ਪੰਜਾਬ ਦੀ ਸਿਆਸਤ ਵਿੱਚ ਸ੍ਰੀ ਨਵਜੋਤ ਸਿੰਘ ਸਿੱਧੂ ਤੇ ਡੇਢ ਮਹੀਨਾ ਪਹਿਲਾਂ ਉਨ੍ਹਾਂ ਵੱਲੋਂ ਦਿੱਤੇ ਅਸਤੀਫ਼ੇ ਦੀ ਚਰਚਾ ਚੱਲ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਦਿੱਲੀ ਪੁੱਜੇ ਹੋਏ ਹਨ। ਪੱਤਰਕਾਰਾਂ ਨੇ ਜਦੋਂ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ, ਤਾਂ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਸ੍ਰੀ ਸਿੱਧੂ ਦਾ ਅਸਤੀਫ਼ਾ ਅੱਜ ਮਿਲਿਆ ਹੈ।
ਸੁਆਲਾਂ ਦੇ ਜੁਆਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਉਸ ਅਸਤੀਫ਼ੇ ਨੂੰ ਪੜ੍ਹਨ ਤੋਂ ਬਾਅਦ ਹੀ ਕੋਈ ਫ਼ੈਸਲਾ ਲੈਣਗੇ। ਸ੍ਰੀ ਸਿੱਧੂ ਨੇ ਅਸਤੀਫ਼ਾ ਕਿਉਂ ਦਿੱਤਾ ਹੈ; ਵਾਲੇ ਸੁਆਲ ਦੇ ਜੁਆਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਇਹ ਤਾਂ ਸਿੱਧੂ ਖ਼ੁਦ ਹੀ ਦੱਸ ਸਕਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਦਾ ਵਿਰੋਧ ਨਹੀਂ ਕੀਤਾ। ਸਗੋਂ ਉਨ੍ਹਾਂ ਤਾਂ ਰਾਹੁਲ ਗਾਂਧੀ ਨੂੰ ਬਠਿੰਡਾ ਤੋਂ ਡਾ. ਨਵਜੋਤ ਕੌਰ ਸਿੱਧੂ ਦੇ ਨਾਂਅ ਦਾ ਸੁਝਾਅ ਦਿੱਤਾ ਸੀ ਪਰ ਉਨ੍ਹਾਂ ਨੇ ਬਠਿੰਡਾ ਤੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ; ਜਦ ਕਿ ਇਹ ਫ਼ੈਸਲਾ ਲੈਣ ਦਾ ਹੱਕ ਉਨ੍ਹਾਂ ਨੂੰ ਨਹੀਂ ਸੀ, ਸਗੋਂ ਪਾਰਟੀ ਨੇ ਇਹ ਫ਼ੈਸਲਾ ਲੈਣਾ ਸੀ। ਕੈਪਟਨ ਨੇ ਕਿਹਾ ਕਿ, ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਦਾ ਕੋਈ ਵਿਵਾਦ ਨਹੀਂ ਹੈ। ਮੈਂ ਉਨ੍ਹਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਵਾਲਾ ਅਹੁਦਾ ਸੌਂਪਿਆ ਸੀ। ਕੈਬਿਨੇਟ ਛੱਡਣ ਦਾ ਫ਼ੈਸਲਾ ਉਨ੍ਹਾਂ ਦਾ ਖ਼ੁਦ ਦਾ ਹੈ। ਅਸਤੀਫ਼ਾ ਉਨ੍ਹਾਂ ਨੂੰ ਮਿਲ ਗਿਆ ਹੈ; ਇਸ ਲਈ ਉਸ ਨੂੰ ਪੜ੍ਹਨ ਤੋਂ ਪਿੱਛੇ ਸੋਚ–ਵਿਚਾਰ ਕੇ ਹੀ ਫ਼ੈਸਲਾ ਕਰਾਂਗਾ ਕਿ ਕੀ ਕਰਨਾ ਹੈ।