in

ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ ਦਾ ਦੇਹਾਂਤ

ਰੋਮ (ਦਲਵੀਰ ਕੈਂਥ,ਟੇਕ ਚੰਦ ਜਗਤਪੁਰ) – ਇਟਲੀ ਦੀ ਸਿਆਸਤ ਵਿੱਚ ਹਮੇਸ਼ਾਂ ਸਰਗਰਮ ਰਹਿਣ ਵਾਲੇ ਤੇ ਲੋਕਾਂ ਦੇ ਪਿਆਰੇ ਨੇਤਾ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ (86) ਦਾ ਅੱਜ 9:30 ਵਜੇ ਮਿਲਾਨ ਦੇ ਸਨ ਰਾਫੇਲੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਇਟਲੀ ਦੀ ਸਿਆਸਤ ਦੇ ਧੁਰੇ ਵਜੋਂ ਜਾਣੀ ਜਾਂਦੀ ‘ਫੋਰਜ਼ਾ ਇਤਾਲੀਆ’ ਪਾਰਟੀ ਦੇ ਮੁੱਖੀ ਬਰਲੁਸਕੋਨੀ ਪਿਛਲੇ ਸ਼ੁੱਕਰਵਾਰ ਤੋਂ ਹਸਪਤਾਲ ਦਾਖਲ ਸੀ, ਕਿਉਂਕਿ ਉਹ ਪੁਰਾਣੀ ਮਾਈਲੋਮੋਨੋਸਾਈਟਿਕ ਲਿਊਕੇਮੀਆ ਨਾਮ ਦੀ ਬਿਮਾਰੀ ਤੋਂ ਪੀੜ੍ਹਤ ਸਨ, ਜਿਸ ਦੀ ਜਾਂਚ, ਟੈਸਟਾਂ ਆਦਿ ਲਈ ਉਹਨਾਂ ਨੂੰ ਹਸਪਤਾਲ ਦਾਖਲ ਕੀਤਾ ਗਿਆ ਸੀ. ਇਸ ਬਿਮਾਰੀ ਦੇ ਪ੍ਰਭਾਵ ਕਾਰਨ ਮਰਹੂਮ ਬਰਲੁਸਕੋਨੀ ਦੀ ਹਾਲਤ ਸਥਿਰ ਹੋਣ ਦੀ ਬਜਾਇ ਨਿੰਰਤਰ ਵਿਗੜ ਰਹੀ ਸੀ ਤੇ ਅੱਜ 12 ਜੂਨ ਨੂੰ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ।
ਸਿਲਵੀਓ ਬਰਲੁਸਕੋਨੀ ਦੀ ਮੌਤ ਨਾਲ ਪੂਰੇ ਦੇਸ਼ ਵਿੱਚ ਮਾਤਮ ਛਾ ਗਿਆ ਹੈ, ਕਿਉਂਕਿ ਉਹ ਇਟਲੀ ਦੇ ਜਿੱਥੇ 4 ਵਾਰ ਪ੍ਰਧਾਨ ਮੰਤਰੀ ਰਹੇ ਉੱਥੇ ਸਿਆਸੀ ਪਾਰਟੀ ‘ਫੋਰਜ਼ਾ ਇਤਾਲੀਆ’ ਦੇ ਸੰਸਥਾਪਕ ਵੀ ਸਨ। ਉਹਨਾਂ ਦੇ ਜਾਣ ਨਾਲ ਇੱਕ ਯੁੱਗ ਦਾ ਸੂਰਜ ਡੁੱਬ ਗਿਆ ਹੈ। ਮਰਹੂਮ ਸਿਲਵੀਓ ਬਰਲੁਸਕੋਨੀ ਸੰਨ 1994 ‘ਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ, ਫਿਰ 2001, 2005 ਤੇ 2008 ਵਿੱਚ ਇਟਲੀ ਦੇ ਪ੍ਰਧਾਨ ਮੰਤਰੀ ਬਣੇ। ਉਹ ਅਜਿਹੇ ਰਾਜਨੇਤਾ ਸਨ ਜੋ ਰਿਪਬਲਿਕਨ ਇਟਲੀ ਦੇ ਪ੍ਰਧਾਨ ਮੰਤਰੀ ਦੀ ਭੂਮਿਕਾ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਅਹੁਦੇ ‘ਤੇ ਬਿਰਾਜਮਾਨ ਰਹੇ। ਇਟਲੀ ਦੀ ਰਾਜਨੀਤੀ ਵਿੱਚ ਸਿਲਵੀਓ ਬਰਲੁਸਕੋਨੀ ਨੂੰ ਕਿੰਗਮੇਕਰ ਮੰਨਿਆ ਜਾਂਦਾ ਸੀ ਅਤੇ ਆਪਣੇ ਰਾਜਨੀਤਿਕ ਕੈਰੀਅਰ ਦੇ ਸਿਖਰ ‘ਤੇ ਉਹ ਇਟਲੀ ਵਿੱਚ ਸੱਤਾ ਦੇ ਕੇਂਦਰ ਵਿੱਚ ਸੀ।
ਅਮਰੀਕਾ ਦੇ ਮੈਗਜ਼ੀਨ ਫੋਰਬਸ ਅਨੁਸਾਰ 7.3 ਬਿਲੀਅਨ ਅਮਰੀਕੀ ਡਾਲਰ (ਲਗਭਗ 6 ਬਿਲੀਅਨ ਯੂਰੋ) ਦੀ ਅਨੁਮਾਨਿਤ ਨਿੱਜੀ ਜਾਇਦਾਦ ਦੇ ਨਾਲ ਬੁਰਲੁਸਕੋਨੀ ਸੰਨ 2021 ਵਿੱਚ ਇਟਲੀ ਦਾ 6ਵਾਂ ਸਭ ਤੋਂ ਅਮੀਰ ਆਦਮੀ ਸੀ ਅਤੇ ਦੁਨੀਆ ਦਾ 318ਵਾਂ ਸਭ ਤੋਂ ਅਮੀਰ ਵਿਅਕਤੀ। ਇਸੇ ਮੈਗਜ਼ੀਨ ਵੱਲੋਂ ਇਤਾਲਵੀ ਰਾਜਨੀਤੀ ਵਿੱਚ ਦੁਨੀਆ ਦੇ ਸਭ ਤੋਂ ਸ਼ਕਤੀਸਾਲੀ ਲੋਕਾਂ ਦੀ ਸੂਚੀ ਵਿੱਚ ਬੁਰਲੁਸਕੋਨੀ ਦਾ 12ਵਾਂ ਸਥਾਨ ਸੀ। ਉਹ 20 ਤੋਂ ਵੱਧ ਅਦਾਲਤੀ ਕੇਸਾਂ ਵਿੱਚ ਉਲਝੇ ਰਹੇ। ਸੰਨ 2013 ਵਿੱਚ ਉਸ ਨੂੰ ਨਿਸ਼ਚਤ ਤੌਰ ‘ਤੇ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਟੈਕਸ ਧੋਖਾਧੜੀ ਦੇ ਦੋਸ਼ ਵਿੱਚ ਦੋ ਸਾਲਾਂ ਲਈ ਜਨਤਕ ਅਹੁਦਾ ਸੰਭਾਲਣ ‘ਤੇ ਪਾਬੰਦੀ ਸੀ। ਇਸ ਤਰ੍ਹਾਂ ਸੈਨੇਟਰ ਦੇ ਰੂਪ ਵਿੱਚ ਉਸ ਦੇ ਪ੍ਰਭਾਵ ਨੂੰ ਖ਼ਤਮ ਕਰ ਦਿੱਤਾ ਗਿਆ ਅਤੇ ਦੋ ਚੈਂਬਰਾਂ ਵਿੱਚ ਲਗਭਗ 20 ਸਾਲਾਂ ਦੀ ਨਿਰੰਤਰ ਮੌਜੂਦਗੀ ਤੋਂ ਬਾਅਦ ਇੱਕ ਸੰਸਦ ਮੈਂਬਰ ਬਣਨ ‘ਤੇ ਰੋਕ ਲਗਾ ਦਿੱਤੀ।
ਉਹਨਾਂ ਦੇ ਪ੍ਰਧਾਨ ਮੰਤਰੀ ਹੋਣ ਦਾ ਰਾਜਕਾਲ ਅਪ੍ਰੈਲ 1994 ਤੋਂ ਨਵੰਬਰ 2013 ਤੱਕ 3339 ਦਿਨਾਂ ਦਾ ਰਿਹਾ। ਸੰਨ 2018 ਵਿੱਚ ਇੱਕ ਵਾਰ ਫਿਰ ਉਮੀਦਵਾਰ ਵਜੋਂ ਉਹ 2019 ਦੀਆਂ ਯੂਰਪੀਅਨ ਚੋਣਾਂ ਵਿੱਚ ਯੂਰਪੀਅਨ ਸੰਸਦ ਲਈ ਚੁਣੇ ਗਏ ਸਨ। ਮਿਲਾਨ ਵਿੱਚ 29 ਸਤੰਬਰ 1936 ਨੂੰ ਜਨਮੇਂ ਸਿਲਵੀਓ ਬਰਲੁਸਕੋਨੀ ਦਾ 86 ਸਾਲ ਦੀ ਉਮਰ ਵਿੱਚ 12 ਜੂਨ, 2023 ਨੂੰ ਦਿਹਾਂਤ ਹੋ ਗਿਆ। ਉਹ ਜਿੱਥੇ ਸਫ਼ਲ ਰਾਜਨੀਤਿਕ ਵਜੋਂ ਜਾਣੇ ਜਾਂਦੇ ਸਨ, ਉੱਥੇ ਆਪਣੇ ਰੰਗੀਨ ਮਿਜ਼ਾਜ ਲਈ ਵੀ ਸੁਰੱਖੀਆਂ ਵਿੱਚ ਰਹਿੰਦੇ ਸਨ। ਇੱਥੇ ਇਹ ਜ਼ਿਕਰਯੋਗ ਹੈ ਕਿ ਜਦੋਂ ਵੀ ਮਰਹੂਮ ਬਰਲੁਸਕੋਨੀ ਇਟਲੀ ਦੇ ਪ੍ਰਧਾਨ ਮੰਤਰੀ ਬਣੇ, ਉਹਨਾਂ ਇਟਲੀ ਵਿੱਚ ਗੈਰ ਕਾਨੂੰਨੀ ਪ੍ਰਵਾਸ ਕੱਟ ਰਹੇ ਕਾਮਿਆਂ ਨੂੰ ਇਟਲੀ ਦੇ ਪੇਪਰ ਦੇ ਕੇ ਲੱਖਾਂ ਲੋਕਾਂ ਨੂੰ ਰੋਜੀ ਰੋਟੀ ਕਮਾਉਣ ਜੋਗੇ ਕੀਤਾ। ਇਸ ਲਈ ਉਹ ਪਰਵਾਸੀਆਂ ਦੇ ਵੀ ਪਿਆਰੇ ਨੇਤਾ ਸਨ।

ਸੰਸਦ ਮੈਂਬਰ ਆਪਣੇ ਨੰਨੇ-ਮੁੰਨੇ ਬੱਚੇ ਨਾਲ ਚੈਂਬਰ ਆਫ਼ ਡੈਪੂਟੀਜ਼ ਵਿੱਚ ਹੋਈ ਦਾਖਲ

ਨੈਚੂਲਰ ਬਾਡੀ ਬਿਲਡਿੰਗ ਯੂਨੀਅਨ ਇੰਟਰਨੈਸ਼ਨਲ ਦਾ ਜੱਜ ਬਣਿਆ ਪਰਮਿੰਦਰ ਰਾਮ ਕੈਂਥ