭਾਈ ਜਸਪਾਲ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਸਿੰਘ ਸਭਾ ਸਬਾਊਦੀਆ (ਲਾਤੀਨਾ) ਤੇ ਪ੍ਰਬੰਧਕਾਂ, ਸੰਗਤਾਂ ਨੇ ਦਿੰਦਿਆਂ ਕਿਹਾ ਕਿ, 5ਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀਓ ਜਿਹਨਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭਾਈ ਗੁਰਦਾਸ ਪਾਸੋਂ ਸੰਪੂਰਨ ਕਰਵਾਕੇ ਸਿੱਖ ਜਗਤ ਨੂੰ ਅਨਮੋਲ ਗੁਰਬਾਣੀ ਦਾ ਮਹਾਨ ਗ੍ਰੰਥ ਦਿੱਤਾ, ਜਿਸ ਨੂੰ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀਓ ਨੇ ਗੁਰੂ ਗ੍ਰੰਥ ਸਾਹਿਬ ਜੀਓ ਦਾ ਰੁਤਬਾ ਦਿੱਤਾ। 5ਵੇਂ ਪਾਤਸ਼ਾਹ ਜੀਓ ਨੇ ਹੀ ਸਿੱਖਾਂ ਲਈ ਮਹਾਨ ਅਸਥਾਨ ਸ਼੍ਰੀ ਹਰਿਮੰਦਿਰ ਸਾਹਿਬ ਜੀ ਦੀ ਵੀ ਸਥਾਪਨਾ ਕਰਵਾਈ। ਜਿਸ ਦਾ ਨੀਂਹ ਪੱਥਰ ਮਹਾਨ ਸਖ਼ਸ਼ੀਅਤ ਸਾਂਈ ਮੀਆਂਮੀਰ ਹੁਰਾਂ ਤੋਂ ਰੱਖਵਾਉਂਦਿਆਂ ਹਰਿਮੰਦਰ ਸਾਹਿਬ ਦੇ ਚਾਰੇ ਦਿਸ਼ਾਵਾਂ ਵਿੱਚ ਦੁਆਰ ਰੱਖੇ, ਜਿਹੜੇ ਕਿ ਸਭ ਧਰਮਾਂ ਦਾ ਸਤਿਕਾਰ ਕਰਨ ਦਾ ਹੋਕਾ ਦਿੰਦੇ ਹਨ।
5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀਓ ਦੀ ਸ਼ਹਾਦਤ ਜਿਹੜੀ ਮੌਕੇ ਦੇ ਮੁਗਲ ਬਾਦਸ਼ਾਹ ਜਹਾਂਗੀਰ ਨੇ ਕਰਵਾਈ, ਨੂੰ ਸਮਰਪਿਤ ਉਹਨਾਂ ਦਾ 24ਵਾਂ ਨਗਰ ਕੀਰਤਨ ਲਾਸੀਓ ਸੂਬੇ ਦਾ ਵਿਸ਼ੇਸ਼ ਨਗਰ ਕੀਰਤਨ ਹੈ, ਜਿਸ ਵਿੱਚ ਸਿੱਖ ਸੰਗਤਾਂ ਕਾਫ਼ਲਿਆ ਦੇ ਰੂਪ ਵਿੱਚ ਹਾਜ਼ਰੀ ਭਰਦੀਆਂ ਹਨ। 16 ਜੂਨ ਨੂੰ ਸੱਜ ਰਹੇ ਵਿਸ਼ਾਲ ਨਗਰ ਕੀਰਤਨ ਦੀਆਂ ਸੰਗਤਾਂ ਵੱਲੋਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ, ਜਿਸ ਵਿੱਚ ਸਭ ਸੰਗਤਾਂ ਨੂੰ ਹਾਜ਼ਰੀ ਭਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ 2 ਰੋਜ਼ਾ ਸ਼ਹੀਦੀ ਸਮਾਗਮ ਪੁਨਤੀਨੀਆ ਵਿਖੇ 1-2 ਜੂਨ ਨੂੰ

ਦਵਾਈਆਂ ਬਨਾਉਣ ਲਈ ਵੀ ਕੀਤੀ ਜਾਂਦੀ ਹੈ ਤੁਲਸੀ ਦੀ ਵਰਤੋ