ਵੀਨਸ (ਇਟਲੀ) 11 ਸਤੰਬਰ – ਇਟਲੀ ਦੇ ਵਿਚੈਂਸਾ ਜਿਲ੍ਹੇ ਦੇ ਆਰਜੀਨਿਆਨੋ ਸ਼ਹਿਰ ਵਿਖੇ ਸਥਿਤ ਸਨਾਤਨ ਧਰਮ ਮੰਦਰ ਆਰਜੀਨਿਆਨੋ ਮੰਦਰ ਕਮੇਟੀ ਦੁਆਰਾ ਹਰੇਕ ਸਾਲ ਦੇ ਵਾਂਗ ਇਸ ਵਾਰ ਵੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਜਿਸ ਵਿੱਚ ਇਟਲੀ ਭਰ ਤੋਂ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਸ਼ੋਭਾ ਯਾਤਰਾ ਦਾ ਆਰੰਭ ਮੰਦਰ ਤੋਂ ਹੀ ਹੋਇਆ ਅਤੇ ਪੂਰੇ ਆਰਜੀਨਿਆਨੋ ਸ਼ਹਿਰ ਦੀ ਪਰਿਕਰਮਾ ਕਰਨ ਉਪਰੰਤ ਇਹ ਯਾਤਰਾ ਸਮਾਪਤ ਹੋਈ। ਹਰੇ ਰਾਮਾ ਮੰਦਰ ਅਲਬੀਤੋਨੇ ਅਤੇ ਸਾਵੋਨਾ ਤੋਂ ਇਟਾਲੀਅਨ ਹਿੰਦੂ ਭਾਈਚਾਰੇ ਨੇ ਵੀ ਇਸ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕੀਤੀ। ਇਟਾਲੀਅਨ ਪੁਲਿਸ ਤੇ ਪ੍ਰਸ਼ਾਸਨਕ ਅਧਿਕਾਰੀ ਤੇ ਸ਼ਹਿਰ ਦੇ ਮੇਅਰ ਨੇ ਵੀ ਉਚੇਚੇ ਤੌਰ ‘ਤੇ ਪਹੁੰਚ ਕੇ ਹਿੰਦੂ ਭਾਈਚਾਰੇ ਨੂੰ ਜਨਮ ਅਸ਼ਟਮੀ ਅਤੇ ਇਸ ਸਲਾਨਾ ਸ਼ੋਭਾ ਯਾਤਰਾ ਦੀ ਵਧਾਈ ਦਿੱਤੀ। ਇਸ ਮੌਕੇ ਭਗਤਾਂ ਦੁਆਰਾ ਸ਼੍ਰੀ ਕ੍ਰਿਸ਼ਨ ਜੀ ਨਾਲ ਸਬੰਧਿਤ ਝਾਕੀਆਂ ਵੀ ਕੱਢੀਆਂ ਅਤੇ ਭਜਨਾਂ ਦਾ ਗੁਣ ਗਾਇਨ ਕੀਤਾ ਤੇ ਖੁਸ਼ੀ ‘ਚ ਭੰਗੜੇ ਵੀ ਪਾਏ। ਇਸ ਮੌਕੇ ਮੰਦਰ ਕਮੇਟੀ ਆਰਜੀਨਿਆਨੋ ਦੁਆਰਾ ਸਮੂਹ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਗਿਆ। ਸ਼ੋਭਾ ਯਾਤਰਾ ਦੌਰਾਨ ਇਟਲੀ ਦੇ ਵੱਖ ਵੱਖ ਇਲਾਕਿਆਂ ਤੋਂ ਮੰਦਰ ਕਮੇਟੀਆਂ ਤੇ ਅਹੁਦੇਦਾਰ ਤੇ ਮੈਂਬਰ ਵੀ ਪਹੁੰਚੇ।