ਲੰਡਨ (ਮਨਦੀਪ ਖੁਰਮੀ) – ਕਵੀਸ਼ਰੀ ਕਲਾ ਰਾਹੀਂ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਉਣ ਅਤੇ ਸਮਾਜਿਕ ਬੁਰਾਈਆਂ ਖਿਲਾਫ ਜਾਗਰੂਕਤਾ ਦਾ ਪਸਾਰਾ ਕਰਨ ਵਿੱਚ ਕਵੀਸ਼ਰੀ ਜਥੇ ਵਡਮੁੱਲਾ ਯੋਗਦਾਨ ਪਾਉਂਦੇ ਹਨ। ਅਜੋਕੇ ਤੇਜ਼ ਰਫ਼ਤਾਰ ਯੁਗ ਵਿੱਚ ਕਵੀਸ਼ਰੀ ਕਲਾ ਤੇ ਕਲਾਕਾਰਾਂ ਨੂੰ ਬਣਦਾ ਸਨਮਾਨ ਨਹੀਂ ਮਿਲ ਰਿਹਾ। ਸਾਡਾ ਫਰਜ਼ ਬਣਦਾ ਹੈ ਕਿ ਇਸ ਕਲਾ ਦੇ ਭਵਿੱਖ ਨੂੰ ਰੌਸ਼ਨ ਕਰਨ ਲਈ ਕਲਾਕਾਰਾਂ ਦੀ ਪਿੱਠ ਥਾਪੜੀ ਜਾਵੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਇੰਗਲੈਂਡ ਦੇ ਪਹਿਲੇ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਇੰਗਲੈਂਡ ਦੌਰੇ ‘ਤੇ ਆਏ ਭਾਈ ਭਗਵੰਤ ਭਗਵਾਨ ਸਿੰਘ ਸੂਰਵਿੰਡ ਦੇ ਕਵੀਸ਼ਰੀ ਜਥੇ ਨੂੰ ਬਰਤਾਨਵੀ ਪਾਰਲੀਮੈਂਟ ਦੀ ਫੇਰੀ ਪੁਆਉਣ ਉਪਰੰਤ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਤੋਂ ਇਲਾਵਾ ਚੜ੍ਹਦੀ ਕਲਾ ਸਿੱਖ ਆਰਗੇਨਾਈਜੇਸ਼ਨ ਗ੍ਰੇਵਜੈਂਡ ਦੇ ਸੇਵਾਦਾਰਾਂ ਪਰਮਿੰਦਰ ਸਿੰਘ ਮੰਡ, ਅਮਰੀਕ ਸਿੰਘ ਜਵੰਦਾ, ਗੁਰਤੇਜ ਸਿੰਘ ਪੰਨੂੰ, ਕੌਂਸਲਰ ਨਿਰਮਲ ਸਿੰਘ ਖਾਬੜਾ, ਹਰਭਜਨ ਸਿੰਘ ਟਿਵਾਣਾ ਵੱਲੋਂ ਆਯੋਜਿਤ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਭਾਈ ਭਗਵੰਤ ਭਗਵਾਨ ਸਿੰਘ ਸੂਰਵਿੰਡ, ਭਾਈ ਗੁਰਚੇਤ ਸਿੰਘ ਦੁੱਬਲੀ, ਭਾਈ ਬਲਜੀਤ ਸਿੰਘ ਬਗੀਚਾ ਸੁਰਸਿੰਘ ਨੂੰ ਦਸਤਾਰਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।