in

ਇਟਾਲੀਅਨ ਮਾਲਕ ਦੀ ਜਿਆਦਤੀ ਨਾਲ ਮਰੇ ਸਤਨਾਮ ਸਿੰਘ ਨੂੰ ਇਨਸਾਫ਼ ਦੁਆਉਣ ਲਈ ਲਾਤੀਨਾ ਵਿਖੇ ਰੋਸ ਮੁਜ਼ਾਹਰਾ

ਇਟਲੀ ਭਰ ਤੋਂ ਇਨਸਾਫ਼ ਪਸੰਦ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਮਰਹੂਮ ਨੂੰ ਦਿੱਤੀ ਸ਼ਰਧਾਂਜਲੀ

ਰੋਮ (ਇਟਲੀ) (ਕੈਂਥ) – ਇਟਲੀ ਵਿੱਚ ਕਿਰਤੀਆਂ ਨਾਲ ਦਿਨੋਂ ਦਿਨ ਵਧ ਰਹੇ ਮਾਲਕਾਂ ਦੇ ਸੋਸ਼ਣ ਤੇ ਲਾਸੀਓ ਸੂਬੇ ਦੇ ਜਿਲ੍ਹਾ ਲਾਤੀਨਾ ਦੇ ਨੇੜੇ ਇੱਕ ਪਿੰਡ ਵਿੱਚ 31 ਸਾਲਾ ਭਾਰਤੀ ਨੌਜਵਾਨ ਸਤਨਾਮ ਸਿੰਘ ਦੀ ਖੇਤਾਂ ਵਿੱਚ ਕੰਮ ਕਰਦੇ ਸਮੇਂ ਵਾਪਰੇ ਹਾਦਸੇ ਦੌਰਾਨ ਇਟਾਲੀਅਨ ਮਾਲਕ ਦੀ ਅਣਗਹਿਲੀ ਕਾਰਨ ਹੋਈ ਦਰਦਨਾਕ ਮੌਤ ਦੇ ਕਾਰਨ ਰੋਹ ਵਿੱਚ ਆਏ ਇਟਲੀ ਦੇ ਇਨਸਾਫ਼ ਪਸੰਦ ਲੋਕਾਂ ਵੱਲੋਂ ਇਟਲੀ ਦੀ ਸਿਰਮੌਰ ਜਥੇਬੰਦੀ ਸੀ ਜੀ ਆਈ ਐਲ ਦੇ ਝੰਡੇ ਹੇਠ ਲਾਤੀਨਾ ਦੇ ਡੀ ਸੀ ਦਫ਼ਤਰ ਦੇ ਅੱਗੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ. ਜਿਸ ਵਿੱਚ ਇਟਲੀ ਭਰ ਤੋਂ ਕਿਰਤੀਆਂ ਦੇ ਨਾਲ ਆਮ ਲੋਕਾਂ ਨੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਮਰਹੂਮ ਸਤਨਾਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ।
ਇਸ ਰੋਸ ਮੁਜ਼ਾਹਰੇ ਵਿੱਚ ਕਿਰਤੀਆਂ ਦੇ ਦੁੱਖ ਨੂੰ ਸੁਣਨ ਇਟਲੀ ਦੀ ਪਾਰਲੀਮੈਂਟ ਤੋਂ 3 ਸੰਸਦ ਮੈਂਬਰਾਂ ਨੇ ਹਜ਼ਾਰਾਂ ਦੇ ਇੱਕਠ ਨੂੰ ਭਰੋਸਾ ਦੁਆਇਆ ਕਿ ਉਹ ਇਟਾਲੀਅਨ ਮਾਲਕ ਵੱਲੋਂ ਮ੍ਰਿਤਕ ਸਤਨਾਮ ਸਿੰਘ ਨਾਲ ਕੀਤੀ ਬੇਇਨਸਾਫ਼ੀ ਦਾ ਮੁੱਦਾ ਪਾਰਲੀਮੈਂਟ ਵਿੱਚ ਰੱਖਣਗੇ ਤੇ ਭਵਿੱਖ ਵਿੱਚ ਕਿਸੇ ਵੀ ਹੋਰ ਕਿਰਤੀ ਨਾਲ ਅਜਿਹੀ ਘਟਨਾ ਨਾ ਘਟੇ, ਇਸ ਸਬੰਧੀ ਕਾਰਵਾਈ ਕਾਨੂੰਨ ਨੂੰ ਹੋਰ ਸਖ਼ਤ ਕਰਨ ਲਈ ਵਿਚਾਰਿਆ ਜਾਵੇਗਾ।


