ਰੋਮ (ਇਟਲੀ) (ਸਾਬੀ ਚੀਨੀਆਂ) – ਆਪਣੇ ਭਵਿੱਖ ਨੂੰ ੳਜਵੱਲ ਬਣਾਉਣ ਲਈ ਵਿਦੇਸ਼ਾਂ ਵਿੱਚ ਆ ਵੱਸੇ ਪੰਜਾਬੀ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈਕੇ ਚਿੰਤਤ ਨਜਰ ਆ ਰਹੇ ਹਨ। ਵੇਖਣ ਵਿਚ ਆਇਆ ਹੈ ਕਿ ਵਿਦੇਸ਼ਾਂ ਵਿਚ ਜਨਮ ਲੈਣ ਵਾਲੇ ਬੱਚੇ ਮਾਪਿਆਂ ਦਾ ਉਨਾਂ ਸਤਿਕਾਰ ਨਹੀ ਕਰ ਰਹੇ ਜਿਨਾਂ ਸਤਿਕਾਰ ਪੰਜਾਬ ਦੀ ਮਿੱਟੀ ਵਿਚ ਜਨਮ ਲੈਣ ਤੇ ਪੰਜਾਬੀ ਕਲਚਰ ਨੂੰ ਪਿਆਰ ਕਰਨ ਵਾਲੇ ਬੱਚੇ ਕਰਦੇ ਹਨ। ਹਰ ਮਾਂ ਬਾਪ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਜਿੰਨਾਂ ਮਰਜੀ ਪੜ੍ਹ ਲਿਖ ਲੈਣ, ਪਰ ਘਰ ਅਤੇ ਰਿਸ਼ਤੇਦਾਰੀਆਂ ਵਿਚ ਵਿਚਰਦੇ ਹੋਏ ਪੰਜਾਬੀ ਬੋਲੀ ਜਰੂਰ ਬੋਲਣ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਵਿਚ ਬੱਚਿਆਂ ਨੂੰ ਗੁਰਮੁੱਖੀ ਦੀ ਪੜ੍ਹਾਈ ਕਰਵਾ ਰਹੇ ਮਾਸਟਰ ਰਛਪਾਲ ਸਿੰਘ ਦੁਆਰਾ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ ਹੈ|
ਉਨ੍ਹਾਂ ਵੱਲੋਂ ਛੋਟੇ ਛੋਟੇ ਬੱਚਿਆਂ ਨੂੰ ਪੰਜਾਬੀ ਬੋਲੀ ਅਤੇ ਸਿਖਾਉਣ ਲਈ ਵਿਸ਼ੇਸ਼ ਕਲਾਸਾਂ ਦੀ ਆਰੰਭਤਾ ਕੀਤੀ ਗਈ ਹੈ। ਰੋਮ ਦੇ ਨਾਲ ਲੱਗਦੇ ਕਸਬਾ ਲਵੀਨੀਉ ਵਿਖੇ ਆਰੰਭ ਹੋਈਆਂ ਕਲਾਸਾਂ ਵਿਚ ਪਹਿਲੇ ਦਿਨ ਕੋਈ 40 ਦੇ ਕਰੀਬ ਬੱਚਿਆ ਨੇ ਹਿੱਸਾ ਲਿਆ ਅਤੇ ਪੰਜਾਬੀ ਬੋਲੀ ਸਿੱਖਣ ਲਈ ੳ, ਅ ਤੋਂ ਸ਼ੁਰੂਆਤ ਕੀਤੀ ਗਈ। ਜਿਕਰਯੋਗ ਹੈ ਕਿ ਬੱਚਿਆਂ ਵਿਚ ਪੰਜਾਬੀ ਪੜ੍ਹਨੀ ਅਤੇ ਲਿੱਖਣੀ ਸਿੱਖਣ ਲਈ ਲਈ ਕਾਫੀ ਉਤਸ਼ਾਹ ਸੀ।