ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਯੂਰਪੀਅਨ ਦੇਸ਼ਾਂ ਵਿੱਚ ਇਸ ਸਮੇ ਮੌਸਮ ਪੂਰਾ ਸੁਹਾਵਣਾ ਹੈ ਜਿਸ ਦੇ ਚੱਲਦਿਆਂ ਇਟਲੀ ਵਿੱਚ ਇਸ ਸਾਲ ਜਨਵਰੀ ਮਹੀਨੇ ਵਿੱਚ ਬਰਫਬਾਰੀ ਨੇ ਦਸਤਕ ਦਿੱਤੀ ਹੈ. ਇਟਲੀ ਦੇ ਉੱਤਰੀ ਅਤੇ ਮੱਧ ਹਿੱਸੇ ਵਿੱਚ ਇਸ ਸਾਲ ਦੀ ਪਹਿਲੀ ਬਰਫਬਾਰੀ ਹੋਈ ਹੈ. ਬਰਫਬਾਰੀ ਦੇ ਨਾਲ ਧਰਤੀ ਉੱਤੇ ਚਿੱਟੇ ਰੰਗ ਦੀ ਚਾਦਰ ਵਿੱਛ ਗਈ ਹੈ. ਉੱਤਰੀ ਇਟਲੀ ਦੇ ਮੈਦਾਨੀ ਇਲਾਕਿਆਂ ਅਤੇ ਵੱਖ-ਵੱਖ ਇਲਾਕਿਆਂ ਵਿੱਚ ਬਰਫਬਾਰੀ ਦੇ ਸਮਾਚਾਰ ਪ੍ਰਾਪਤ ਹੋਏ ਹਨ.
ਤਾਜ਼ਾ ਜਾਣਕਾਰੀ ਅਨੁਸਾਰ ਸਵੇਰੇ ਤੋਂ ਇਹ ਬਰਫਬਾਰੀ ਹੋ ਰਹੀ ਹੈ. ਬਰਫ਼ ਪੈਣ ਨਾਲ ਆਮ ਲੋਕਾਂ ਨੂੰ ਦੰਦ ਕੰਬਣੀ ਛਿੜ ਗਈ। ਇਟਲੀ ਦੇ ਕਈ ਹਿੱਸਿਆਂ ਵਿੱਚ ਪਿਛਲੇ ਬੀਤੇ ਦਿਨਾਂ ਤੋਂ ਖੁਰਾਬ ਮੌਸਮ ਕਾਰਨ ਜਿੱਥੇ ਠੰਡ ਨੇ ਜੋਰ ਫੜਿਆ ਹੋਇਆ ਹੈ ਉਥੇ ਬੀਤੇ ਦਿਨ ਉੱਤਰੀ ਪ੍ਰਾਂਤ ਲੰਬਾਰਦੀਆ ਦੇ ਜ਼ਿਲ੍ਹਾ ਬਰੇਸ਼ੀਆ ਦੇ ਕਈਆ ਇਲਾਕਿਆਂ ਵਿੱਚ ਭਾਰੀ ਬਰਫਬਾਰੀ ਹੋਈ ਹੈ. ਇਸ ਸੰਬੰਧੀ ਇਨ੍ਹਾਂ ਇਲਾਕਿਆਂ ਵਿੱਚ ਰੈਣ ਬਸੇਰਾ ਕਰ ਰਹੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ, ਵੀਰਵਾਰ ਸਵੇਰੇ -2° ਤਾਪਮਾਨ ਸੀ। ਬਰਫ ਨਾਲ ਜ਼ਮੀਨ ਤੇ ਜਿਵੇਂ ਚਿੱਟੀ ਚਾਦਰ ਵਿਛਾਈ ਲੱਗ ਰਹੀ ਸੀ। ਇਸ ਬਰਫਬਾਰੀ ਕਰਕੇ ਜਨਜੀਵਨ ਵੀ ਪ੍ਰਭਾਵਿਤ ਹੋਇਆ, ਉਥੇ ਦੂਜੇ ਪਾਸੇ ਬੱਚਿਆਂ ਅਤੇ ਵੱਡਿਆਂ ਨੇ ਇਸ ਸਾਲ ਤਾਜ਼ਾ ਬਰਫਬਾਰੀ ਦਾ ਅਨੰਦ ਵੀ ਮਾਣਿਆ।