ਇਸ ਵਿਸ਼ਾਲ ਰੋਸ ਮੁਜ਼ਾਹਰੇ ਵਿੱਚ ਆਏ ਹਜ਼ਾਰਾਂ ਲੋਕ ਜਿੱਥੇ ਮਰਹੂਮ ਸਤਨਾਮ ਸਿੰਘ ਨੂੰ ਇਨਸਾਫ਼ ਲਈ ਕਥਿਤ ਦੋਸ਼ੀ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਹਾਅ ਦਾ ਨਾਹਰਾ ਮਾਰ ਰਹੇ ਸਨ ਉੱਥੇ ਸਾਰੇ ਲੋਕ ਮਰਹੂਮ ਨਾਲ ਹੋਏ ਦੁਰਵਿਵਹਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆਂ ਵੀ ਕਰ ਰਹੇ ਸਨ। ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਸੀ ਜੀ ਆਈ ਐਲ ਸੰਸਥਾ ਦੀ ਆਗੂ ਹਰਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ, ਕੁਝ ਲੋਕ ਜਾਣਬੁੱਝ ਕਿ ਅਫ਼ਵਾਹਾਂ ਫੈਲਾਅ ਰਹੇ ਹਨ ਕਿ ਉਹ ਕੁਆਰਾ ਸੀ, ਉਸ ਦੀ ਕੋਈ ਪਤਨੀ ਨਹੀਂ, ਪਰ ਜਿਹੜੀ ਕੁੜੀ ਨੇ ਜਖ਼ਮੀ ਸਤਨਾਮ ਸਿੰਘ ਨੂੰ ਲੋਕਾਂ ਦੀ ਸਹਾਇਤਾ ਨਾਲ ਰੋਮ ਹਸਪਤਾਲ ਤੱਕ ਪਹੁੰਚਾਇਆ ਉਹ ਕੌਣ ਹੈ? ਇਟਲੀ ਪ੍ਰਸ਼ਾਸ਼ਨ ਸੋਨੀਆ ਨਾਮ ਦੀ ਇਸ ਕੁੜੀ ਨਾਲ ਪੂਰੀ ਹਮਦਰਦੀ ਰੱਖ ਰਿਹਾ ਹੈ। ਲੋਕ ਅਜਿਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ, ਕਿਉਕਿ ਇਟਲੀ ਸਰਕਾਰ ਮ੍ਰਿਤਕ ਸਤਨਾਮ ਦੀ ਪਤਨੀ ਸੋਨੀਆ ਨੂੰ ਹਰ ਸੰਭਵ ਸਹਾਇਤਾ ਪਰਦਾਨ ਕਰਨ ਲਈ ਕਹਿ ਰਹੀ ਤੇ ਉਸ ਦੀ ਪਤਨੀ ਸੋਨੀਆਂ ਨੂੰ ਇਟਲੀ ਦੀ ਨਿਵਾਸ ਆਗਿਆ ਵੀ ਮੁੱਹਇਆ ਕਰ ਚੁੱਕੀ ਹੈ, ਬਾਕੀ ਉਸ ਦੇ ਹੋਰ ਪਰਿਵਾਰ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਜਾਰੀ ਹੈ।
