in

ਕਰੋਨਾ ਕਰੋਨਾ ਕਰੋਨਾ

ਮਨੁਖ ਸਮੇਤ ਤਕਰੀਬਨ ਹਰੇਕ ਜੀਵ ਹੀ ਕਈ ਪ੍ਰਕਾਰ ਦੇ ਡਰਾਂ ਦੇ ਅਧੀਨ ਹੀ ਸਾਰੀ ਉਮਰ ਵਿਚਰਦਾ ਹੈ। ਇਹਨਾਂ ਡਰਾਂ ਦੀ ਗਿਣਤੀ ਵੀ ਵਾਹਵਾ ਈ ਆ। ਸ਼ੇਖ਼ ਫਰੀਦ ਜੀ ਨੇ ਤਾਂ ਇਹਨਾਂ ਦੀ ਗਿਣਤੀ ਪੰਜਾਹ ਦੱਸੀ ਹੈ। ਸ਼ੇਖ਼ ਫਰੀਦ ਜੀ ਫੁਰਮਾਉਂਦੇ ਹਨ:
ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ॥ (੧੩੮੪)
ਪਿਛਲੇ ਤਿੰਨ ਕੁ ਮਹੀਨਿਆਂ ਤੋਂ ਸਾਰਾ ਮਨੁਖੀ ਸੰਸਾਰ ਇਕ ਹੋਰ ਤਰ੍ਹਾਂ ਦੇ ਡਰ ਵਿਚ ਵੀ ਗਰੱਸਿਆ ਹੋਇਆ ਹੈ, ਜਿਸ ਦਾ ਸ਼ੇਖ ਫਰੀਦ ਜੀ ਵੇਲ਼ੇ ਮਨੁਖ ਨੂੰ ਡਰ ਨਹੀਂ ਸੀ ਹੁੰਦਾ ਤੇ ਨਾ ਹੀ ਸ਼ੇਖ਼ ਜੀ ਨੇ ਉਸ ਦਾ ਵਰਨਣ ਕੀਤਾ। ਉਸ ਡਰ ਨਾ ਨਾਂ ਹੈ: ਕਰੋਨਾਵਾਇਰਸ ਜਿਸ ਦਾ ਅੱਜ ਚਾਰ ਚੁਫੇਰੇ ਹੀ ਨਾਂ ਜਪਿਆ ਜਾ ਰਿਹਾ ਹੈ। ਤਿੰਨ ਕੁ ਮਹੀਨਿਆਂ ਤੋਂ ਸਾਰਾ ਸੰਸਾਰ ਇਸ ਬਲ਼ਾ ਤੋਂ ਭੈ ਭੀਤ ਹੋ ਕੇ ਥਰ ਥਰ ਕੰਬ ਰਿਹਾ ਹੈ।
ਮੌਤ ਦਾ ਡਰ ਹਰੇਕ ਪਰਾਣੀ ਉਪਰ ਅਸਰ ਕਰਦਾ ਹੈ। ਏਥੋਂ ਤੱਕ ਕਿ ਨਾਲ਼ੀ ਦਾ ਕੀੜਾ ਵੀ ਵਧ ਤੋਂ ਵਧ ਜੀਣਾ ਲੋੜਦਾ ਹੈ। “ਜੀਣਾ ਲੋੜੇ ਸਭ ਕੋਈ।” ਹਰੇਕ ਜੀਵ ਸੰਸਾਰ ਵਿਚ ਵਧ ਤੋਂ ਵਧ ਸਮਾ ਜੀਣਾ ਚਾਹੁੰਦਾ ਹੈ। ਗੁਰਬਾਣੀ ਵਿਚ ਵੀ ਫੁਰਮਾਣ ਹੈ, “ਰਜਿ ਨ ਕੋਈ ਜੀਵਿਆ। ਪਹਿਚ ਨ ਚਲਿਆ ਕੋਇ॥” (੧੪੧੨) ਅਰਥਾਤ ਜੀਵ ਦੀ ਇੱਛਾ ਹੁੰਦੀ ਹੈ ਕਿ ਉਹ ਵਧ ਤੋਂ ਵੱਧ ਸਮਾ ਸੰਸਾਰ ਵਿਚ ਵਿਚਰੇ। ਇਸ ਬਾਰੇ ਇਕ ਲੋਕ ਗੀਤ ਵੀ ਹੈ:
