in

ਹਰਮਨਦੀਪ ਕੌਰ ਦ੍ਰਿੜ ਇਰਾਦੇ ਤੇ ਬੁਲੰਦ ਹੌਸਲੈ ਨਾਲ ਇਟਲੀ ‘ਚ ਬਣੀ ਬੱਸ ਡਰਾਇਵਰ

ਹਰਮਨਦੀਪ ਕੌਰ ਨੇ ਸਿਰਫ 6 ਸਾਲਾਂ ਵਿੱਚ ਗੱਡੇ ਕਾਮਯਾਬੀ ਦੇ ਝੰਡੇ

ਮਾਨਤੋਵਾ (ਇਟਲੀ) (ਦਲਵੀਰ ਕੈਂਥ) – ਸਾਡਾ ਸਮਾਜ ਕਈ ਵਾਰ ਔਰਤ ਨੂੰ ਉਹ ਰੁਤਬਾ ਦੇਣ ਤੋਂ ਪਾਸਾ ਵੱਟ ਜਾਂਦਾ ਹੈ, ਜਿਸ ਦੀ ਉਹ ਹੱਕਦਾਰ ਹੁੰਦੀ ਹੈ, ਪਰ ਇਹ ਗੱਲ ਪੂਰੇ ਸੋਲਾਂ ਆਨੇ ਸੱਚ ਹੈ ਕਿ ਔਰਤ ਉਹ ਮੁਕਾਮ ਆਸਾਨੀ ਨਾਲ ਸਰ ਕਰ ਲੈਂਦੀ ਹੈ, ਜਿਸ ਨੂੰ ਕਈ ਮਰਦ ਸੋਚਣ ਤੋਂ ਵੀ ਕਤਰਾਉਂਦੇ ਹਨ. ਅਜਿਹੀ ਹੀ ਔਰਤ ਪੰਜਾਬ ਦੀ ਧੀ ਨੂੰ ਅੱਜ ਅਸੀਂ ਆਪਣੇ ਪਾਠਕਾਂ ਨੂੰ ਮਿਲਾਉਣ ਜਾ ਰਹੇ ਹਾਂ ਜਿਸ ਨੇ ਆਪਣੇ ਦ੍ਰਿੜ ਇਰਾਦੇ ਅਤੇ ਅਣਥੱਕ ਮਿਹਨਤ ਸਦਕੇ ਇਟਲੀ ਵਿੱਚ ਸਿਰਫ 6 ਸਾਲ ਦੇ ਥੋੜੇ ਜਿਹੇ ਸਮੇਂ ਦੌਰਾਨ ਉਹ ਕਰ ਦਿਖਾਇਆ ਜਿਸ ਨੂੰ ਪਿਛਲੇ 30-30 ਸਾਲਾਂ ਤੋਂ ਇਟਲੀ ਰਹਿੰਦੇ ਬੰਦੇ ਨਹੀ ਕਰ ਸਕੇ। ਇਟਲੀ ਦੇ ਜਿਲ੍ਹਾ ਮਾਨਤੋਵਾ ਦੇ ਕਸਬਾ ਕਸਤੀਲਿੳਨੇ ਦੀ ਰਹਿਣ ਵਾਲੀ ਹਰਮਨਦੀਪ ਕੌਰ ਜੋ ਕਿ ਕਰੀਬ 6 ਸਾਲ ਪਹਿਲਾਂ ਪੰਜਾਬ ਤੋਂ ਇਟਲੀ ਆਈ। ਬਚਪਨ ਤੋਂ ਹੀ ਪੜ੍ਹਾਈ ਵਿੱਚ ਤੇਜ ਹਰਮਨਦੀਪ ਨੇ ਇਟਲੀ ਆ ਕੇ ਸਭ ਤੋਂ ਪਹਿਲਾਂ ਇਟਾਲੀਅਨ ਭਾਸ਼ਾ ਵਿੱਚ ਪਕੜ ਬਣਾਈ। ਬਸ ਫਿਰ ਕੀ ਸੀ ਜਿਸ ਕੰਮ ਨੂੰ ਇਟਲੀ ਦੇ ਭਾਰਤੀ ਸਭ ਤੋਂ ਔਖਾ ਮੰਨਦੇ ਹਨ, ਮਤਲਬ ਇਟਾਲੀਅਨ ਲਾਇਸੈਂਸ ਗੱਡੀ ਦਾ ਕਰਨਾ, ਉਸ ਨੂੰ ਹਰਮਨਦੀਪ ਕੌਰ ਨੇ ਇਸ ਤਰ੍ਹਾਂ ਕਰ ਲਿਆ ਜਿਵੇਂ ਉਹ ਕਈ ਦਹਾਕਿਆਂ ਤੋਂ ਇਟਾਲੀਅਨ ਭਾਸ਼ਾ ਦੀ ਗਿਆਤਾ ਹੋਵੇ। ਹਰਮਨਦੀਪ ਕੌਰ ਦੀ ਕਾਮਯਾਬੀ ਜਿੱਥੇ ਇੱਕ ਪਾਸੇ ਭਾਰਤੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ, ਉੱਥੇ ਹੀ ਉਹਨਾਂ ਲੋਕਾਂ ਲਈ ਵੀ ਇੱਕ ਸੇਧ ਹੈ ਜੋ ਕਿ ਕਹਿੰਦੇ ਹਨ ਕਿ ਯੂਰਪੀਅਨ ਦੇਸ਼ਾਂ ਵਿੱਚ ਬੋਲੀ ਦੇ ਫਰਕ ਹੋਣ ਕਰਕੇ ਜਲਦੀ ਇੱਥੇ ਪੈਰ ਨਹੀਂ ਲਾਏ ਜਾ ਸਕਦੇ, ਸਿਰਫ 6 ਸਾਲ ਪਹਿਲਾਂ ਇਟਲੀ ਦੀ ਧਰਤੀ ਤੇ ਆਈ 28 ਸਾਲਾ ਹਰਮਨਦੀਪ ਕੌਰ ਜੋ ਕਿ ਪੰਜਾਬ ਦੇ ਜਿਲਾ ਰੋਪੜ ਦੇ ਪਿੰਡ ਰੰਗੀਆਂ ਦੀ ਰਹਿਣ ਵਾਲੀ ਹੈ, ਪੰਜਾਬ ਵਿੱਚ ਐਮ.ਐਸ. ਸੀ ਵਿੱਚ ਪੋਸਟ ਗ੍ਰੈਜੂਏਸ਼ਨ ਕਰ ਚੁੱਕੀ ਹਰਮਨਦੀਪ ਕੌਰ ਨੇ ਇਟਲੀ ਆ ਕੇ ਵੀ ਪੜਾਈ ਜਾਰੀ ਰੱਖੀ ਅਤੇ ਨੌਕਰੀ ਦੇ ਕਿੱਤੇ ਵੱਜੋਂ ਬੱਸ ਦੀ ਡਰਾਈਵਰ ਹੋਣਾ ਚੁਣਿਆ। ਜਿਸ ਲਈ ਉਸ ਨੂੰ ਬੀ. ਸੀ. ਡੀ. ਈ. (ਚੀ. ਕੂ. ਚੀ. ਮੈਰਚੀ, ਅਤੇ ਚੀ. ਕੂ. ਚੀ. ਪਰਸਿਓਨੇ) ਵਰਗੇ ਲਾਇਸੈਂਸ ਦੇ ਟੈਸਟ ਪਾਸ ਕੀਤੇ। ਜਿਸ ਤੋਂ ਬਾਅਦ ਉਹ ਹੁਣ ਬਰੇਸ਼ੀਆ ਵਿਖੇ (ਅਰੀਵਾ ਗਰੁੱਪ) ਵਿੱਚ ਪਿਛਲੇ 2 ਮਹੀਨਿਆ ਤੋਂ ਬਤੌਰ ਬੱਸ ਡਰਾਈਵਰ ਦੀ ਸੇਵਾ ਨਿਭਾ ਰਹੀ ਹੈ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਹਰਮਨਦੀਪ ਕੌਰ ਨੇ ਕਿਹਾ, ਮਿਹਨਤ ਕਰਨ ਨਾਲ ਹਰ ਮੰਜਿਲ ਨੂੰ ਪਾਇਆ ਜਾ ਸਕਦਾ ਹੈ, ਬੱਸ ਇਸ ਲਈ ਦ੍ਰਿੜ ਇਰਾਦਿਆਂ ਦੀ ਲੋੜ ਹੁੰਦੀ ਹੈ.
