ਅਪਰੀਲੀਆ (ਇਟਲੀ) 18 ਮਾਰਚ (ਗੁਰਸ਼ਰਨ ਸਿੰਘ ਸੋਨੀ) – ਲ਼ਾਸੀਓ ਸੂਬੇ ਦਾ ਪ੍ਰਸਿੱਧ ਸ਼ਹਿਰ ਅਪ੍ਰੀਲੀਆ ਵਿਖੇ ਆਏ ਦਿਨ ਨਗਰ ਕੌਂਸਲ ਅਤੇ ਵੱਖ – ਵੱਖ ਸੰਸਥਾਵਾਂ ਵਲੋਂ ਸਾਂਝੇ ਤੌਰ ‘ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਵੱਖ-ਵੱਖ ਦੇਸ਼ਾਂ ਦੀਆਂ ਔਰਤਾਂ ਜੋ ਕਿ ਇਸ ਸ਼ਹਿਰ ਦੀਆਂ ਵਸਨੀਕ ਹਨ, ਦੇ ਪਿਛੋਕੜ ਦੇਸ਼ਾਂ ਦੇ ਸੱਭਿਆਚਾਰ ਤੇ ਪਹਿਰਾਵੇ ਨੂੰ ਸਮਰਪਿਤ ਔਰਤਾਂ ਲਈ ਇਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ 14 ਦੇਸ਼ਾਂ ਦੀਆਂ ਮਹਿਲਾਵਾਂ ਨੇ ਭਾਗ ਲਿਆ. ਜਿਨ੍ਹਾਂ ਵਿੱਚ ਬੋਲਵੀਨੀਅਨ ਪਹਿਰਾਵਾ, ਕੋਲੰਬੀਆ, ਮੈਕਸੀਕਨ, ਇੰਡੀਅਨ, ਟਿਊਨੀਸ਼ੀਅਨ, ਮੋਰੱਕੋ, ਅਲਜੀਰੀਅਨ, ਜਾਰਡਨ, ਫਲਸਤੀਨੀ, ਇਟਾਲੀਅਨ, ਅਫਰੀਕੀਨ, ਮਿਸ਼ਰ, ਘਾਨਾ ਅਤੇ ਰੋਮਾਨੀਅਨ ਆਦਿ ਦੇਸ਼ਾਂ ਦੇ ਪਹਿਰਾਵੇ ਤੇ ਸੰਗੀਤ ਦਾ ਅਗਾਜ਼ ਕੀਤਾ ਗਿਆ।
ਇਸ ਮੌਕੇ ਭਾਰਤੀ ਭਾਈਚਾਰੇ ਦੇ ਪੰਜਾਬੀ ਪਹਿਰਾਵੇ ਲਈ ਪੰਜਾਬੀ ਮੁਟਿਆਰਾਂ ਵੱਲੋਂ ਪੰਜਾਬੀ ਤੇ ਭਾਰਤੀ ਸੱਭਿਆਚਾਰ ਨੂੰ ਸਮਰਪਿਤ ਸੂਟ ਤੇ ਸਾੜ੍ਹੀ ਪਹਿਨ ਕੇ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਗਈ. ਵੱਖ-ਵੱਖ ਦੇਸ਼ਾਂ ਦੇ ਕਲਚਰਲ ਸੰਗੀਤ ਦੀਆਂ ਧੁੰਨਾਂ ਵੀ ਵਿਸ਼ੇਸ਼ ਤੌਰ ‘ਤੇ ਚਲਾਈਆਂ ਗਈਆਂ। ਪੰਜਾਬੀ ਮੁਟਿਆਰਾਂ ਵੱਲੋਂ ਫੁਲਕਾਰੀਆਂ ਪਹਿਨ ਕੇ ਢੌਲ ਦੇ ਡਗੇ ‘ਤੇ ਗਿੱਧਾ ਪਾ ਕੇ ਦੂਜੇ ਦੇਸ਼ਾਂ ਦੀਆਂ ਔਰਤਾਂ ਨੂੰ ਨੱਚਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਭਾਰਤੀ ਭਾਈਚਾਰੇ ਦੀ ਅਗਵਾਈ ਕਰਨ ਵਾਲੇ ਮਾਸਟਰ ਦਵਿੰਦਰ ਸਿੰਘ ਮੋਹੀ ਨੇ ਕਿਹਾ ਕਿ, ਅਸੀਂ ਧੰਨਵਾਦੀ ਹਾਂ ਨਗਰ ਕੌਂਸਲ ਅਪ੍ਰੀਲੀਆ ਤੇ ਵੱਖ-ਵੱਖ ਸੰਸਥਾਵਾਂ ਵਲੋਂ ਵੱਖ-ਵੱਖ ਭਾਈਚਾਰਿਆਂ ਦੇ ਸੱਭਿਆਚਾਰ ਅਤੇ ਕਲਚਰਲ ਪ੍ਰੋਗਰਾਮ ਕਰਵਾ ਕੇ ਏਕਤਾ ਦਾ ਸੰਦੇਸ਼ ਦੇ ਰਹੇ ਹਨ। ਉਨ੍ਹਾਂ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੀਆਂ ਭਾਰਤੀ ਮਹਿਲਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਜਿਕਰਯੋਗ ਹੈ ਕਿ, ਨਗਰ ਕੌਂਸਲ ਅਪ੍ਰੀਲੀਆ ਹਰ ਸਾਲ ਵੱਖ-ਵੱਖ ਸੰਸਥਾਵਾਂ ਨਾਲ ਮਿਲ ਕੇ ਸੱਭਿਆਚਾਰਕ ਤੇ ਕਲਚਰਲ ਸਮਾਗਮ ਕਰਵਾਉਣ ਦੀ ਸੇਵਾ ਨਿਭਾਅ ਰਿਹਾ ਹੈ।ਦੱਸਣਯੋਗ ਹੈ ਕਿ, ਇਸ ਸ਼ਹਿਰ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਬੱਚਿਆਂ ਲਈ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੀ ਮਾਂ ਬੋਲੀ ਦੀਆਂ ਕਲਾਸਾਂ ਵੀ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਬੱਚੇ ਇਟਾਲੀਅਨ ਭਾਸ਼ਾ ਦੇ ਨਾਲ- ਨਾਲ ਆਪਣੇ ਦੇਸ਼ਾਂ ਦੀ ਮਾਂ ਬੋਲੀ ਨਾਲ ਵੀ ਜੁੜੇ ਰਹਿਣ। ਦੂਜੇ ਪਾਸੇ ਸੰਸਥਾਵਾਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ, ਔਰਤਾਂ ਨੂੰ ਸਮਾਜ ਵਿੱਚ ਵਿਸ਼ੇਸ਼ ਦਰਜਾ ਦੇਣਾ ਹਰ ਇੱਕ ਦਾ ਫਰਜ਼ ਹੈ, ਕਿਉਂਕਿ ਅੱਜ ਦੇ ਦੌਰ ਵਿੱਚ ਔਰਤਾਂ ਮਰਦਾਂ ਨਾਲੋਂ ਘੱਟ ਨਹੀਂ ਹਨ ਤੇ ਅੱਜ ਦੀਆਂ ਮਹਿਲਾਵਾਂ ਹਰ ਖੇਤਰ ਵਿੱਚ ਆਪਣੇ ਮਾਪਿਆਂ ਤੇ ਦੇਸ਼ ਦਾ ਨਾਮ ਰੌਸ਼ਨ ਕਰਦੀਆਂ ਆ ਰਹੀਆਂ ਹਨ।