ਜੀ ਨਹੀਂ ਜਾਣ ਨੂੰ ਕਰਦਾ, ਰੰਗਲੀ ਦੁਨੀਆਂ ਤੋਂ।
ਪਰ, “ਜੋ ਆਇਆ ਸੋ ਚਲ ਸੀ ਸਭੁ ਕੋਈ ਆਈ ਵਾਰੀਐ॥” (੪੭੪) ਵਾਲ਼ੇ ਹੁਕਮ ਅਨੁਸਾਰ, “ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ॥”(੧੩੮੦) ਇਸ ਅਸਾਰ ਸੰਸਾਰ ਤੋਂ ਸਾਨੂੰ ਸਾਰਿਆਂ ਨੂੰ ਕੂਚ ਕਰਨਾ ਹੀ ਪੈਣਾ ਹੈ।
ਅਜਿਹੀਆਂ ਵਬਾਵਾਂ ਜਦੋਂ ਦਾ ਸੰਸਾਰ ਬਣਿਆ ਹੈ, ਆਉਂਦੀਆਂ ਵੀ ਰਹੀਆਂ ਨੇ ਤੇ, ਕਾਦਰ ਦੀ ਕੁਦਰਤ ਵੱਲੋਂ ਜੁੰਮੇ ਲੱਗੀ ਸੇਵਾ ਨਿਭਾਉਣ ਪਿਛੋਂ, ਜਿਧਰੋਂ ਆਈਆਂ ਓਧਰ ਹੀ ਤੁਰ ਵੀ ਜਾਂਦੀਆਂ ਰਹੀਆਂ ਨੇ। ਇਹ ਬਲ਼ਾ ਵੀ ਆਪਣਾ ਕਾਰਾ ਕਰਕੇ ਚਲੀ ਜਾਵੇਗੀ। ਸਾਵਧਾਨੀ ਵਰਤਣੀ ਜਰੂਰੀ ਹੈ ਪਰ ਖ਼ੁਦ ਬੇਲੋੜਾ ਡਰ ਮੰਨਣ ਅਤੇ ਆਸੇ ਪਾਸੇ ਡਰ ਦਾ ਵਾਤਾਵਰਨ ਪੈਦਾ ਕਰਨ ਤੋਂ ਗੁਰੇਜ਼ ਕਰੀਏ। ਮਹਾਂਰਜ ਫੁਰਮਾਉਂਦੇ ਹਨ: “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥” (ਜਪੁ ਜੀ) ਰੱਬ ਦੇ ਹੁਕਮ ਅਨੁਸਾਰ, ਉਸ ਦੀ ਸਾਜੀ ਕੁਦਰਤ ਨੇ ਆਪਣੇ ਸਾਜੇ ਮਨੁਖ ਦੇ ਮੂੰਹ ਉਪਰ ਹੀ ਚਪੇੜ ਮਾਰੀ ਹੈ ਕਿ ਉਹ ਸੰਭਲ਼ ਜਾਵੇ। ਜਿਵੇਂ ਸ਼ਰਾਰਤੀ ਪੁੱਤਰ ਨੂੰ ਸ਼ਰਾਰਤਾਂ ਤੋਂ ਰੋਕਣ ਲਈ ਮਾਂ ਉਸ ਦੇ ਮੂੰਹ ਉਪਰ, ਨਾ ਚਾਹੁੰਦਿਆਂ ਹੋਇਆਂ ਵੀ, ਉਸ ਦੇ ਸੁਧਾਰ ਵਾਸਤੇ ਚਪੇੜ ਮਾਰਦੀ ਹੈ। ਆਪਾਂ ਸਾਰੇ ਹੀ ਜਾਣਦੇ ਹਾਂ ਕਿ ਮਨੁਖ ਨੇ, ਅਵੱਲੇ ਤੇ ਬੇਲੋੜੇ ਉਪੱਦਰ ਕਰ ਕਰਕੇ, ਇਸ ਧਰਤੀ ਦੇ ਵਾਤਾਵਰਨ ਉਪਰ ਕਿੰਨਾ ਕੁਦਰਤ ਨਾਲ਼ ਖਿਲਵਾੜ ਕੀਤਾ ਹੈ। ਮੈਂ ਭਗਤ ਪੂਰਨ ਸਿੰਘ ਜੀ ਦੀਆਂ ਵਾਤਾਵਰਨ ਸਬੰਧੀ ੧੯੫੨ ਤੋਂ ਲਿਖਤਾਂ ਪੜ੍ਹਦਾ ਆ ਰਿਹਾ ਹਾਂ। ਭਗਤ ਜੀ ਸਾਨੂੰ ਆਪਣੀਆਂ ਲਿਖਤਾਂ ਰਾਹੀਂ ਉਸ ਸਮੇ ਹੀ ਉਸ ਖ਼ਤਰੇ ਤੋਂ ਸਾਵਧਾਨ ਕਰਿਆ ਕਰਦੇ ਸਨ, ਜੋ ਅਸੀਂ ਅੱਜ ਝੱਲ ਰਹੇ ਹਾਂ।
ਮਨੁਖ, ਜੋ ਕਿ ਸਵਾਰਥ ਦੇ ਲਾਲਚ ਅਧੀਨ ਆਪਣਾ ਹੀ ਭਲਾ ਸੋਚਣ ਵਾਲ਼ੀ ਬਿਰਤੀ ਕਰਕੇ, ਜੋ ਕੁਝ ਸੋਚਦਾ ਹੈ, ਉਸ ਦਾ ਨਤੀਜਾ ਇਸ ਤਰ੍ਹਾਂ ਹੀ ਨਿਕਲ਼ਦਾ ਹੈ। ਬੰਦਾ ਸਮਝਦਾ ਹੈ ਕਿ ਮੈਂ ਬੜਾ ਸਿਆਣਾ ਹਾਂ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ:
ਸਿਆਨਪ ਕਾਹੂੰ ਕਾਮਿ ਨ ਆਤ॥ ਜੋ ਅਨੁਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ॥ਰਹਾਉ॥ (੪੯੬)
ਅਸੀਂ ਸਾਰੇ ਸੰਸਾਰ ਵਿਚ ਭਜੜਾਂ ਪਾ ਦਿਤੀਆਂ ਹਨ। ਕੁਝ ਲੋਕਾਂ ਨੇ ਇਸ ਹਫੜਾ ਦਫੜੀ ਵਿਚ ਦੁਕਾਨਾਂ ਵਿਚੋਂ ਸਾਮਾਨ ਮੁਕਾ ਦਿਤਾ ਹੈ ਖਰੀਦ ਖਰੀਦ ਕੇ। ਲੋੜਵੰਦਾਂ ਜੋਗਾ ਦੁਕਾਨਾਂ ਦੀਆਂ ਸ਼ੈਲਫਾਂ ਉਪਰ ਰਹਿਣ ਨਹੀ ਦਿਤਾ ਤੇ ਆਪਣੇ ਘਰ ਭਰ ਲਏ ਹਨ। ੧੯੪੭ ਵਿਚ ਜਦੋਂ ਚਾਲ਼ੀ ਪੰਜਾਹ ਲੱਖ ਪੰਜਾਬੀ ਪੱਛਮੀ ਪੰਜਾਬ ਵਿਚੋਂ ਉਜੜ ਕੇ ਪੂਰਬੀ ਪੰਜਾਬ ਆਏ ਸਨ, ਉਸ ਸਮੇ ਵੀ ਵਸਤਾਂ ਖ਼ਰੀਦਣ ਲਈ ਏਨੀ ਭਾਜੜ ਨਹੀਂ ਸੀ ਪਈ। ਮੇਰੀ ਸੰਭਾਲ਼ ਵਿਚ ੧੯੫੫ ਵਾਲ਼ੇ ਸਾਲ ਬਹੁਤ ਵੱਡੇ ਹੜ ਪੰਜਾਬ ਵਿਚ ਆਏ ਸਨ। ਬਹੁਤ ਲੋਕਾਂ ਦਾ ਸਾਰਾ ਕੁਝ ਰੁੜ੍ਹ ਗਿਆ ਸੀ। ਮੈਂ ਉਸ ਸਮੇ ਤਰਨ ਤਾਰਨ ਦੇ ਖ਼ਾਲਸਾ ਪ੍ਰਚਾਰਕ ਵਿਦਿਆਲੇ ਵਿਚ ਵਿਦਿਆਰਥੀ ਸਾਂ। ਪੰਜਾਹਵਿਆਂ ਵਾਲ਼ੇ ਦਹਾਕੇ ਦੌਰਾਨ, ਅੱਜ ਵਾਂਗ ਪੰਜਾਬ ਵਿਚ ਅਨਾਜ ਤੇ ਹੋਰ ਲੋੜੀਂਦੀਆਂ ਵਸਤਾਂ ਦੀ ਬਹੁਲਤਾ ਨਹੀਂ ਸੀ ਹੁੰਦੀ। ਆਟਾ, ਕੱਪੜਾ, ਖੰਡ, ਮਿੱਟੀ ਦਾ ਤੇਲ ਆਦਿ ਪਰਮਿਟ ਉਪਰ ਸੀਮਤ ਮਾਤਰਾ ਵਿਚ ਮਿਲ਼ਿਆ ਕਰਦੇ ਸਨ। ਸ਼ਹਿਰਾਂ ਵਿਚ ਹਫਤੇ ਦਾ ਜਿੰਨਾ ਆਟਾ ਪਰਮਟ ਉਪਰ ਮਿਲ਼ਦਾ ਸੀ ਉਸ ਨਾਲ਼ ਸੱਤ ਦਿਨ ਗੁਜ਼ਾਰਾ ਨਹੀਂ ਸੀ ਹੁੰਦਾ। ਕੋਈ ਪਰਾਹੁਣਾ ਆ ਜਾਵੇ ਤਾਂ ਘਰਦਿਆਂ ਨੂੰ ਅੱਧ ਭੁੱਖੇ ਰਹਿਣਾ ਪੈਂਦਾ ਸੀ। ਬਾਜ਼ਾਰ ਵਿਚੋਂ ਮਕਈ ਦਾ ਆਟਾ ਜਾਂ ਚੌਲ਼ ਵਗੈਰਾ ਲਿਆ ਕੇ ਡੰਗ ਸਾਰਿਆ ਜਾਂਦਾ ਸੀ। ਪੰਜਾਬ ਵਿਚ ਅਨਾਜ ਦੀ ਬਹੁਲਤਾ ਵਿਚ ਜ਼ਮੀਨ ਦੀ ਮੁਰੱਬਾਬੰਦੀ, ਮਸ਼ੀਨਰੀ, ਖਾਦਾਂ, ਸਪਰੇਆਂ, ਲੁਧਿਆਣਾ ਯੂਨੀਵਰਸਿਟੀ ਵੱਲੋਂ ਕੀਤੀਆਂ ਗਈਆਂ ਕਣਕ ਦੇ ਨਵੇਂ ਬੀਆਂ ਦੀਆਂ ਖੋਜਾਂ ਕਰਕੇ, ੧੯੬੮ ਦੀ ਹਾੜੀ ਦੀ ਫਸਲ ਤੋਂ ਲੋੜੋਂ ਵਧ ਅਨਾਜ ਪੈਦਾ ਹੋਣਾ ਸ਼ੁਰੂ ਹੋਇਆ ਤੇ ਏਨਾ ਹੋਇਆ ਕਿ ਭੰਡਾਰ ਕਰਨ ਲਈ ਗੁਦਾਮ ਨਹੀਂ ਸਨ ਮਿਲ਼ੇ। ਸਕੂਲ ਬੰਦ ਕਰਕੇ ਉਹਨਾਂ ਵਿਚ ਕਣਕ ਦੇ ਅੰਬਾਰ ਲਗਾਏ ਗਏ ਸਨ।
ਉਸ ਤੰਗੀ ਦੇ ਸਮੇ ਵਿਚ ਵੀ ਗੁਰਦੁਆਰਾ ਸਾਹਿਬਾਨ ਦੇ ਲੰਗਰ ਬੰਦ ਹੁੰਦੇ ਨਹੀਂ ਸਨ ਸੁਣੇ। ਤਰਨ ਤਾਰਨ ਦੇ ਲੰਗਰ ਵਿਚ ਰਾਸ਼ਨ ਦੀ ਕਮੀ ਕਾਰਨ ਹਰੇਕ ਵਿਅਕਤੀ ਦੇ ਹੱਥ ਉਪਰ ਦੋ ਪ੍ਰਸ਼ਾਦੇ ਅਤੇ ਉਹਨਾਂ ਉਪਰ ਖਿੱੱਚੜ ਦਾ ਇਕ ਵੱਡਾ ਕੜਛਾ ਪਾ ਕੇ ਛਕਾਇਆ ਜਾਂਦਾ ਸੀ। ਇਸ ਦੇ ਉਲ਼ਟ ਅੱਜ ਆਸਟ੍ਰੇਲੀਆ ਦੇ ਕੁਝ ਗੁਰੂ ਘਰਾਂ ਦੇ ਸਟੋਰਾਂ ਵਿਚ ਲੋੜੋਂ ਵਧ, ਖਰਾਬ ਹੋਣ ਵਾਸਤੇ ਰਾਸ਼ਨ ਪਿਆ ਹੋਣ ਦੇ ਬਾਵਜੂਦ, ਲੰਗਰ ਬੰਦ ਕਰ ਦਿਤਾ ਗਿਆ ਹੈ। ਇਸ ਦੀ ਸਮਝ ਨਹੀਂ ਆਈ ਕਿ ਕਿਉਂ! ਜੇਕਰ ਸਰਕਾਰ ਵੱਲੋਂ ਅਜੇ ਲੰਗਰ ਬੰਦ ਕਰਨ ਦਾ ਹੁਕਮ ਨਹੀਂ ਆਇਆ ਤਾਂ ਕਿਸ ਮਜਬੂਰੀ ਕਾਰਨ ਅਜਿਹਾ ਹੋਇਆ ਹੈ! ਹਾਲਾਂ ਕਿ ਰੈਸਟੋਰੈਂਟ ਸਾਰੇ ਚੱਲ ਰਹੇ ਹਨ। ਉਹਨਾਂ ਦੇ ਮੁਕਾਬਲੇ ਗੁਰੂ ਕੇ ਲੰਗਰਾਂ ਵਿਚ ਕਿੰਨੀ ਸੁੱਚਮ ਅਤੇ ਸਫਾਈ ਹੁੰਦੀ ਹੈ। ਹਰੇਕ ਸੇਵਾਦਾਰ ਸਿਰ ਢੱਕ ਕੇ ਹੱਥ ਸੁੱਚੇ ਕਰਕੇ ਲੰਗਰ ਵਿਚ ਸੇਵਾ ਕਰਦਾ ਹੈ। ਇਸ ਲਈ ਇਸ ਪੱਖੋਂ ਤਾਂ ਖ਼ਤਰੇ ਵਾਲ਼ੀ ਗੱਲ ਕੋਈ ਨਹੀਂ। ਜੇਕਰ ਫੇਰ ਵੀ ਸਫਾਈ ਵਿਚ ਕੋਈ ਕਮੀ ਦਿਸੇ ਤਾਂ ਉਹ ਵੀ ਦੂਰ ਕੀਤੀ ਜਾ ਸਕਦੀ ਹੈ। ਜੇਕਰ ਲੰਗਰ ਹਾਲ ਵਿਚ ਬੈਠ ਕੇ ਛਕਣ ਬਾਰੇ ਕੋਈ ਸ਼ੰਕਾ ਹੋਵੇ ਤਾਂ ਗੁਰਦੁਆਰਾ ਸਾਹਿਬ ਦੇ ਖੁਲ੍ਹੇ ਮੈਦਾਨ ਵਿਚ ਵੀ ਲੰਗਰ ਵਰਤਾਇਆ ਜਾ ਸਕਦਾ ਹੈ।