ਇੱਥੇ ਇਹ ਵੀ ਦੱਸਣਯੋਗ ਹੈ ਕਿ ਹਰਮਨਦੀਪ ਕੌਰ ਦੇ ਪਤੀ ਜਸਪ੍ਰੀਤ ਸਿੱਘ ਜੋ ਕਿ ਪਿਛਲੇ 8 ਸਾਲਾਂ ਤੋਂ ਇਟਲੀ ਵਿੱਚ ਰਹਿ ਰਹੇ ਹਨ, ਪ੍ਰਾਈਵੇਟ ਤੌਰ ਤੇ ਆਪਣੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਵੱਖ ਵੱਖ ਲਾਇਸੈਂਸ ਦੀ ਪੜਾਈ ਨੂੰ ਇਟਾਲੀਅਨ ਭਾਸ਼ਾ ਤੋਂ ਪੰਜਾਬੀ ਭਾਸ਼ਾ ‘ਚ ਅਨੁਵਾਦ ਕਰਕੇ ਪੜਾਉਂਦੇ ਹਨ। ਹਰਮਨਦੀਪ ਕੌਰ ਉਹ ਪੰਜਾਬਣ ਹੈ ਜੋ ਅੱਜ ਇਟਲੀ ਵਿੱਚ ਜਿਸ ਉਚਾਈ ਉੱਪਰ ਪਹੁੰਚ ਗਈ ਹੈ, ਜਿੱਥੇ ਪਹੁੰਚਣਾ ਇਟਲੀ ਦੇ ਬਹੁਤੇ ਭਾਰਤੀ ਲੋਕਾਂ ਲਈ ਸੁਪਨੇ ਦੇ ਬਰਾਬਰ ਹੀ ਹੈ, ਕਿਉਂਕਿ ਬੇਗਾਨੇ ਦੇਸ਼ ਤੇ ਬੇਗਾਨੀ ਬੋਲੀ ਵਿੱਚ ਉਹੀ ਇਨਸਾਨ ਗਹਿਗਚ ਹੋਕੇ ਕਾਮਯਾਬੀ ਹਾਸਿਲ ਕਰ ਸਕਦਾ ਜਿਹੜਾ ਕਿ ਪੰਜਾਬ ਤੋਂ ਆਉਣ ਸਮੇਂ ਆਪਣੇ ਨਾਲ ਇਹ ਵਾਅਦਾ ਕਰਕੇ ਆਉਂਦਾ ਹੈ ਕਿ ਕੁਝ ਵੀ ਹੋ ਜਾਵੇ, ਪਰ ਆਪਣੀ ਮੰਜਿਲ ਨੂੰ ਆਪਣੇ ਬਲਬੂਤੇ ਹੀ ਪਾਉਣਾ ਹੈ। ਭਾਰਤੀ ਭਾਈਚਾਰੇ ਦੀ ਦੁਆ ਹੈ ਇਟਲੀ ਰੈਣ ਬਸੇਰਾ ਕਰਦੀਆਂ ਪੰਜਾਬ ਦੀਆਂ ਧੀਆਂ ਦੂਜਿਆਂ ਲਈ ਸਦਾ ਹੀ ਚਾਨਣ ਮੁਨਾਰਾ ਬਣਨ ਤੇ ਸਮੁੱਚੇ ਭਾਰਤੀ ਭਾਈਚਾਰੇ ਦਾ ਮਾਣ ਵਧਾਉਣ। ਹੋਰ ਭਾਰਤੀ ਬੱਚਿਆਂ ਨੂੰ ਵੀ ਵਿੱਦਿਅਦਕ ਖੇਤਰ ਵਿੱਚ ਵੱਧ ਤੋਂ ਵੱਧ ਅਜਿਹੇ ਮਾਣਮੱਤੇ ਕਾਰਜ ਕਰਦੇ ਰਹਿਣਾ ਚਾਹੀਦਾ ਹੈ।

ਨੋਵੇਲਾਰਾ : ਇਟਲੀ ਵਿੱਚ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਲਈ ਕਰਵਾਈ ਗਈ ਕਨਵੈਨਸ਼ਨ

ਟਰੰਪ ਪ੍ਰਸ਼ਾਸਨ ਨੇ ਐਚ-1 ਬੀ ਵੀਜ਼ੇ ਰੋਕਣ ਲਈ ਕੀਤੀਆਂ ਸਨ ਸਿਰਤੋੜ ਕੋਸ਼ਿਸ਼ਾਂ