ਇਸ ਵਿਸ਼ਾਲ ਰੋਸ ਮੁਜ਼ਾਹਰੇ ਵਿੱਚ ਮਜ਼ਦੂਰ ਜਥੇਬੰਦੀ ਸੀ ਜੀ ਆਈ ਐਲ ਦੇ ਕੌਮੀ ਆਗੂਆਂ ਤੋਂ ਇਲਾਵਾ ਭਾਰਤੀ ਸਿੱਖ ਭਾਈਚਾਰੇ ਦੀਆਂ ਵੀ ਕਈ ਨਾਮੀ ਸਖ਼ਸੀਅਤਾਂ ਤੇ ਸਿੱਖ ਸੰਗਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਲਾਤੀਨਾ ਵਿਚ Sportello Immigrazione Assistenza Fiscale (SIAF) ਦੇ CEO ਭਵਸ਼ਰਨ ਸਿੰਘ ਧਾਲੀਵਾਲ ਨੇ ਰੋਸ ਮੁਜ਼ਾਹਰੇ ਦੌਰਾਨ ਬੋਲਦਿਆਂ ਕਿਹਾ ਕਿ, ‘ਮੈਂ ਇਸ ਰੋਸ ਵਿਚ ਇੰਡੀਅਨ ਹੋਣ ਦੇ ਨਾਤੇ ਨਹੀਂ ਬਲਕਿ ਇਟਲੀ ਵਿਚ ਰਹਿ ਰਹੇ ਸਾਰੇ ਵਿਦੇਸ਼ੀ ਕਿਰਤੀਆਂ ਉੱਤੇ ਇਟਾਲੀਅਨ ਮਾਲਕਾਂ ਵਲੋਂ ਕੀਤੇ ਜਾ ਰਹੇ ਸੋਸ਼ਣ ਵਿਰੁੱਧ ਅਵਾਜ ਉਠਾਉਣ ਲਈ ਇਨਸਾਨੀਅਤ ਦੇ ਨਾਤੇ ਸ਼ਾਮਿਲ ਹੋਇਆ ਹਾਂ. ਉਨ੍ਹਾਂ ਅੱਗੇ ਸਪਸ਼ਟ ਕੀਤਾ ਕਿ ਇਟਲੀ ਦੀ ਅਰਥ ਵਿਅਸਥਾ ਦਾ ਥਮ ਵਿਦੇਸ਼ੀ ਕਰਿੰਦੇ ਜਿਥੇ ਇਟਲੀ ਦੇ ਰੁਜਗਾਰ ਉਦਯੋਗ ਦਾ ਹਿਸਾ ਬਣ ਦੇਸ਼ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਹਿੱਤ ਆਪਣਾ ਖੂਨ ਪਸੀਨਾ ਵਹਾਉਂਦੇ ਹਨ, ਉਥੇ ਇਹ ਕਰਿੰਦੇ ਆਪਣਾ ਭਵਿੱਖ ਉਜਵਲ ਬਣਾਉਣ ਲਈ ਇਟਲੀ ਪਹੁੰਚਣ ਦੇ ਮਕਸਦ ਨਾਲ ਆਪਣਾ ਘਰ ਬਾਰ ਵੇਚ ਵੱਟ, ਕਰਜੇ ਚੁੱਕ ਕਈ ਤਰਾਂ ਦੇ ਔਖੇ ਪੜਾਵਾਂ ਚੋਂ ਲੰਘਦੇ ਹੋਏ ਆਪਣੇ ਆਪ ਨੂੰ ਗੈਰ ਮਨੁੱਖੀ ਮਾਲਕਾਂ ਅਤੇ ਅਦਾਰਿਆਂ ਦੀ ਲਾਲਚ ਨਾਲ ਬਲਦੀ ਭੱਠੀ ਵਿਚ ਝੋਂਕ ਦਿੰਦੇ ਹਨ, ਜਿਥੇ ਉਨ੍ਹਾਂ ਦਾ ਰੱਜ ਕੇ ਸੋਸ਼ਣ ਕੀਤਾ ਜਾਂਦਾ ਹੈ. ਕੰਮਾਂ ਦੇ ਹਲਾਤ ਬੁਰੇ ਹੋਣ ਕਰਕੇ ਜਰੂਰਤਮੰਦ ਕਰਿੰਦੇ ਵੱਡੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ.
ਸਮੇਂ ਦੀ ਮੰਗ ਹੈ ਕਿ ਵਪਾਰਕ ਅਦਾਰਿਆਂ ਨੂੰ ਗੰਭੀਰਤਾ ਨਾਲ ਪੜਚੋਲਿਆ ਜਾਵੇ। ਜਿਸ ਨਾਲ ਕਿ ਕਰਿੰਦਿਆਂ ਨੂੰ ਸਮੇਂ ਸਿਰ ਅਤੇ ਢੁਕਵੀਂ ਤਨਖਾਹ ਮਿਲਣ ਤੋਂ ਇਲਾਵਾ ਲਾਜ਼ਮੀ ਸੁਰੱਖਿਆ ਪ੍ਰਬੰਧ ਮੁੱਹਈਆ ਕਰਵਾਏ ਜਾਣ.