ਸਾਡਾ ਇਹਾਸ ਤਾਂ ਦੱਸਦਾ ਹੈ ਕਿ ਜਦੋਂ ਸੋਹਲਵੀ ਸਦੀ ਦੇ ਅਖੀਰਲੇ ਸਾਲਾਂ ਵਿਚ, ਪੰਜਾਬ ਵਿਚ ਪਲੇਗ ਪਈ ਸੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੇਤ ਸਿੱਖਾਂ ਦੇ, ਅੰਮ੍ਰਿਤਸਰੋਂ ਲਾਹੌਰ ਜਾ ਕੇ ਭੁੱਖਿਆ ਵਾਸਤੇ ਲੰਗਰ ਲਾਇਆ, ਜਦੋਂ ਮਾਵਾਂ ਪੁੱਤ ਨਹੀਂ ਸਨ ਸੰਭਾਲਦੀਆਂ ਅਤੇ ਰਿਸ਼ਤੇਦਾਰ ਬੀਮਾਰੀ ਵਿਚ ਪਰਵਾਰ ਦੇ ਤੜਫਦੇ ਜੀਆਂ ਨੂੰ ਛੱਡ ਛੱਡ ਭੱਜ ਰਹੇ ਸਨ, ਅਜਿਹੇ ਸਮੇ ਪਲੇਗ ਦਾ ਸ਼ਿਕਾਰ ਬਣ ਚੁੱਕਿਆਂ ਦੇ ਸਸਕਾਰ ਅਤੇ ਜੀਂਦੇ ਰੋਗੀਆਂ ਦਾ ਇਲਾਜ ਕਰਨਾ ਸ਼ੁਰੂ ਕਰ ਦਿਤਾ ਸੀ। ਫਿਰ ਸ੍ਰੀ ਗੁਰੂ ਹਰਿ ਕਿਸ਼ਨ ਸਾਹਿਬ ਜੀ ਨੇ ਦਿੱਲੀ ਵਿਚ ਸਮਾਲਪੌਕਸ (ਮਾਤਾ) ਦੀ ਵਬਾ ਫੈਲਣ ਸਮੇ, ਦਿੱਲੀ ਜਾ ਕੇ ਡੇਰਾ ਲਾਇਆ ਤੇ ਦੁਖੀਆਂ ਦੀ ਸੇਵਾ ਕੀਤੀ ਸੀ। ਸਿੱਖਾਂ ਨੂੰ ਆਪਣੀ ਪ੍ਰੰਪਰਾ ਅਤੇ ਸਿੱਖ ਧਰਮ ਦੀ ਸਿੱਖਿਆ ਅਨੁਸਾਰ, ਇਸ ਬਿਪਤਾ ਵਿਚ, ਵੱਸ ਲੱਗਦੀ ਸੇਵਾ ਜਾਰੀ ਰੱਖਣੀ ਚਾਹੀਦੀ ਹੈ। ਇਸ ਸਮੇ ਅਸੀਂ ਆਪਾ ਧਾਪੀ ਪਾ ਦਿਤੀ ਹੈ, ਇਸ ਸਮੇ ਗੁਰੂ ਕੇ ਲੰਗਰ ਹਰੇਕ ਪਰਾਣੀ ਮਾਤਰ ਲਈ ਚੱਲਦੇ ਰਖਣੇ ਚਾਹੀਦੇ ਹਨ। ਲੰਗਰ ਵੀ ਅੱਤ ਸਾਦਾ, ਪ੍ਰਸ਼ਾਦੇ, ਦਾਲ਼ਾ ਅਤੇ ਚਾਹ ਦੇ ਕੱਪ/ਗਲਾਸ ਦਾ ਹੋਣਾ ਚਾਹੀਦਾ ਹੈ। ਇਹ ਬਿਪਤਾ ਦਾ ਸਮਾ ਲੰਘ ਜਾਣ ਪਿੱਛੋਂ ਭਾਵੇਂ ਜਿੰਨਾ ਮਰਜੀ ਵਧੇਰੇ ਪਦਾਰਥਾਂ ਵਾਲ਼ਾ ਲੰਗਰ ਸ਼ੁਰੂ ਕਰ ਲਿਆ ਜਾਵੇ। ਅਜੇ ਦਾਲ਼, ਪ੍ਰਸ਼ਾਦਾ ਅਤੇ ਚਾਹ ਦਾ ਲੰਗਰ ਹੀ ਹੋਵੇ।
