ਇਟਲੀ ਵਿੱਚ ਸਿਰੀ ਸਾਹਿਬ ਤੇ ਦਸਤਾਰ ਕਾਰਨ ਸਿੱਖਾਂ ਦੇ ਜਲੀਲ ਹੋਣ ਲਈ ਮੁੱਖ ਕਸੂਰਵਾਰ ਕੌਣ?
ਰੋਮ (ਇਟਲੀ) (ਦਲਵੀਰ ਕੈਂਥ) – ਇਟਲੀ ਵਿੱਚ ਸਿੱਖ ਧਰਮ ਦੇ ਕਕਾਰਾਂ ਨੂੰ ਲੈਕੇ ਹੁਣ ਤੱਕ ਅਨੇਕਾਂ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਿੱਖ ਸੰਗਤਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਤੇ ਸ਼ਾਇਦ ਜਦੋਂ ਤੱਕ ਸਿੱਖ ਧਰਮ ਇਟਲੀ ਵਿੱਚ ਰਜਿਸਟਰਡ ਨਹੀਂ ਹੁੰਦਾ ਉਂਦੋ ਤੱਕ ਇਹ ਪ੍ਰੇਸ਼ਾਨੀਆਂ ਸਿੱਖ ਸੰਗਤਾਂ ਨੂੰ ਝੱਲਣੀਆਂ ਹੀ ਪੈਣਗੀਆਂ, ਕਿਉਂਕਿ ਸਿੱਖ ਧਰਮ ਦੇ 5 ਕਕਾਰਾਂ ਵਿੱਚ ਇੱਕ ਕਕਾਰ ਸਿਰੀ ਸਾਹਿਬ ਇਟਾਲੀਅਨ ਕਾਨੂੰਨ ਦੀ ਨਿਗ੍ਹਾ ਵਿੱਚ ਇੱਕ ਹਥਿਆਰ ਹੈ. ਜਿਸ ਨੂੰ ਲੈ ਕੇ ਸਦਾ ਹੀ ਇਟਲੀ ਦੇ ਸਿੱਖਾਂ ਨੂੰ ਪ੍ਰੇਸ਼ਾਨੀ ਉਂਦੋ ਝੱਲਣੀ ਪੈਂਦੀ ਹੈ, ਜਦੋਂ ਕਿਸੇ ਸਿੱਖ ਨੂੰ ਸਰਕਾਰੀ ਦਫ਼ਤਰਾਂ ਵਿੱਚ ਜਾਣਾ ਪੈਂਦਾ ਹੈ ਜਾਂ ਕੋਈ ਵਿਸ਼ੇਸ਼ ਜਾਂਚ ਕਿਸੇ ਪੁਲਿਸ ਨਾਕੇ ਉਪੱਰ ਹੋ ਜਾਵੇ।
ਅਜਿਹੀ ਹੀ ਇੱਕ ਘਟਨਾ ਇਟਲੀ ਦੇ ਮਿੰਨੀ ਪੰਜਾਬ ਸੂਬਾ ਲਾਸੀਓ ਦੇ ਜਿਲ੍ਹਾ ਲਾਤੀਨਾ ਦੇ ਸ਼ਹਿਰ ਤੇਰਾਚੀਨਾ ਵਿਖੇ ਉਂਦੋ ਦੇਖਣ ਨੂੰ ਮਿਲੀ, ਜਦੋਂ ਇੱਕ 21 ਸਾਲ ਦੇ ਅੰਮ੍ਰਿਤਧਾਰੀ ਸਿੰਘ ਦੀ ਪੁਲਿਸ ਨੇ ਇੱਕ ਨਾਕੇ ਉੱਪਰ ਰੋਕ ਕੇ ਜਾਂਚ ਕੀਤੀ ਤਾਂ ਉਸ ਕੋਲ ਮਿਲੀ ਸਿਰੀ ਸਾਹਿਬ ਜਿਸ ਦਾ ਆਕਾਰ ਵੱਡਾ ਹੋਣ ਕਾਰਨ ਪੁਲਸ ਅਨੁਸਾਰ ਇਟਾਲੀਅਨ ਕਾਨੂੰਨ ਉਸ ਨੂੰ ਪਹਿਨਣ ਦੀ ਇਜ਼ਾਜ਼ਤ ਨਹੀਂ ਦਿੰਦਾ।
