ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਉਤਰ ਪੂਰਬ ਅਮਰੀਕਾ ਵਿਚ ਚਲ ਰਹੇ ਜਬਰਦਸਤ ਬਰਫ਼ੀਲੇ ਤੂਫਾਨ ਕਾਰਨ ਜਨ – ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ ਤੇ ਲੋਕਾਂ ਦਾ ਘਰਾਂ ਵਿਚੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਕਈ ਖੇਤਰਾਂ ਵਿਚ ਅਧਿਕਾਰੀਆਂ ਨੇ ਗੈਰ ਹੰਗਾਮੀ ਯਾਤਰਾ ਉਪਰ ਰੋਕ ਲਾ ਦਿੱਤੀ ਹੈ ਤੇ ਡਰਾਈਵਰਾਂ ਨੂੰ ਗੱਡੀਆਂ ਨਾ ਚਲਾਉਣ ਲਈ ਕਿਹਾ ਗਿਆ ਹੈ। ਫਲਾਈਟ ਅਵੇਅਰ ਅਨੁਸਾਰ ਹਜਾਰਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਨਿਊਆਰਕ ਲਿਬਰਟੀ ਇੰਟਰਨੈਸ਼ਨਲ ਏਅਰ ਪੋਰਟ ਨਿਊਜਰਸੀ ਨੇ ਇਕ ਪ੍ਰੈਸ ਰਲੀਜ ਵਿਚ ਕਿਹਾ ਹੈ ਕਿ ਤੂਫਾਨ ਕਾਰਨ 85% ਸੂਚੀਬੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਮੈਸਾਚੂਸੈਟਸ ਵਿਚ ਇਕ ਲੱਖ ਤੋਂ ਵੱਧ ਖਪਤਕਾਰ ਬਿਜਲੀ ਤੋਂ ਬਿਨਾਂ ਰਹਿ ਰਹੇ ਹਨ। ਇਹ ਹੀ ਹਾਲ ਕੁਝ ਹੋਰ ਖੇਤਰਾਂ ਦਾ ਹੈ। ਐਕੂਵੈਦਰ ਅਨੁਸਾਰ ਦੱਖਣੀ ਤੇ ਪੂਰਬੀ ਨਿਊ ਇੰਗਲੈਂਡ ਸਮੇਤ ਮੱਧ ਐਟਲਾਂਟਿਕ ਤੱਟੀ ਖੇਤਰ ਵਿਚ ਅਜੇ ਹੋਰ ਬਿਜਲੀ ਸੇਵਾ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ। ਲੋਕਾਂ ਨੂੰ ਹਾਲਾਤ ਦਾ ਸਾਹਮਣਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਕੌਮੀ ਮੌਸਮ ਸੇਵਾ ਅਨੁਸਾਰ ਬਰਫੀਲਾ ਤੂਫਾਨ ਮੱਧ ਐਟਲਾਂਟਿਕ ਤੱਟ ਤੋਂ ਉਤਰ ਪੂਰਬ ਤੱਟੀ ਖੇਤਰ ਤੱਕ ਫੈਲੇਗਾ।
ਆਉਣ ਵਾਲੇ ਕੁਝ ਘੰਟਿਆਂ ਤੋਂ ਬਾਅਦ ਤੂਫਾਨ ਕੈਨੇਡਾ ਵਿਚ ਦਾਖਲ ਹੋ ਜਾਵੇਗਾ ਜਿਸ ਤੋਂ ਬਾਅਦ ਹਾਲਾਤ ਸੁਖਾਵੇਂ ਹੋ ਸਕਦੇ ਹਨ। ਫਿਲਹਾਲ 10 ਰਾਜਾਂ ਨੂੰ ਤੁਫਾਨ ਦੀ ਭਿਆਨਕਤਾ ਨੂੰ ਲੈ ਕੇ ਚਿਤਾਵਨੀ ਦਿੱਤੀ ਗਈ ਹੈ। ਇਨ੍ਹਾਂ ਰਾਜਾਂ ਵਿਚ ਮੈਨੀ, ਨਿਊ ਹੈਂਪਸ਼ਾਇਰ, ਮੈਸਾਚੂਸੈਟਸ, ਰੋਡ ਆਈਲੈਂਡ, ਕੈਨੈਕਟੀਕਟ, ਨਿਊਯਾਰਕ, ਨਿਊਜਰਸੀ, ਡੈਲਾਵੇਅਰ, ਮੈਰੀਲੈਂਡ ਤੇ ਵਿਰਜੀਨੀਆ ਸ਼ਾਮਿਲ ਹਨ। ਫਿਲਾਡੈਲਫੀਆ, ਨਿਊਯਾਰਕ ਤੇ ਬੋਸਟਨ ਸਮੇਤ ਪ੍ਰਮੁੱਖ ਸ਼ਹਿਰਾਂ ਨੂੰ ਵੱਖਰੀ ਚਿਤਾਵਨੀ ਦਿੱਤੀ ਗਈ ਹੈ। ਇਥੇ ਜਿਕਰਯੋਗ ਹੈ ਕਿ ਮੈਰੀਲੈਂਡ, ਵਿਰਜੀਨੀਆ ਤੇ ਡੈਲਾਵੇਅਰ ਦੇ ਗਵਰਨਰਾਂ ਨੇ ਸ਼ੁੱਕਰਵਾਰ ਰਾਤ ਨੂੰ ਤੂਫਾਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੰਗਾਮੀ ਹਾਲਾਤ ਦਾ ਐਲਾਨ ਕਰ ਦਿੱਤਾ ਸੀ ਤੇ ਨੈਸ਼ਨਲ ਗਾਰਡ ਦੇ ਮੈਂਬਰਾਂ ਨੂੰ ਰਾਹਤ ਕਾਰਜਾਂ ਲਈ ਤਿਆਰ ਰਹਿਣ ਲਈ ਕਿਹਾ ਗਿਆ ਸੀ।