ਬਰੇਸ਼ੀਆ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਜਿੱਥੇ ਇੱਕ ਪਾਸੇ ਕਿਸਾਨਾਂ ਦਾ ਸੰਘਰਸ਼ ਦਾ ਪੂਰੇ ਜੋਰਾ ਤੇ ਚੱਲ ਰਿਹਾ ਹੈ, ਉਥੇ ਵੱਖ ਵੱਖ ਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਵਲੋਂ ਵੀ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਾਂ ਰਹੀ ਹੈ, ਕਿਉਂਕਿ ਜਿਸ ਦਿਨ ਤੋਂ ਭਾਰਤ ਦੀ ਕੇਂਦਰ ਸਰਕਾਰ ਦੁਆਰਾ ਖੇਤੀ ਬਿੱਲ ਪਾਸ ਕੀਤੇ ਹਨ, ਉਸੇ ਦਿਨ ਤੋਂ ਦੇਸ਼ ਦੇ ਕਿਸਾਨਾਂ ਦੁਆਰਾ ਇਨ੍ਹਾਂ ਬਿਲਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ. ਜਿੱਥੇ ਦੇਸ਼ ਵਿੱਚ ਕਿਸਾਨ ਮਜ਼ਦੂਰ ਯੂਨੀਅਨਾਂ ਸਮਾਜਿਕ ਧਾਰਮਿਕ ਅਤੇ ਰਾਜਨੀਤਕ ਜਥੇਬੰਦੀਆਂ ਅਤੇ ਹੋਰਨਾਂ ਸੰਸਥਾਵਾਂ ਕਿਸਾਨਾਂ ਦੇ ਹੱਕ ਵਿਚ ਕੇਂਦਰ ਸਰਕਾਰ ਨੂੰ ਕੋਸ ਰਹੀਆਂ ਹਨ, ਉੱਥੇ ਹੀ ਪਰਵਾਸੀ ਭਾਰਤੀ ਵੀ ਕਿਸਾਨਾਂ ਦੇ ਹੱਕ ਵਿੱਚ ਆ ਗਏ ਹਨ. ਅੱਜ ਇਟਲੀ ਦੇ ਸ਼ਹਿਰ ਬਰੇਸ਼ੀਆ ਦੇ ਕਸਬੇ ਗੋਤੋਲੈੰਗੋ ਵਿੱਚ ਵੀ ਐਨ ਆਰ ਆਈਜ਼ ਬੀਬੀਆ ਦੁਆਰਾ ਕਿਸਾਨਾਂ ਦੇ ਹੱਕ ਵਿਚ ਅਤੇ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਗਈ. ਇਨ੍ਹਾਂ ਬੀਬੀਆਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਦੁਆਰਾ ਖੇਤੀਬਾੜੀ ਬਿੱਲ ਲਿਆ ਕੇ ਜੋ ਕਿਸਾਨਾਂ ਨਾਲ ਧੱਕਾ ਕੀਤਾ ਗਿਆ ਹੈ, ਉਸ ਨੂੰ ਪਰਵਾਸੀ ਭਾਰਤੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਨ੍ਹਾਂ ਬੀਬੀਆਂ ਨੇ ‘ਕਿਸਾਨ ਨਹੀਂ ਇਨਸਾਨ ਤਾਂ ਹਾਂ, ਜ਼ਮੀਨ ਨਹੀਂ ਹੈ ਜ਼ਮੀਰ ਤਾਂ ਹੈ’ ਦਾ ਨਾਅਰਾ ਵੀ ਦਿੱਤਾ। ਇਨ੍ਹਾਂ ਔਰਤਾਂ ਦਾ ਇਹ ਵੀ ਕਹਿਣਾ ਸੀ, ਉਹ ਕਿਸਾਨ ਵੀਰਾਂ ਦੇ ਨਾਲ ਹਨ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੀਆਂ ਹਨ ਕਿ ਉਨ੍ਹਾਂ ਦੇ ਕਿਸਾਨ ਵੀਰ ਇਸ ਲੜਾਈ ਵਿੱਚ ਜੇਤੂ ਰਹਿਣ। ਇਹਨਾਂ ਬੀਬੀਆਂ ਵਿੱਚ ਤਜਿੰਦਰ ਕੌਰ, ਟੀਨਾ ਸ਼ਰਮਾਂ, ਅੰਜੂ ਰਾਣੀ, ਸੋਨੀ ਠੁਕਰਾਲ, ਚੈਰੀ ਨਾਗਪਾਲ, ਗੁਰਚਰਨ ਕੌਰ, ਸੁਖਵਿੰਦਰ ਕੌਰ, ਹਰਮੇਸ਼ ਕੌਰ, ਹਰਵਿੰਦਰ ਕੌਰ, ਮਨਜਿੰਦਰ ਕੌਰ, ਖ਼ੁਸ਼ਪਿੰਦਰ ਕੌਰ, ਮਨਿੰਦਰ ਕੌਰ, ਮਨੀ ਸੰਧੂ, ਮਨਜੀਤ ਕੌਰ, ਸਿੰਮੀ ਕੌਰ ਆਦਿ ਸ਼ਾਮਲ ਸਨ.