ਪੁਲਸ ਨੇ ਸਿਰੀ ਸਾਹਿਬ ਨੂੰ ਇੱਕ ਹਥਿਆਰ ਮੰਨਦਿਆਂ ਪਹਿਲਾਂ ਤਾਂ ਸਿੰਘ ਕੋਲੋਂ ਸਿਰੀ ਸਾਹਿਬ ਜਬਤ ਕਰ ਲਈ ਜਦੋਂ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਸਾਡੇ ਸਿੱਖ ਧਰਮ ਦੇ 5 ਕਕਾਰਾਂ ਵਿੱਚੋਂ ਇਹ ਵੀ ਇੱਕ ਕਕਾਰ ਹੈ ਤਾਂ ਪੁਲਸ ਨੇ ਫਿਰ ਸਾਰੇ ਕੇਸ ਨੂੰ ਚੰਗੀ ਤਰ੍ਹਾਂ ਘੋਖਿਆ। ਪੁਲਿਸ ਨੇ ਸਿੱਖ ਧਰਮ ਦੇ 5 ਕਕਾਰਾਂ ਨੂੰ ਸਮਝਿਆਂ ਸਿੰਘ ਨੂੰ ਕਿਹਾ ਕਿ, ਇਟਲੀ ਵਿੱਚ ਸਿੱਖ ਧਰਮ ਰਜਿਸਟਰਡ ਨਹੀਂ, ਜਿਸ ਕਾਰਨ ਉਹ ਸਿਰੀ ਸਾਹਿਬ ਵੱਡੇ ਆਕਾਰ ਵਿੱਚ ਜਿਸ ਨੂੰ ਇਟਾਲੀਅਨ ਕਾਨੂੰਨ ਹਥਿਆਰ ਦਰਸਾਉਂਦਾ ਹੈ ਨਹੀਂ ਪਾ ਸਕਦਾ। ਉਂਝ ਇਟਲੀ ਵਿੱਚ ਹਜ਼ਾਰਾਂ ਅੰਮ੍ਰਿਤਧਾਰੀ ਸਿੰਘ ਰੈਣ ਬਸੇਰਾ ਕਰਦੇ ਹਨ ਜਿਹੜੇ ਕਿ ਸਿਰੀ ਸਾਹਿਬ 4 ਇੰਚ ਤੱਕ ਪਹਿਨਦੇ ਹਨ, ਪਰ ਇਸ ਸਿੰਘ ਦੀ ਸਿਰੀ ਸਾਹਿਬ 4 ਇੰਚ ਤੋਂ ਵੱਡੀ ਹੈ, ਜਿਸ ਨੂੰ ਪੁਲਿਸ ਨੇ ਆਪ ਨਾਪਿਆ। ਸਿਰੀ ਸਾਹਿਬ ਦਾ ਆਕਾਰ ਵੱਡਾ ਹੋਣ ਕਾਰਨ ਪੁਨਤੀਨੀਆ ਰਹਿੰਦੇ ਸਿੰਘ ਨੂੰ ਇਟਲੀ ਪੁਲਿਸ ਵੱਲੋਂ ਕੀਤੀ ਖੱਜਲ ਖੁਆਰ ਹੋਣਾ ਪਿਆ, ਬੇਸ਼ੱਕ ਕਿ ਪੁਲਿਸ ਨੇ ਸਿੰਘ ਨੂੰ ਵੱਡੀ ਸਿਰੀ ਸਾਹਿਬ ਦੇ ਆਕਾਰ ਨੂੰ ਲੈ ਚਿਤਾਵਨੀ ਦੇ ਕੇ ਸਿਰੀ ਸਾਹਿਬ ਵਾਪਸ ਕਰ ਦਿੱਤੀ, ਪਰ ਇਸ ਮੰਦਭਾਗੀ ਘਟਨਾ ਨਾਲ ਇਟਲੀ ਰੈਣ ਬਸੇਰਾ ਕਰਦੀਆਂ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਇਟਲੀ ਵਿੱਚ ਮਹਾਨ ਸਿੱਖ ਧਰਮ ਨੂੰ ਰਜਿਸਟਡਰ ਕਰਵਾਉਣ ਲਈ 2 ਸਿਰਮੌਰ ਸਿੱਖ ਸੰਸਥਾਵਾਂ ਕੌਮੀ ਪੱਧਰ ‘ਤੇ ਕੰਮ ਕਰ ਰਹੀਆਂ ਹਨ ਤੇ ਇਹਨਾਂ ਅਨੁਸਾਰ ਇਟਲੀ ਵਿੱਚ ਸਿੱਖ ਧਰਮ ਰਜਿਸਟਰਡ ਹੋਣ ਦਾ ਇਤਿਹਾਸਕ ਫੈਸਲਾ ਕੰਢੇ ਉਪੱਰ ਹੀ ਹੈ, ਪਰ ਅਫ਼ਸੋਸ ਉਹ ਕੰਢਾ ਸਿੱਖ ਸੰਗਤਾਂ ਨੂੰ ਪਿਛਲੇ ਕਈ ਸਾਲਾਂ ਤੋਂ ਕਿਹੜਾ ਹੈ ਪਤਾ ਨਹੀਂ ਲੱਗ ਸਕਿਆ। ਸੰਗਤਾਂ ਦੁੱਚਿਤੀ ਵਿੱਚ ਹਨ ਕਿ ਆਖਿਰ ਕਿਉਂ ਅਸੀਂ ਹਰ ਸਾਲ ਲੱਖਾਂ ਯੂਰੋ ਨਗਰ ਕੀਰਤਨਾਂ ਜਾਂ ਹੋਰ ਧਾਰਮਿਕ ਸਮਾਗਮਾਂ ਵਿੱਚ ਖਰਚ ਕੇ ਵੀ ਇਟਾਲੀਅਨ ਪ੍ਰਸਾਸ਼ਨ ਨੂੰ ਮਹਾਨ ਸਿੱਖ ਧਰਮ ਦੇ ਕਕਾਰਾਂ ਦੀ ਵਿਸਥਾਰਪੂਰਵਕ ਜਾਣਕਾਰੀ ਦੇਣ ਵਿੱਚ ਅਸਫ਼ਲ ਹੀ ਨਹੀਂ ਸਗੋਂ ਬੁਰੀ ਤਰ੍ਹਾਂ ਫੇ਼ਲ੍ਹ ਹੋ ਰਹੇ ਹਾਂ, ਕਿਉਂ ਕਿ ਅਸੀਂ ਇਟਲੀ ਸਰਕਾਰ ਨੂੰ ਆਰਥਿਕ ਮਦਦ ਵੀ ਸਮੇਂ ਸਮੇਂ ‘ਤੇ ਕਰਦੇ ਆ ਰਹੇ ਹਾਂ। ਹੁਣ ਤੱਕ ਲੱਖਾਂ ਯੂਰੋ ਇਟਲੀ ਸਰਕਾਰ ਨੂੰ ਨਗਦੀ ਦੇ ਚੁੱਕੇ ਹਾਂ ਸੇਵਾ ਭਾਵਨਾ ਨਾਲ ਫਿਰ ਕਿਉਂ ਪੁਲਿਸ ਪ੍ਰਸ਼ਾਸ਼ਨ ਸਾਡੇ ਮਹਾਨ ਸਿੱਖ ਧਰਮ ਦੇ 5 ਕਕਾਰਾਂ ਨੂੰ ਟਿੱਚ ਕਰਕੇ ਜਾਣਦਾ ਹੈ। ਸਿਰੀ ਸਾਹਿਬ ਜਾਂ ਦਸਤਾਰ ਕਾਰਨ ਪ੍ਰਸ਼ਾਸ਼ਨ ਵੱਲੋਂ ਕੀਤੇ ਜਾਂਦੇ ਸਿੱਖਾਂ ਦੇ ਜਲੀਲਪੁਣੇ ਲਈ ਮੁੱਖ ਕਸੂਰਵਾਰ ਕੌਣ ਹੈ? ਇਟਲੀ ਸਰਕਾਰ ਜੋ ਜਾਣਬੁੱਝ ਕੇ ਇਹ ਕਰਦੀ ਹੈ ਜਾਂ ਸਾਡੇ ਸਿੱਖ ਆਗੂ ਜਿਹਨਾਂ ਦੀ ਆਪਸੀ ਫੁੱਟ ਸਿੱਖ ਸੰਗਤਾਂ ਨੂੰ ਪਿੰਡੇ ਹੰਡਾਉਣੀ ਪੈ ਰਹੀ ਹੈ?
ਇਟਲੀ ਵਿੱਚ ਸਿੱਖ ਸੰਗਤਾਂ ਨੂੰ ਇਹ ਗੱਲ ਹੁਣ ਤੱਕ ਸਿੱਖ ਸੰਸਥਾਵਾਂ ਸਮਝਾਉਣ ਵਿੱਚ ਕਿਉਂ ਅਵੇਸਲੀਆਂ ਹਨ ਜਦੋਂ ਕਿ ਪਿਛਲੇ ਇੱਕ ਦਹਾਕੇ ਤੋਂ ਗੁਰਦੁਆਰਿਆਂ ਦੀ ਗਿਣਤੀ ਤਿੱਗਣੀ ਹੋ ਗਈ ਹੈ, ਪਰ ਇਸ ਦੇ ਬਾਵਜੂਦ ਇਟਾਲੀਅਨ ਸਮਾਜ ਵਿੱਚ ਅਸੀਂ ਸਿੱਖ ਧਰਮ ਨੂੰ ਲੈਕੇ ਇਸ ਦੀ ਹੌਂਦ ਸਾਬਤ ਕਰਨ ਵਿੱਚ ਵਿਫ਼ਲ ਹੋਏ ਹਾਂ।
ਇਸ ਸਾਰੇ ਘਟਨਾ ਕਰਮ ਲਈ ਜੇ ਕੋਈ ਜ਼ਿੰਮੇਵਾਰ ਹੈ, ਤਾਂ ਉਹ ਹੈ ਸਿੱਖ ਆਗੂ ਜਿਹੜੇ ਮਹਾਨ ਸਿੱਖ ਧਰਮ ਦੇ ਮੁੱਢਲੇ ਸਿਧਾਂਤ ਸੰਗਤਾਂ ਨੂੰ ਦੱਸਣ ਵਿੱਚ ਜਿੰਮੇਵਾਰੀ ਤਨਦੇਹੀ ਨਾਲ ਨਹੀਂ ਨਿਭਾਅ ਰਹੇ।