ਮਾਪਿਆਂ ਪੁੱਤ ਦੀ ਲਾਸ਼ ਪੰਜਾਬ ਲਿਆਉਣ ਲਈ ਲਾਈ ਮਦਦ ਦੀ ਗੁਹਾਰ
ਰੋਮ (ਇਟਲੀ) (ਕੈਂਥ) – ਇਟਲੀ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਇੱਕ ਤੋਂ ਬਾਅਦ ਇੱਕ ਹੋ ਰਹੀਆਂ ਮੌਤਾਂ ਨੇ ਭਾਈਚਾਰੇ ਨੂੰ ਸੋਚੀ ਪਾ ਰੱਖਿਆ ਹੈ ਕਿ ਆਖਿਰ ਕਿਵੇਂ ਇਸ ਅਣਹੋਣੀ ਨੂੰ ਰੋਕਿਆ ਜਾਵੇ। ਪਹਿਲਾਂ ਬੇਵਕਤੀ ਮੌਤ ਦਾ ਸ਼ਿਕਾਰ ਹੋਏ ਨੌਜਵਾਨਾਂ ਦੀਆਂ ਲਾਸ਼ਾਂ ਹਾਲੇ ਭਾਰਤ ਭੇਜ ਨਹੀ ਸੀ ਹੋਈਆਂ ਕਿ ਰੋਜ਼ੀ-ਰੋਟੀ ਤੇ ਘਰ ਦੀ ਗਰੀਬੀ ਦੂਰ ਕਰਨ ਜ਼ਮੀਨ ਵੇਚ 15-16 ਸਾਲ ਪਹਿਲਾਂ ਇਟਲੀ ਆਏ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਖਾਰਾ ਦੇ ਰਹਿਣ ਵਾਲੇ ਨੌਜਵਾਨ ਦਰਸ਼ਨ ਸਿੰਘ (31) ਦੀ ਮੌਤ ਹੋ ਜਾਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਵਿੱਲਾਲਤੇਰਨੋ (ਕਾਸੇਰਤਾ) ਨਾਪੋਲੀ ਇਲਾਕੇ ਵਿੱਚ ਕੰਮ ਕਰਦਾ ਸੀ। ਮ੍ਰਿਤਕ ਨੌਜਵਾਨ ਦੇ ਘਰਿਦਆਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ, ਉਨ੍ਹਾਂ ਦੇ 4 ਬੱਚੇ ਹਨ ਦੋ ਕੁੜੀਆਂ ਤੇ ਦੋ ਮੁੰਡੇ ।ਦਰਸ਼ਨ ਸਿੰਘ ਸਭ ਤੋਂ ਵੱਡਾ ਮੁੰਡਾ ਸੀ, ਜਿਹੜਾ ਕਮਾਈ ਕਰਨ ਲਈ ਇਟਲੀ ਗਿਆ ਸੀ। ਜਿਸ ਦੀ 26 ਜਨਵਰੀ ਨੂੰ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ, ਉਨ੍ਹਾਂ ਦਾ ਪੁੱਤਰ ਇਟਲੀ ਦੇ ਕਿਸੇ ਸ਼ਹਿਰ ਵਿਚ ਬਾਰ ਉੱਤੇ ਕੰਮ ਕਰਦਾ ਸੀ। ਜਿਸ ਪੁੱਤਰ ਦੇ ਵਿਆਹ ਦੀ ਤਿਆਰੀ ਬੁੱਢੇ ਮਾਪੇ ਕਈ ਸਾਲਾਂ ਤੋਂ ਕਰ ਰਹੇ ਸਨ, ਪਰ ਉਸ ਦੀ ਮੌਤ ਦਾ ਸੁਣ ਹੁਣ ਮਾਪੇ ਪੱਥਰ ਬਣ ਗਏ। ਦਰਸ਼ਨ ਸਿੰਘ ਦੀ ਮੌਤ ਕਿਵੇ ਹੋਈ ਇਸ ਸੰਬਧੀ ਮ੍ਰਿਤਕ ਦੇ ਰਿਸ਼ਤੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ, ਦਰਸ਼ਨ ਸਿੰਘ ਵਿੱਲਾ ਲਤੇਰਨੋ ਨੇੜੇ ਇੱਕ ਪਿੰਡ ਇਟਾਲੀਅਨ ਬਾਰ ਉੱਤੇ ਕੰਮ ਕਰਦਾ ਸੀ. ਕੋਰੋਨਾ ਕਾਰਨ ਪਿਛਲੇ ਇੱਕ ਸਾਲ ਤੋਂ ਦਰਸ਼ਨ ਸਿੰਘ ਦਾ ਕੰਮ ਛੁੱਟ ਗਿਆ ਸੀ ਤੇ ਦੁਬਾਰਾ ਉਸ ਨੂੰ ਕੋਈ ਕੰਮ ਕਾਰ ਨਹੀ ਮਿਲਿਆ। ਜਿਸ ਦੀ ਦਰਸ਼ਨ ਸਿੰਘ ਬਹੁਤ ਜ਼ਿਆਦਾ ਚਿੰਤਾ ਕਰਦਾ ਸੀ ਤੇ ਇਹੀ ਚਿੰਤਾ ਉਸ ਦੀ ਮੌਤ ਦਾ ਕਾਰਨ ਬਣ ਗਈ। ਇਸ ਸਮੇਂ ਮ੍ਰਿਤਕ ਦਰਸ਼ਨ ਸਿੰਘ ਦੀ ਲਾਸ਼ ਵਿੱਲਾ ਲਤੇਰਨੋ ਪਈ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਵਲੋਂ ਸਰਕਾਰ ਤੇ ਇਟਲੀ ਦੇ ਭਾਰਤੀ ਭਾਈਚਾਰੇ ਨੂੰ ਮਦਦ ਦੀ ਗੁਹਾਰ ਲਗਾਈ ਹੈ ਕਿ ਉਹ ਉਸ ਦੇ ਪੁੱਤਰ ਦੀ ਲਾਸ਼ ਨੂੰ ਪੰਜਾਬ ਲਿਆਉਣ ’ਚ ਮਦਦ ਕਰਨ ਤਾਂ ਜੋ ਉਹ ਆਪਣੇ ਜਿਗਰ ਦੇ ਟੁਕੜੇ ਦਾ ਆਖਰੀ ਵਾਰ ਮੂੰਹ ਦੇਖ ਸਕਣ।