ਪਹਿਲੀ ਤੇ ਗੱਲ ਇਹ ਹੈ ਕਿ ਅਜੇ ਗੁਰਦੁਆਰਾ ਸਾਹਿਬਾਨ ਦੇ ਸਟੋਰਾਂ ਵਿਚ ਰਾਸ਼ਨ ਕਾਫੀ ਹੈ। ਫਿਰ ਵੀ ਲੋੜ ਪੈਣ ‘ਤੇ ਗੁਰਮੁਖ ਪਿਆਰੇ ਗਰੇਵਾਲ਼ ਭਰਾਵਾਂ ਨਾਲ਼ ਸੰਪਰਕ ਕਰਕੇ, ਹਰੇਕ ਗੁਰਦੁਆਰੇ ਦੇ ਜੁੰਮੇਵਾਰ ਅਹੁਦੇਦਾਰ ਵੱਲੋਂ ਬੇਨਤੀ ਕਰਨੀ ਚਾਹੀਦੀ ਹੈ। ਗਰੇਵਾਲ ਭਰਾ, ਜਿਸ ਗੁਰਦੁਆਰਾ ਸਾਹਿਬ ਵੱਲੋਂ ਬੇਨਤੀ ਆਵੇ ਉਹਨਾਂ ਨੂੰ ਪਹਿਲ ਦੇ ਆਧਾਰ ਉਪਰ ਰਾਸ਼ਨ ਭੇਜਣ। ਇਹ ਰਾਸ਼ਨ ਸਬੰਧਤ ਗੁਰਦੁਆਰਾ ਸਾਹਿਬ ਦੇ ਖ਼ਜ਼ਾਨੇ ਵਿਚੋਂ ਪੂਰਾ ਮੁੱਲ ਦੇ ਕੇ ਖ਼ਰੀਦਿਆ ਜਾਵੇ। ਆਪਣੀ ਸ਼ਰਧਾ ਨਾਲ਼ ਗਰੇਵਾਲ ਭਰਾ ਭੇਟਾ ਜਿੰਨਾ ਮਰਜੀ ਕਰਨ, ਕੋਈ ਰੁਕਾਵਟ ਨਹੀਂ ਪਰ ਜੋ ਆਰਡਰ ਦੇ ਕੇ ਮੰਗਵਾਇਆ ਜਾਵੇ ਉਸ ਦੀ ਓਸੇ ਸਮੇ ਪੇਮੈਂਟ ਕੀਤੀ ਜਾਵੇ। ਗੁਰੂ ਕੇ ਖ਼ਜ਼ਾਨੇ ਵਿਚ ਕਿਸੇ ਗੱਲ ਦੀ ਤੋਟ ਨਹੀਂ।
ਇਸ ਤੋਂ ਇਲਾਵਾ ਗੁਰੂ ਘਰਾਂ ਦੀਆ ਸਟੇਜਾਂ ਤੋਂ ਹਮੇਸ਼ਾਂ ਚੜ੍ਹਦੀ ਕਲਾ ਵਾਲ਼ਾ ਸੁਨੇਹਾ ਹੀ ਸੰਗਤਾਂ ਨੂੰ ਦਿਤਾ ਜਾਵੇ। ਢਹਿੰਦੀ ਕਲਾ ਦਰਸਾਉਣ ਲਈ ਮੀਡੀਆ ਲੋੜੋਂ ਵਧੇਰੇ ਮੌਜੂਦ ਹੈ। ਯਾਦ ਰਹੇ:
ਜਬ ਉਦਕਰਖ ਕਰਾ ਕਰਤਾਰਾ॥ ਪਰਜਾ ਧਰਤ ਤਬ ਦੇਹ ਆਪਾਰਾ॥
ਜਬ ਆਕਰਖ ਕਰਤ ਹੋ ਕਬਹੂੰ॥ ਤੁਮ ਮੈ ਮਿਲਤ ਦੇਹ ਧਰ ਸਭਹੂੰ॥
ਉਹ “ਤੁਮ ਮੈਂ ਮਿਲਤ ਦੇਹ ਧਰ ਸਭਹੂੰ” ਵਾਲਾ ਸਮਾ, ਯਕੀਨ ਕਰੋ, ਅਜੇ ਨਹੀਂ ਆਇਆ।