Sportello Immigrazione Assistenza Fiscale (SIAF) ਦੇ CEO ਭਵਸ਼ਰਨ ਸਿੰਘ ਧਾਲੀਵਾਲ


ਦੱਸਣਯੋਗ ਹੈ ਕਿ ਇਸ ਇਨਸਾਫ ਰੈਲੀ ਵਿੱਚ ਠਾਠਾਂ ਮਾਰਦਾ ਇਕੱਠ ਇਹ ਸਾਬਤ ਕਰ ਰਿਹਾ ਸੀ ਕਿ ਲੋਕਾਂ ਨੂੰ ਸਤਨਾਮ ਸਿੰਘ ਦੀ ਮੌਤ ਨੇ ਝੰਝੋੜ ਕੇ ਰੱਖ ਦਿੱਤਾ ਹੈ, ਕਿਉਂਕਿ ਸੋਸ਼ਲ ਮੀਡੀਆਂ ‘ਤੇ ਪਹਿਲੀ ਵਾਰ ਇਟਾਲੀਅਨ ਲੋਕਾਂ ਵਲੋਂ ਵੀ ਇੰਨਾ ਜਿਆਦਾ ਦੁੱਖ ਮਨਾਇਆ ਗਿਆ। ਇਟਾਲੀਅਨ ਮਾਲਕ ਅਨਤੋਨੇਲੋ ਲੋਵਾਤੋ ਵਲੋਂ ਜਿਸ ਤਰ੍ਹਾਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ, ਉਹ ਸੱਚ -ਮੁੱਚ ਬਹੁਤ ਹੀ ਨਿੰਦਣਯੋਗ ਸੀ।

ਕੰਮ ਦੌਰਾਨ ਮਰੇ ਭਾਰਤੀ ਨੂੰ ਮੌਤ ਵੱਲ ਧੱਕਣ ਵਾਲੇ ਹਾਲਾਤਾਂ ਦੀ ਪ੍ਰਧਾਨ ਮੰਤਰੀ ਨਿਰਪੱਖ ਜਾਂਚ ਕਰ ਮਰਹੂਮ ਨੂੰ ਇਨਸਾਫ਼ ਦੁਆਵੇ – ਕੌਂਤੇ

ਪੂਲੀਆ: ਇੱਕ ਹੋਰ ਪੰਜਾਬੀ ਰਾਜਬਿੰਦਰ ਸਿੰਘ ਦੀ ਇਟਾਲੀਅਨ ਮਾਲਕ ਦੀ ਦਰਿੰਦਗੀ ਕਾਰਨ ਗਈ ਜਾਨ