ਰੋਮ (ਇਟਲੀ) (ਕੈਂਥ) – ਇਟਲੀ ਯੂਰਪ ਦਾ ਉਹ ਵਿਕਸਤ ਦੇਸ਼ ਹੈ, ਜਿੱਥੇ ਸਰਕਾਰ ਦੁਆਰਾ ਮਜ਼ਦੂਰੀ ਕਰ ਰਹੇ ਕਾਮਿਆਂ ਦੀ ਚੰਗੀ ਤਨਖਾਹ ਨਿਰਧਾਰਿਤ ਕੀਤੀ ਜਾਂਦੀ ਹੈ, ਅਤੇ ਇਨ੍ਹਾਂ ਕਾਮਿਆਂ ਨੂੰ ਲੁੱਟ ਖਸੁੱਟ ਤੋਂ ਬਚਾਉਣ ਲਈ ਕਈ ਤਰ੍ਹਾਂ ਦੇ ਕਾਨੂੰਨ ਵੀ ਬਣਾਏ ਗਏ ਹਨ, ਪਰ ਫੇਰ ਵੀ ਇਟਲੀ ਵਿਚ ਕਈ ਵਾਰ ਇਟਾਲੀਅਨ ਮਾਲਕ ਅਤੇ ਵਿਦੇਸ਼ੀ ਮਾਲਕਾਂ ਤੋਂ ਕਾਫ਼ੀ ਵੱਡੀ ਗਿਣਤੀ ਵਿੱਚ ਲੋਕ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ, ਜਿਸ ਵਿੱਚ ਕਾਫ਼ੀ ਵੱਡੀ ਗਿਣਤੀ ਵਿਚ ਭਾਰਤੀ ਕਾਮਿਆਂ ਦੀ ਵੀ ਲੁੱਟ ਖਸੁੱਟ ਹੁੰਦੀ ਹੈ, ਹਾਲਾਂਕਿ ਇਟਲੀ ਸਰਕਾਰ ਲੁੱਟ ਖਸੁੱਟ ਨੂੰ ਰੋਕਣ ਲਈ ਕਈ ਉਪਰਾਲੇ ਵੀ ਕਰਦੀ ਹੈ ਪਰ ਫਿਰ ਵੀ ਕੁਝ ਲਾਲਚੀ ਲੋਕ ਨਾਮਾਤਰ ਮਿਹਨਤਾਨੇ ਵਿੱਚ ਕਾਮਿਆਂ ਦਾ ਖੂਨ ਨਿਚੋਣੜ ਵਿੱਚ ਕੋਈ ਕਸਰ ਨਹੀਂ ਛੱਡਦੇ।ਅਜਿਹਾ ਮਾਮਲਾ ਇਟਲੀ ਦੇ ਪ੍ਰਸ਼ਾਸ਼ਨ ਨੇ ਬੀਤੇ ਦਿਨ ਪ੍ਰਤੀ ਮਹੀਨਾ 350 ਤੋਂ 600 ਯੂਰੋ ਤੱਕ ਦੀ ਤਨਖਾਹ ਵਿੱਚ, ਹਫ਼ਤਾਵਾਰ ਅਰਾਮ ਦੇ ਬਿਨਾਂ, ਦਿਨ ਵਿਚ 10 ਘੰਟੇ ਕੰਮ ਕਰਵਾਉਂਦੇ 5 ਚੀਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ।ਇਹ ਚੀਨੀ ਮਾਲਕ ਇਟਲੀ ਦੇ ਕਲਿਆਰੀ ਅਤੇ ਤੋਰੀਨੋ ਇਲਾਕੇ ਵਿਚ ਆਪਣਾ ਕੰਮ ਕਰਦੇ ਸਨ।ਮਾਰਕੋ ਪੋਲੋ ਅਪ੍ਰੇਸ਼ਨ ਤਹਿਤ ਗੁਆਰਦੀਆ ਦੀ ਫਿਨੈਂਸਾ ਪੁਲਿਸ ਅਤੇ ਕੈਰੇਬੀਨੀਰੀ ਦੁਆਰਾ ਇਹਨਾਂ ਪੈਨ ਅਤੇ ਮਾਰਕਰ ਪੈਕਿੰਗ ਦਾ ਕੰਮ ਕਰਵਾਉਂਦੇ ਮਾਲਿਕਾਂ ਕੋਲ 40 ਦੇ ਕਰੀਬ ਕਾਮੇ ਕੰਮ ਕਰਦੇ ਸਨ ਜੋ ਕਿ ਸਾਰੇ ਗੈਰ ਯੂਰਪੀਅਨ ਯੂਨੀਅਨ ਦੇ ਨਾਗਰਿਕ ਆਪਣੀ ਨਿਵਾਸ ਆਗਿਆ ਦੇ ਦਸਤਾਵੇਜਾਂ ਦਾ ਇੰਤਜਾਰ ਕਰ ਰਹੇ ਸਨ। ਉਹਨਾਂ ਨੂੰ ਜੋ ਤਨਖਾਹ ਦਿੱਤੀ ਜਾਂਦੀ ਸੀ ਉਹ ਕੌਮੀ ਸਮੂਹਿਕ ਸਮਝੌਤਿਆਂ ਤੋਂ ਬਿਲਕੁਲ ਵੱਖਰੀ ਸੀ।
> ਇਹਨਾਂ ਮਾਲਕਾਂ ਦੀ 85 ਹਜ਼ਾਰ ਯੂਰੋ ਦੀ ਜਾਇਦਾਦ ਅਤੇ ਪੈਸੇ ਟੈਕਸ ਚੋਰੀ ਕਰਨ ਦੇ ਦੋਸ਼ ਹੇਠ ਜ਼ਬਤ ਕਰ ਲਏ ਗਏ।ਜਿਕਰਯੋਗ ਹੈ ਕਿ ਇਟਲੀ ਵਿੱਚ ਕਾਮਿਆਂ ਦਾ ਸ਼ੋਸ਼ਣ ਕਰਨਾ ਆਮ ਜਿਹਾ ਬਿਰਤਾਰਾ ਹੈ ਜਿਸ ਤੋ ਨਿਜਾਤ ਦੁਆਉਣ ਲਈ ਕਈ ਮਜ਼ਦੂਰ ਜੱਥੇਬੰਦੀਆਂ ਵੀ ਬਣੀਆਂ ਹਨ ਪਰ ਇਸ ਦੇ ਬਾਵਜੂਦ ਬਹੁਤੇ ਥਾਂ ਕਾਮਿਆਂ ਦੇ ਸ਼ੋਸ਼ਣ ਦਾ ਸਿਲਸਿਲਾ ਨਹੀ ਰੁੱਕ ਰਿਹਾ ਕਿਉਂ ਕਿ ਕਾਮਿਆਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕਰਵਾਉਣ ਵਿੱਚ ਉਹਨਾਂ ਦੇ ਆਪਣੇ ਸਾਥੀ ਕਾਮੇ ਕਾਪੋ(ਫ਼ੋਰਮੈਨ ) ਅਹਿਮ ਭੂਮਿਕਾ ਨਿਭਾਉਂਦੇ ਹਨ।