in

ਸਾਹਿਤ ਸੁਰ ਸੰਗਮ ਵੱਲੋਂ ਕਰਵਾਈ ਜਾਵੇਗੀ ਦੂਜੀ ਯੂਰਪੀ ਪੰਜਾਬੀ ਕਾਨਫਰੰਸ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ 9 ਅਕਤੂਬਰ ਨੂੰ ਪੰਜਾਬ ਭਵਨ ਸਰੀ ਕੈਨੇਡਾ ਅਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਜੀ ਜੀ ਐਨ ਖਾਲਸਾ ਕਾਲਿਜ ਲੁਧਿਆਣਾ ਦੇ ਸਹਿਯੋਗ ਨਾਲ ਦੂਜੀ ਯੂਰਪੀ ਪੰਜਾਬੀ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕਾਨਫਰੰਸ ਦਾ ਮੁੱਖ ਮਕਸਦ ਯੂਰਪ ਵਿੱਚ ਪੰਜਾਬੀ ਬੋਲੀ ,ਸਾਹਿਤ ਅਤੇ ਸਭਿਆਚਾਰਕ ਵਿਰਸੇ ਪ੍ਰਤੀ ਪੰਜਾਬੀਅਤ ਦਾ ਵਰਤਮਾਨ ਤੇ ਭਵਿੱਖ, ਪੰਜਾਬੀ ਸਾਹਿਤ ਤੇ ਪੰਜਾਬੀ ਬੋਲੀ ਦਾ ਯੂਰਪ ਵਿੱਚ ਆਧਾਰ, ਚਣੌਤੀਆਂ, ਸੰਭਾਵਨਾਵਾਂ ਤੇ ਸਮੱਸਿਆਵਾਂ ਆਦਿ ਬਾਰੇ ਵਿਚਾਰ ਚਰਚਾ ਦੇ ਨਾਲ ਨਾਲ ਯੂਰਪ ਵਿੱਚ ਪਲ ਰਹੀ ਨਵੀਂ ਪੰਜਾਬੀ ਪੀੜੀ ਨੂੰ ਵਿਰਸੇ ਵਿਰਾਸਤ ਤੇ ਮਾਂ ਬੋਲੀ ਨਾਲ ਜੋੜਨ ਵਰਗੇ ਅਹਿਮ ਮੁੱਦਿਆਂ ਤੇ ਗੱਲਬਾਤ ਹੋਵੇਗੀ।
ਉਪਰੋਕਤ ਵਿਸ਼ਿਆਂ ਉੱਪਰ ਵਿਚਾਰ ਚਰਚਾ ਕਰਨ ਲਈ ਸਭਾ ਦੇ ਪ੍ਰਬੰਧਕਾਂ ਵਲੋਂ ਪੰਜਾਬ, ਯੂਰਪ, ਬਰਤਾਨੀਆ ਤੇ ਕੈਨੇਡਾ ਤੋਂ ਇਲਾਵਾ ਵਿਸ਼ਵ ਭਰ ਦੇ ਪੰਜਾਬੀ ਬੁੱਧੀਜਵੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਇਹਨਾਂ ਸਭ ਵਿਸ਼ਿਆਂ ਉੱਪਰ ਜ਼ਮੀਨੀ ਪੱਧਰ ਤੇ ਕੰਮ ਕਰਨ, ਵਿਚਾਰ ਕਰਨ ਅਤੇ ਪੂਰਨ ਵਚਨਬੱਧਤਾ ਨਾਲ ਸਾਰਥਕ ਨਤੀਜੇ ਲੱਭਣ ਵਿੱਚ ਵੱਖ ਵੱਖ ਵਿਦਵਾਨਾਂ ਨਾਲ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਜਿਹਨਾਂ ਵਿੱਚ ਸਾਬਕਾ ਉਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ ਸ ਪ ਸਿੰਘ , ਲੋਕ ਵਿਰਾਸਤ ਅਕਾਦਮੀ ਦੇ ਪ੍ਰਧਾਨ ਪ੍ਰੋ ਗੁਰਭਜਨ ਸਿੰਘ ਗਿੱਲ, ਪਦਮਸ਼੍ਰੀ ਸੁਰਜੀਤ ਪਾਤਰ, ਪ੍ਰਸਿੱਧ ਕਹਾਣੀਕਾਰ ਸੁਖਜੀਤ, ਡਾ: ਦਵਿੰਦਰ ਸੈਫ਼ੀ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ: ਲਖਵਿੰਦਰ ਜੌਹਲ, ਸੁੱਖੀ ਬਾਠ ਪੰਜਾਬ ਭਵਨ ਸਰੀ ਕੈਨੇਡਾ, ਸਿਰਜਣਾ ਕੇਂਦਰ ਦੇ ਪ੍ਰਧਾਨ ਡਾ: ਆਸਾ ਸਿੰਘ ਘੁੰਮਣ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ, ਡਾ: ਰਵੇਲ ਸਿੰਘ ਦਿੱਲੀ ਯੂਨੀਵਰਸਿਟੀ, ਕੇਹਰ ਸ਼ਰੀਫ ਜਰਮਨੀ, ਕੁਲਵੰਤ ਕੌਰ ਢਿੱਲੋਂ ਪ੍ਰਧਾਨ ਸਾਹਿਤ ਕਲਾ ਕੇਂਦਰ ਸਾਊਥਾਲ, ਸੁਰਿੰਦਰ ਰਾਮਪੁਰੀ ਅਤੇ ਕਮਲਜੀਤ ਨੀਲੋਂ ਆਦਿ ਦੇ ਨਾਂ ਜਿਕਰਯੋਗ ਹਨ। ਜਿਸ ਦੀ ਜਾਣਕਾਰੀ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਵੱਲੋਂ ਸਭਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਹਾਜ਼ਰੀ ਵਿੱਚ ਪ੍ਰੈਸ ਨਾਲ ਸਾਂਝੀ ਕੀਤੀ ਗਈ।

ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਦਾ ਮਸਲਿਆ ਉਲਝਿਆ

ਜਗਤਾਰ ਕੰਗ ਦਾ ‘ਰੱਖੜੀ’ ਗੀਤ ਗਾਇਕ ਸੁਖਜਿੰਦਰ ਸ਼ਿੰਦਾ ਦੁਆਰਾ ਰਿਲੀਜ਼