2020 ਵਿੱਚ ਹੁਣ ਤੱਕ ਰਹੇ ਸੱਭਿਆਚਾਰਕ, ਧਾਰਮਿਕ ਪ੍ਰੋਗਰਾਮਾਂ ਤੋਂ ਵਾਂਝੇ
ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਵਿੱਚ ਫਰਵਰੀ 2020 ਤੋਂ ਹੀ ਕੋਰੋਨਾ ਵਾਇਰਸ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ, ਪੂਰੀ ਦੁਨੀਆ ਵਿੱਚ ਕਿਸੇ ਨੇ ਵੀ ਪਹਿਲਾਂ ਕਦੇ ਇਸ ਨਾਮੁਰਾਦ ਬਿਮਾਰੀ ਬਾਰੇ ਨਹੀਂ ਸੁਣਿਆ ਸੀ. ਇਸ ਸਾਲ ਕੋਰੋਨਾ ਵਾਇਰਸ ਬਾਰੇ ਹੀ ਜ਼ਿਆਦਾ ਖ਼ਬਰਾਂ ਹੀ ਸੁਣਦੇ ਆ ਰਹੇ ਹਾਂ, ਕੋਰੋਨਾ ਵਾਇਰਸ ਨੇ ਜਿੱਥੇ ਕਾਫ਼ੀ ਲੋਕਾਂ ਨੂੰ ਅਤੇ ਦੇਸ਼ ਦੀਆਂ ਸਰਕਾਰਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਹੈ, ਉਥੇ ਕਿਤੇ ਨਾ ਕਿਤੇ ਕੋਰੋਨਾ ਵਾਇਰਸ ਨੇ ਲੋਕਾਂ ਦੀ ਮਾਨਸਿਕਤਾ ਨੂੰ ਵੀ ਸੱਟ ਮਾਰੀ ਹੈ. ਇਟਲੀ ਦੇ ਵਿੱਚ ਕੋਰੋਨਾ ਵਾਇਰਸ ਚੀਨ ਤੋਂ ਬਾਅਦ ਬਹੁਤ ਜ਼ਿਆਦਾ ਤੇਜੀ ਨਾਲ ਸ਼ੁਰੂ ਹੋਇਆ ਸੀ, ਤੇ ਲੋਕਾਂ ਨੂੰ ਕਾਫੀ ਦਿਨਾ ਲੰਬਾ ਲਾਕਡਾਊਨ ਦੇਖਣਾ ਪਿਆ ਸੀ. ਇਟਲੀ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਵੀ ਕੋਰੋਨਾ ਵਾਇਰਸ ਨਾਲ ਕਾਫ਼ੀ ਤੰਗੀਆਂ ਦਾ ਸਾਹਮਣਾ ਕਰਨਾ ਪਿਆ ਹੈ. ਜਿੱਥੇ ਇੱਕ ਪਾਸੇ ਕਾਫ਼ੀ ਲੋਕਾਂ ਨੂੰ ਕੰਮਾਂ ਦੀਆਂ ਤੰਗੀਆਂ ਦੇਖਣੀਆਂ ਪਈਆਂ ਹਨ, ਉਥੇ ਦੂਸਰੇ ਪਾਸੇ ਇਹ ਭਾਰਤੀ ਭਾਈਚਾਰਾ ਆਪਣੇ ਸੱਭਿਆਚਾਰਕ, ਧਾਰਮਿਕ ਪ੍ਰੋਗਰਾਮਾਂ ਤੋਂ ਵੀ ਵਾਂਝਾ ਹੀ ਰਿਹਾ ਹੈ, ਅਤੇ ਕਾਫ਼ੀ ਗਿਣਤੀ ਦੇ ਵਿੱਚ ਜੋ ਲੋਕ ਹਰ ਸਾਲ ਆਪਣੇ ਵਤਨ ਗੇੜਾ ਮਾਰਨ ਦੇ ਇੱਛੁਕ ਹੁੰਦੇ ਹਨ, ਉਹ ਵੀ ਕਿਤੇ ਨਾ ਕਿਤੇ ਕੋਰੋਨਾ ਵਾਇਰਸ ਨੂੰ ਇਸ ਪਿੱਛੇ ਕੋਸ ਰਹੇ ਹਨ, ਕਿਉਂਕਿ ਜ਼ਿਆਦਾਤਰ ਉਡਾਣਾਂ ਨਾ ਹੋਣ ਕਰਕੇ ਅਤੇ ਕੋਰੋਨਾ ਵਾਇਰਸ ਦੇ ਕਰਕੇ ਸਖ਼ਤੀ ਹੋਣ ਕਰਕੇ ਬਹੁਤੇ ਲੋਕ ਅਗਸਤ ਦੀਆਂ ਛੁੱਟੀਆਂ ਦੇ ਵਿੱਚ ਆਪਣੇ ਵਤਨ ਫੇਰਾ ਨਹੀਂ ਪਾ ਸਕੇ. ਉਧਰ ਸਤੰਬਰ ਮਹੀਨੇ ਤੋਂ ਇਟਲੀ ਦੇ ਵਿਚ ਦੁਬਾਰਾ ਕੋਰੋਨਾ ਵਾਇਰਸ ਨਾਲ ਸਬੰਧਤ ਕੇਸਾਂ ਵਿੱਚ ਮੁੜ ਤੋਂ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਰਕੇ ਹੁਣ ਇਟਲੀ ਸਰਕਾਰ ਦੁਆਰਾ ਸਖ਼ਤੀ ਕਰ ਦਿੱਤੀ ਗਈ.
ਇਟਲੀ ਦੀ ਫਰਨੇਸੀਨਾਂ ਏਜੰਸੀ ਨੇ ਆਪਣੇ ਨਾਗਰਿਕਾਂ ਨੂੰ ਇਟਲੀ ਤੋਂ ਬਾਹਰ ਦੂਸਰੇ ਦੇਸ਼ਾਂ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ, ਇਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਦਸੰਬਰ ਦੇ ਵਿੱਚ ਹੋਣ ਵਾਲੀਆਂ ਛੁੱਟੀਆਂ ਵਿੱਚ ਵੀ ਇਸ ਵਾਰ ਭਾਰਤੀ ਭਾਈਚਾਰੇ ਦੇ ਲੋਕ ਆਪਣੇ ਵਤਨ ਫੇਰਾ ਨਹੀਂ ਪਾ ਸਕਣਗੇ, ਕਿਉਂ ਕਿ ਇਸ ਏਜੰਸੀ ਨੇ ਇਸ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੇ ਵਧਣ ਦਾ ਹਵਾਲਾ ਦਿੱਤਾ ਹੈ ਅਤੇ ਇਹ ਕਿਹਾ ਹੈ ਕਿ ਉਨ੍ਹਾਂ ਨੂੰ ਦੁਬਾਰਾ ਵਾਪਸ ਆਉਣ ਦੀ ਮੁਸ਼ਕਿਲ ਆ ਸਕਦੀ ਹੈ, ਉਧਰ ਦੂਸਰੇ ਪਾਸੇ ਇਟਲੀ ਰਹਿੰਦਾ ਭਾਰਤੀ ਭਾਈਚਾਰਾ ਆਪਣੇ ਸੱਭਿਆਚਾਰਕ, ਧਾਰਮਿਕ ਪ੍ਰੋਗਰਾਮਾਂ ਤੋਂ ਵੀ ਇਸ ਵਾਰ ਵਾਂਝਾ ਹੋਇਆ ਜਾਪਦਾ ਨਜ਼ਰ ਆ ਰਿਹਾ ਹੈ. ਇਸ ਸਾਲ ਇਟਲੀ ਦੇ ਵਿੱਚ ਭਾਰਤੀ ਭਾਈਚਾਰੇ ਦੇ ਨਾਲ ਸੰਬੰਧਤ ਨਾ ਤਾਂ ਬਹੁਤੇ ਜ਼ਿਆਦਾ ਧਾਰਮਿਕ, ਅਤੇ ਸੱਭਿਆਚਾਰਕ ਪ੍ਰੋਗਰਾਮ ਹੋਏ ਹਨ. ਇਸ ਤੋਂ ਇਲਾਵਾ ਹਰ ਸਾਲ ਕਬੱਡੀ ਦੀਆਂ ਖੇਡਾਂ ਦੇਖਣ ਵਾਲਾ ਭਾਰਤੀ ਭਾਈਚਾਰੇ ਦੇ ਲੋਕ ਇਸ ਵਾਰ ਵਾਂਝੇ ਰਹਿ ਗਏ ਹਨ. ਹੁਣ ਜਿਵੇਂ ਕਿ ਭਾਰਤੀ ਭਾਈਚਾਰੇ ਨਾਲ ਸਬੰਧਤ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ, ਕੋਰੋਨਾ ਵਾਇਰਸ ਦੇ ਵਧਣ ਨਾਲ ਸਰਕਾਰ ਦੁਆਰਾ ਕੀਤੀ ਗਈ ਸਖ਼ਤੀ ਕਰਕੇ ਭਾਰਤੀ ਭਾਈਚਾਰੇ ਨਾਲ ਸਬੰਧਤ ਧਾਰਮਿਕ ਸਥਾਨਾਂ ਵੱਲੋਂ ਵੀ ਇਹ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ. ਇਸ ਵਜ੍ਹਾ ਕਰਕੇ ਹੁਣ ਜ਼ਿਆਦਾਤਰ ਤਿਉਹਾਰ ਲੋਕ ਜ਼ਿਆਦਾਤਰ ਘਰੇ ਬੈਠ ਕੇ ਹੀ ਮਨਾਉਣ ਲਈ ਮਜਬੂਰ ਹੋਣਗੇ।
ਇਸ ਦੇ ਨਾਲ ਨਾਲ ਇਟਲੀ ਵਿੱਚ ਬਹੁਤ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਵੱਲੋਂ ਕਿਸੇ ਨਾ ਕਿਸੇ ਤਰੀਕੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨਾ ਵੀ ਜ਼ਰੂਰੀ ਹੋਵਗੀ, ਕਿਉਂਕਿ ਪ੍ਰਸ਼ਾਸਨ ਵੱਲੋਂ ਜ਼ਿਆਦਾ ਇੱਕਠ ਕਰਨ ਤੇ ਪਾਬੰਦੀ ਲਗਾਈ ਜਾ ਚੁੱਕੀ ਹੈ,ਅਤੇ ਜੇ ਉਹ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾਂਦੇ ਵੀ ਹਨ ਤਾਂ ਬਹੁਤਾ ਲੰਬਾ ਸਮਾਂ ਉਸ ਜਗ੍ਹਾ ਤੇ ਨਹੀਂ ਰਹਿ ਸਕਣਗੇ। ਜਿਸ ਕਰ ਕੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਤਿਉਹਾਰ ਆਪਣੇ ਧਾਰਮਿਕ ਸਥਾਨਾਂ ਤੇ ਨਾ ਮਨਾਉਣ ਦਾ ਇਲਮ ਵੀ ਰਹੇਗਾ।
ਦੱਸਣਯੋਗ ਹੈ ਕਿ ਇਟਲੀ ਸਰਕਾਰ ਵਲੋਂ ਬੀਤੇ ਦਿਨੀਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਜਿਸ ਵਿੱਚ ਜੇਕਰ ਕੋਈ ਵੀ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਉਸਨੂੰ ਭਾਰੀ ਮਾਤਰਾ ਵਿੱਚ ਜੁਰਮਾਨੇ ਵੀ ਕੀਤੇ ਜਾ ਸਕਦੇ ਹਨ ਅਤੇ ਕੀਤੇ ਵੀ ਜਾ ਰਹੇ ਹਨ.