ਤ੍ਰਿਏਸਤੇ (ਇਟਲੀ) 25 ਨਵੰਬਰ (ਸਾਬੀ ਚੀਨੀਆਂ) – ਇਟਲੀ ਦੇ ਸ਼ਹਿਰ ਤ੍ਰਿਏਸਤੇ ਵਿਚ ਰਿਪਬੁਲਕਨ ਮੂਲ ਦੇ ਦੋ ਸਕੇ ਭਰਾਵਾਂ ਵੱਲੋਂ ਪੁਲਿਸ ਹਿਰਾਸਤ ‘ਚੋਂ ਭੱਜਣ ਦੇ ਮਕਸਦ ਨਾਲ ਕੀਤੀ ਗੋਲੀਬਾਰੀ ਵਿਚ 2 ਪੁਲਿਸ ਅਧਿਕਾਰੀਆਂ ਦੀਆਂ ਕੀਮਤੀ ਜਾਨਾਂ ਚਲੇ ਜਾਣ ਦੀਆਂ ਖਬਰਾਂ ਤਾਂ ਸਭ ਨੇ ਸੁਣੀਆਂ ਹੋਣਗੀਆਂ। ਇਨ੍ਹਾਂ ਪੁਲਿਸ ਮੁਲਾਜਮਾਂ ਨੂੰ ਯਾਦ ਕਰਦਿਆਂ ਇਟਲੀ ਵਿਚ ਭਾਰਤੀ ਭਾਈਚਾਰੇ ਵੱਲੋਂ ‘ਆਸ ਦੀ ਕਿਰਨ’ ਸਮਾਜ ਸੇਵੀ ਸੰਸਥਾ ਅਤੇ ਨਗਰ ਕੌਂਸਲਰ ਅਪ੍ਰੀਲੀਆ ਦੇ ਸਹਿਯੋਗ ਨਾਲ ‘ਪਿੰਦਰ ਬਾਰ’ ਦੇ ਨੇੜ੍ਹੇ ਕਰਵਾਏ ਸ਼ਰਧਾਂਜਲੀ ਸਮਾਗਮ ਵਿਚ ਸਥਾਨਕ ਮੇਅਰ ਅਤੇ ਪੁੱਜੇ ਹੋਏ ਹੋਰ ਅਧਿਕਾਰੀਆਂ ਵੱਲੋਂ ਡਿਊਟੀ ਦੌਰਾਨ ਮਰੇ ਦੋਵੇਂ ਪੁਲਿਸ ਅਧਿਕਾਰੀਆਂ ਨੂੰ ਕਂੈਡਲ ਮਾਰਚ ਕੱਢ ਕੇ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਮਾਰੇ ਗਏ ਪੁਲਿਸ ਮੁਲਾਜਮਾਂ ਦੀ ਯਾਦ ਵਿਚ ਭਾਰਤੀ ਭਾਈਚਾਰੇ ਵੱਲੋਂ ਸ਼ਰਧਾਂਜਲੀ ਸਮਾਗਮ ਕਰਵਾ ਕੇ ਇਕ ਚੰਗੀ ਪਹਿਲਕਦਮੀ ਕੀਤੀ ਗਈ। ਮੇਅਰ ਨੇ ਪੁਲਿਸ ਮੁਲਾਜਮਾਂ ਨੂੰ ਯਾਦ ਕਰਦਿਆਂ ਆਖਿਆ ਕਿ, ਇਟਲੀ ਦੇ ਨਾਗਰਿਕ ਆਪਣੇ ਪੁਲਿਸ ਮੁਲਾਜਮਾਂ ਦੀ ਕੁਰਬਾਨੀ ਨੂੰ ਕਦੇ ਨਹੀ ਭੁੱਲ ਪਾਉਣਗੇ ਅਤੇ ਇਸ ਦੇਸ਼ ਵਿਚ ਰਹਿਣ ਵਾਲਾ ਇਕ ਇਕ ਵਿਅਕਤੀ ਉਨ੍ਹਾਂ ਦੁਆਰਾ ਦਿੱਤੀ ਗਈ ਕੁਰਬਾਨੀ ਨੂੰ ਸੈਲੂਟ ਕਰਦਾ ਹੈ। ਦੱਸਣਯੋਗ ਹੈ ਕਿ ਰਾਸ਼ਟਰਪਤੀ ਸੇਰਜੋ ਮਾਤੇਰੇਲਾ ਵੱਲੋਂ ਇਸ ਘਟਨਾ ਦੀ ਕੜ੍ਹੇ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੁਰਮ ਵਿਚ ਵਾਧਾ ਇਮੀਗ੍ਰੇਸ਼ਨ ਨੂੰ ਦਿੱਤੀ ਖੁੱਲ੍ਹ ਕਾਰਨ ਹੀ ਹੋਇਆ ਹੈ। ਜਿਕਰਯੋਗ ਹੈ ਕਿ ਮਾਰੇ ਗਏ ਦੋਵੇਂ ਪੁਲਿਸ ਅਧਿਕਾਰੀ ਨਾਪੋਲੀ ਤੇ ਵਿਲੇਤਰੀ ਦੇ ਰਹਿਣ ਵਾਲੇ ਸਨ।