ਜ਼ਿਕਰਯੋਗ ਹੈ ਉੱਤਰੀ ਇਟਲੀ ਦਾ ਮੌਸਮ ਇਟਲੀ ਦੇ ਬਾਕੀ ਇਲਾਕਿਆਂ ਨਾਲੋਂ ਸਰਦੀਆਂ ਵਿੱਚ ਜ਼ਿਆਦਾ ਠੰਡਾ ਹੁੰਦਾ ਹੈ ਅਤੇ ਹਰ ਸਾਲ ਸਰਦੀਆਂ ਵਿੱਚ ਬਰਫਬਾਰੀ ਵੀ ਇਨ੍ਹਾਂ ਇਲਾਕਿਆਂ ਵਿੱਚ ਹੀ ਹੁੰਦੀ ਹੈ, ਪਰ ਲੋਕਾਂ ਨੂੰ ਬਾਹਰ ਜਾਣ ਅਤੇ ਕੰਮਾਂ ਕਾਰਾਂ ਆਦਿ ਵਿੱਚ ਜਾਣ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ. ਬਰਫ਼ ਪੈਣ ਨਾਲ ਸੜਕਾਂ ‘ਤੇ ਤਿਲਕਣ ਹੋਣ ਕਾਰਨ ਆਵਾਜਾਈ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ. ਸਰਦ ਮੌਸਮ ਦੀ ਇਸ ਪਹਿਲੀ ਬਰਫ਼ਬਾਰੀ ਵਿੱਚ ਬਰਫ਼ ਦੇਖਣ ਦੇ ਚਾਹਵਾਨਾਂ ਦੇ ਚਿਹਰੇ ‘ਤੇ ਖੁਸ਼ੀ ਦੇਖਣ ਨੂੰ ਮਿਲੀ। ਲੋਕ ਬਰਫ਼ ਦੇ ਵਿੱਚ ਸੈਲਫੀ ਅਤੇ ਵੀਡੀਉ ਬਣਾਉਦੇ ਵੀ ਨਜ਼ਰ ਆਏ. ਬਹੁਤ ਸਾਰੇ ਇਲਾਕਿਆਂ ਵਿੱਚ ਵਸਦੇ ਲੋਕਾਂ ਨੇ ਸ਼ੋਸ਼ਲ ਮੀਡੀਆ ‘ਤੇ ਲਾਇਵ ਹੋ ਕੇ ਇਸ ਸਾਲ ਦੇ ਮੌਸਮ ਦੀ ਪਹਿਲੀ ਬਰਫਬਾਰੀ ਦਾ ਅੰਨਦ ਮਾਣਿਆ।
ਇਟਲੀ ਵਿੱਚ ਉੱਤਰੀ ਇਲਾਕੇ ਵਿੱਚ ਪਈ ਇਸ ਬਰਫਬਾਰੀ ਕਾਰਨ ਆਉਣ ਵਾਲੇ ਦਿਨਾਂ ਵਿਚ ਮੌਸਮ ਦਾ ਤਾਪਮਾਨ ਹੋਰ ਡਿੱਗਣ ਦੇ ਆਸਾਰ ਹਨ. ਜਿਥੇ ਪ੍ਰਸ਼ਾਸ਼ਨ ਵਲੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ, ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ, ਉਥੇ ਹੀ ਪ੍ਰਸ਼ਾਸ਼ਨ ਨੇ ਦੱਖਣੀ ਪੀਮੋਨਤੇ ਦੇ ਮੈਦਾਨੀ ਇਲਾਕਿਆਂ ਵਿਚ ਭਾਰੀ ਬਰਫਬਾਰੀ ਦੀ ਚੇਤਾਵਨੀ ਦਿੱਤੀ ਹੈ।

