ਮਿਲਾਨ (ਇਟਲੀ) 1 ਅਗਸਤ (ਸਾਬੀ ਚੀਨੀਆਂ) – ਇਟਲੀ ਵਰਗੇ ਦੇਸ਼ ਵਿਚ ਜਿੱਥੇ ਨੌਜਵਾਨ ਪੀੜ੍ਹੀ ਫੁੱਟਬਾਲ ਵਰਗੀਆਂ ਮਹਿੰਗੀਆਂ ਖੇਡਾਂ ਵਿਚੋਂ ਆਪਣਾ ਸੁਨਹਿਰੀ ਭਵਿੱਖ ਤਲਾਸ਼ਣ ਲਈ ਦਿਨ ਰਾਤ ਇਕ ਕਰ ਰਹੇ ਹੋਣ, ਉੱਥੇ ਪਹਿਲਵਾਨੀ ਦਾ ਸ਼ੌਕ ਰੱਖਣਾ ਤੇ ਫਿਰ ਹਰ ਖੇਡ ਮੇਲੇ ਵਿਚ ਜੇਤੂ ਹੋਣਾ ਕਿਸੇ ਵੱਡੀ ਕਾਮਯਾਬੀ ਤੋਂ ਘੱਟ ਨਹੀਂ ਆਖਿਆ ਜਾ ਸਕਦਾ। 13 ਸਾਲਾਂ ਦਾ ਹਰਜੋਤ ਸਿੰਘ ਗਰੇਵਾਲ 41 ਕਿਲੋ ਭਾਰ ਵਰਗ ਵਿਚ ਆਪਣੇ ਤੋਂ ਵੱਡੀ ਉਮਰ ਦੇ ਪਹਿਲਵਾਨਾਂ ਨੂੰ ਚਿੱਤ ਕਰਕੇ ਸਭ ਦੀਆਂ ਅੱਖਾਂ ਦਾ ਤਾਰਾ ਬਣਿਆ ਹੋਇਆ ਹੈ। ਇਟਲੀ ਵਿਚ ਪਹਿਲਵਾਨੀ ਨੂੰ ਕੋਈ ਖਾਸ ਅਹਿਮੀਅਤ ਨਹੀਂ ਦਿੱਤੀ, ਪਰ ਫਿਰ ਵੀ ਹਰਜੋਤ ਆਪਣੀ ਵਿਰਾਸਤੀ ਖੇਡ ਕੁਸ਼ਤੀ ਦਾ ਝੰਡਾ ਬੁਲੰਦ ਕਰ ਰਿਹਾ ਹੈ।
ਇਥੇ ਹੋ ਰਹੇ ਖੇਡ ਮੇਲਿਆਂ ਤੇ ਕਬੱਡੀ ਕੱਪਾਂ ਵਿਚ ਪੰਜਾਬੀ ਸਰੋਤੇ ਉਸਦੀ ਕੁਸ਼ਤੀ ਦਾ ਪੂਰਾ ਆਨੰਦ ਮਾਣ ਰਹੇ ਹਨ। ਹੱਥਾਂ ਵਿਚ ਪੀਲੇ ਰੰਗ ਦੀ ਝੰਡੀ ਫੜ ਜਦੋਂ ਹਰਜੋਤ ਗਰਾਊਂਡ ਦਾ ਗੇੜਾ ਕੱਢ ਕੇ ਆਪਣੇ ਹਮ ਉਮਰ ਦੇ ਬੱਚਿਆਂ ਨੂੰ ਘੋਲ ਕਰਨ ਲਈ ਲਲਕਾਰਦਾ ਹੈ, ਸੱਚੀ ਪੰਜਾਬ ਦੇ ਕੁਸ਼ਤੀ ਅਖਾੜਿਆਂ ਦੀਆਂ ਯਾਦਾਂ ਤਾਜੀਆਂ ਕਰਵਾ ਦਿੰਦਾ ਹੈ। ਆਪਣੇ ਪਿਤਾ ਰਣਜੀਤ ਸਿੰਘ ਗਰੇਵਾਲ ਤੋਂ ਕੁਸ਼ਤੀ ਦੇ ਦਾਅ ਪੇਚ ਸਿੱਖ ਰਿਹਾ ਹਰਜੋਤ ਪੰਜਾਬੀ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਅਥਾਹ ਪਿਆਰ ਕਰਦਾ ਹੈ, ਪਰ ਉਸਦਾ ਕਹਿਣਾ ਹੈ ਕਿ, ਉਸਦੀ ਉਮਰ ਦੇ ਬਹੁਤ ਘੱਟ ਬੱਚੇ ਹਨ ਜੋ ਕਬੱਡੀ ਜਾਂ ਪਹਿਲਵਾਨੀ ਦਾ ਸ਼ੌਕ ਰੱਖਦੇ ਹੋਣ। ਦੱਸਣਯੋਗ ਹੈ ਕਿ ਇਸ ਛੋਟੇ ਪਹਿਲਵਾਨ ਨੂੰ ਮਾਨਤੋਵਾ, ਨੋਵੇਲਾਰਾ, ਬੈਰਗਾਮੋ ਅਤੇ ਬਰੇਸ਼ੀਆ ਵਿਖੇ ਹੋਏ ਮੁਕਾਬਲਿਆਂ ਵਿਚ ਜੇਤੂ ਰਹਿਣ ‘ਤੇ ਵਿਸ਼ੇਸ਼ ਤੌਰ ‘ਤੇ ਸਨਮਾਨ੍ਹ ਮਿਲ ਚੁੱਕੇ ਹਨ। ਉਸ ਵੱਲ ਵੇਖਕੇ ਬਹੁਤ ਸਾਰੇ ਪੰਜਾਬੀ ਬੱਚਿਆਂ ਦਾ ਪਹਿਲਵਾਨੀ ਵੱਲ ਰੁਝਾਨ ਵਧਿਆ ਹੈ।