ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਜਿੱਥੇ ਪੰਜਾਬ ਸਮੇਤ ਪੂਰੇ ਭਾਰਤ ਦੇ ਕਿਸਾਨਾਂ ਵਲੋਂ ਦਿੱਲੀ ਵਿਖੇ ਖੇਤੀ ਆਰਡੀਨੈਂਸ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉਥੇ ਦੂਜੇ ਪਾਸੇ ਵੱਖ-ਵੱਖ ਦੇਸ਼ਾਂ ਦੇ ਵਿੱਚ ਵਸਦੇ ਪੰਜਾਬੀਆਂ ਵਲੋਂ ਵਿਦੇਸ਼ਾਂ ਦੀ ਧਰਤੀ ਤੋ ਸਮਰਥਨ ਮਿਲਣਾ ਸ਼ੁਰੂ ਹੋ ਚੁੱਕਿਆ ਹੈ. ਇੱਥੋਂ ਤੱਕ ਕਿ ਕਈ ਵਿਦੇਸ਼ੀ ਅਖ਼ਬਾਰਾਂ ਵਿੱਚ ਵੀ ਇਸ ਸੰਘਰਸ਼ ਦੀ ਚਰਚਾ ਚੱਲ ਰਹੀ ਹੈ. ਇਟਲੀ ਦੀ ਸਮਾਜ ਸੇਵੀ ਸੰਸਥਾ ‘ਆਸ ਦੀ ਕਿਰਨ’ ਦੁਆਰਾ ਵੀ ਕਿਸਾਨਾਂ ਦੇ ਹੱਕ ਵਿੱਚ ਅਤੇ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਇੱਕ ਮੀਟਿੰਗ ਕੀਤੀ ਗਈ. ਸੰਸਥਾ ਦੇ ਮੈਂਬਰਾਂ ਦੁਆਰਾ ਕਿਹਾ ਗਿਆ ਕਿ, ਜਿਸ ਤਰ੍ਹਾਂ ਸਰਕਾਰ ਦੁਆਰਾ ਖੇਤੀਬਾੜੀ ਬਿੱਲ ਬਣਾ ਕੇ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਦਾ ਤਾਨਾਸ਼ਾਹੀ ਰਵੱਈਆ ਸਾਹਮਣੇ ਆਇਆ ਹੈ. ਜਦੋਂ ਕਿਸਾਨਾਂ ਨੂੰ ਆਪਣੇ ਹੱਕ ਨਾ ਮਿਲਦੇ ਨਜ਼ਰ ਆਏ ਤਾਂ ਉਨ੍ਹਾਂ ਵੱਲੋਂ ਸਰਕਾਰ ਦੇ ਵਿਰੁੱਧ ਬਿਗਲ ਵਜਾ ਦਿੱਤਾ ਅਤੇ ਸਰਕਾਰ ਦੇ ਵਿਰੁੱਧ ਦਿੱਲੀ ਵਿੱਚ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ, ਜਦ ਕਿ ਹਰਿਆਣਾ ਸਰਕਾਰ ਅਤੇ ਕੇਂਦਰ ਦੀ ਸਰਕਾਰ ਦੁਆਰਾ ਕਿਸਾਨਾਂ ਨੂੰ ਦਿੱਲੀ ਪੁੱਜਣ ਤੋਂ ਰੋਕਣ ਲਈ ਕਾਫ਼ੀ ਯਤਨ ਕੀਤੇ ਗਏ, ਜੋ ਕਿ ਲੋਕਤੰਤਰ ਦੇ ਅਧਿਕਾਰਾਂ ਨੂੰ ਚੁਣੌਤੀ ਦਿੱਤੀ ਗਈ ਹੈ, ਜਦ ਕਿ ਲੋਕਤੰਤਰ ਵਿੱਚ ਹਰ ਇੱਕ ਨੂੰ ਆਪਣੇ ਹੱਕਾਂ ਲਈ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ. ਉਨ੍ਹਾਂ ਇਹ ਵੀ ਕਿਹਾ ਕਿ ਹੁਣ ਵੀ ਕਿਸਾਨ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ. ਇਨ੍ਹਾਂ ਆਗੂਆਂ ਦੁਆਰਾ ਸਰਕਾਰ ਨੂੰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਅਪੀਲ ਵੀ ਕੀਤੀ ਗਈ। ਆਗੂਆਂ ਦਾ ਕਹਿਣਾ ਹੈ ਕਿ ਸਰਕਾਰਾਂ ਦਾ ਕੰਮ ਦੇਸ਼ ਦੇ ਲੋਕਾਂ ਨੂੰ ਸੁਵਿਧਾ ਦੇਣਾ ਹੁੰਦਾ ਹੈ ਨਾ ਕਿ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਉਨ੍ਹਾਂ ਦੇ ਹੱਕ ਖੋਹਣ ਦਾ. ਸੰਸਥਾ ਦੇ ਵਲੋਂ ਐਲਾਨ ਕੀਤਾ ਗਿਆ ਹੈ ਕਿ ਅਸੀਂ ਕਿਸਾਨਾਂ ਲਈ ਮਦਦ ਲਈ ਤਿਆਰ ਹਾਂ, ਦੂਜੇ ਪਾਸੇ ਜੋ ਵਿਅਕਤੀ ਇਸ ਸਘੰਰਸ਼ ਦੌਰਾਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ, ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਵੀ ਸਾਂਝਾ ਕੀਤਾ ਗਿਆ, ਅਤੇ ਜਿਹੜੇ ਪਰਿਵਾਰਾਂ ਦੇ ਮੈਂਬਰ ਇਸ ਸਘੰਰਸ਼ ਵਿੱਚ ਸ਼ਹੀਦ ਹੋਏ ਹਨ ਉਨ੍ਹਾਂ ਨੂੰ ਆਰਥਿਕ ਸਹਾਇਤਾ ਵੀ ਦਿੱਤੀ ਜਾਵੇਗੀ। ਦੂਜੇ ਪਾਸੇ ਆਗੂਅਆਂ ਵਲੋਂ ਇਟਲੀ ਅਤੇ ਹੋਰ ਵਿਦੇਸ਼ਾਂ ਵਿੱਚ ਵਸਦੇ ਸਮੂਹ ਭਾਈਚਾਰੇ ਨੂੰ ਇਸ ਸਮੇਂ ਕਿਸਾਨਾਂ ਦਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ ਹੈ.