ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਯੂਰਪੀਅਨ ਦੇਸ਼ ਇਟਲੀ ਜਿਨਾਂ ਸੁਹਣਾ ਅਤੇ ਖੁਸ਼ਹਾਲੀ ਨਾਲ ਭਰਿਆ ਹੋਇਆ ਹੈ, ਉਨਾਂ ਹੀ ਇਸ ਦੇਸ ਨੂੰ ਪਿਛਲੇ ਕਈ ਸਾਲਾਂ ਤੋਂ ਕੁਦਰਤੀ ਆਫ਼ਤਾਂ ਅਤੇ ਕੋਰੋਨਾ ਵਰਗੀ ਮਹਾਂਮਾਰੀ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੋਇਆ ਹੈ। ਬੀਤੇ ਕਈ ਦਿਨਾਂ ਤੋਂ ਇਟਲੀ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਕਰਕੇ ਹੜ੍ਹ ਆਏ ਹੋਏ ਹਨ। ਜਿਨ੍ਹਾਂ ਵਿੱਚ ਏਮੀਲੀਆ ਰੋਮਾਨਾ ‘ਚ ਹੜ੍ਹ ਦੇ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਉਥੇ ਦੂਜੇ ਪਾਸੇ ਐਤਵਾਰ ਨੂੰ ਇਟਲੀ ਦੇ ਸਾਊਥ ਇਲਾਕੇ ਕਤਾਨੀਆ ਵਿਖੇ ਜਵਾਲਾਮੁਖੀ ਫਟ ਜਾਣ ਕਾਰਨ ਇਲਾਕੇ ਵਿੱਚ ਜਨਜੀਵਨ ਪ੍ਰਭਾਵਿਤ ਹੋਇਆ ਹੈ।
ਸਥਾਨਕ ਮੀਡੀਆ ਦੇ ਅਨੁਸਾਰ ਇਸ ਬਾਰੇ ਕਤਾਨੀਆ ਵਿਖੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਜੀਓਫਿਜ਼ਇਕਸ ਐਂਡ ਵਿਗਿਆਨ ਅਤੇ ਏਟਨਾ ਅਬਜ਼ਰਵੇਟਰੀ ਵਿਭਾਗ ਵਲੋਂ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਸੀ ਜਿਸ ਦੇ ਮੱਦੇਨਜਰ ਕਤਾਨੀਆ ਦੇ ਹਵਾਈ ਅੱਡੇ ਦੀ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਆਉਣ ਜਾਣ ਵਾਲੀਆਂ ਹਵਾਈ ਉਡਾਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਖ਼ਬਰ ਲਿਖੇ ਜਾਣ ਤੱਕ ਕੋਈ ਵੀ ਜਾਨੀ ਨੁਕਸਾਨ ਦਾ ਸਮਾਚਾਰ ਨਹੀਂ ਪ੍ਰਾਪਤ ਹੋ ਸਕਿਆ, ਪਰ ਇਲਾਕੇ ਵਿੱਚ ਕਾਲੇ ਰੰਗ ਦੀ ਮਿੱਟੀ (ਸੁਆਹ) ਅਤੇ ਛੋਟੇ ਛੋਟੇ ਮਿੱਟੀ ਅਤੇ ਬਜ਼ਰੀ ਦੇ ਟੁਕੜੇ ਜ਼ਰੂਰ ਦੇਖਣ ਮਿਲੇ। ਇਲਾਕੇ ਦੀਆਂ ਸੜਕਾਂ, ਘਰਾਂ ਅਤੇ ਲੋਕਾਂ ਦੀਆਂ ਗੱਡੀਆਂ ਉਤੇ ਕਾਲੇ ਰੰਗ ਦੀ ਸੁਆਹ ਦੀ ਪਰਤ ਮਿਲੀ, ਪ੍ਰੰਤੂ ਵਿਭਾਗ ਦੀ ਮੁਸਤੈਦੀ ਨਾਲ ਇਲਾਕੇ ਵਿੱਚ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ, ਤਾਂ ਜੋ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ। ਦੂਜੇ ਪਾਸੇ ਲਗਭਗ 9 ਘੰਟੇ ਤੋਂ ਬਾਅਦ ਕਤਾਨੀਆ ਹਵਾਈ ਅੱਡੇ ਦੀ ਆਵਾਜਾਈ ਨੂੰ ਬਹਾਲ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਇਟਲੀ ਵਿੱਚ ਹੁਣ ਵੀ ਕਈ ਇਲਾਕਿਆ ਵਿੱਚ ਭਾਰੀ ਮੀਂਹ ਪੈ ਰਹੇ ਹਨ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਐਮਰਜੈਂਸੀ ਦਾ ਐਲਾਨ ਕੀਤਾ ਹੋਇਆ ਹੈ।