ਬਿਪਤਾਵਾਂ ਸੰਸਾਰ ਵਿਚ ਆਉਂਦੀਆਂ ਰਹਿੰਦੀਆਂ ਨੇ ਤੇ ਜਾਂਦੀਆਂ ਵੀ ਰਹਿੰਦੀਆਂ ਨੇ। ਅਜਿਹੇ ਬਿਪਤਾ ਦੇ ਸਮੇ ਜੋ ਆਪਣੇ ਰੱਬ ਉਪਰ ਭਰੋਸਾ ਰੱਖ ਕੇ ਅਡੋਲ ਰਿਹਾ ਤੇ ਵੱਸ ਲੱਗਦਾ ਉਦਮ ਵੀ ਕਰਦਾ ਰਿਹਾ, ਉਹ ਹੀ, “ਸੋਈ ਮਰਦੁ ਮਰਦੁ ਮਰਦਾਨਾ॥” (੧੦੮੪) ਗੁਰੂ ਕਾ ਅਸਲੀ ਸਿੱਖ ਸਮਝਿਆ ਜਾਵੇਗਾ।
ਉਪਰ ਲਿਖੇ ਦਾ ਮਤਲਬ ਇਹ ਨਹੀ ਕਿ ਅਸੀਂ ਹੱਥ ਤੇ ਹੱਥ ਧਰ ਕੇ ਬੈਠੇ ਰਹੀਏ ਤੇ ਬਿੱਲੀ ਵੇਖ ਕੇ ਕਬੂਤਰ ਦੇ ਅੱਖਾਂ ਮੀਟਣ ਵਾਂਗ, ਆਸ ਰੱਖੀਏ ਕਿ ਆਪੇ ਬਿੱਲੀ ਭੱਜ ਜਾਵੇਗੀ; ਬਲਕਿ ਜੋ ਸਾਡੇ ਵੱਸ ਹੈ, ਡਾਕਟਰਾਂ ਅਤੇ ਅਧਿਕਾਰੀਆਂ ਦੀਆਂ ਹਿਦਾਇਤਾਂ ਅਨੁਸਾਰ, ਵੱਸ ਲੱਗਦਾ ਜਤਨ ਜਾਰੀ ਰੱਖੀਏ ਤੇ ਹਿਦਾਇਤਾਂ ਉਪਰ ਅਮਲ ਕਰੀਏ। ਬੇਲੋੜੇ ਭੈ ਤੋਂ ਮੁਕਤ ਰਹੀਏ। ਰੱਬ ਨੇ ਇਸ ਦੁਨੀਆਂ ਵਿਚ ਸਾਨੂੰ ਭੇਜਣ ਤੋਂ ਪਹਿਲਾਂ ਸਾਡੇ ਵਿਚ ਗਿਣ ਕੇ ਸਵਾਸ ਪਾਏ ਸਨ ਜੋ ਅਸਾਂ ਪੂਰੇ ਦੇ ਪੂਰੇ ਲੈਣੇ ਹੀ ਹਨ ਤੇ, “ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ॥” (੧੦) ਅਨੁਸਾਰ, ਭੋਜਨ ਵੀ ਸਾਡਾ ਸਾਨੂੰ ਮਿਲ਼ ਹੀ ਜਾਣਾ ਹੈ। ਅਸੀਂ ਦੁਕਾਨਾਂ ਖਾਲੀ ਨਾ ਕਰੀਏ।
ਪਲੰਪਟਨ ਦੀ ਛਾਉਣੀ ਵਾਲ਼ੇ ਸਿੰਘਾਂ ਅਤੇ ਕੁਝ ਹੋਰ ਨੌਜਵਾਨ ਸਿੱਖ ਸੰਸਥਾਵਾਂ ਨੇ ਜੋ ਇਸ ਬਿਪਤਾ ਸਮੇ ਸੇਵਾ ਦਾ ਕਾਰਜ ਜਾਰੀ ਰੱਖਿਆ ਹੈ ਉਹਨਾਂ ਦੇ ਸ਼ਾਵਾਸ਼ੇ।
ਅੰਤ ਵਿਚ ਅਰਦਾਸ ਹੈ ਪ੍ਰਭੂ ਦੇ ਚਰਨਾਂ ਵਿਚ:
ਸਲੋਕ ਮ: ੫॥
ਸਭੇ ਜੀਅ ਸਮਾਲਿ ਅਪਣੀ ਮੇਹਰ ਕਰਿ॥ ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ॥
ਅਰਦਾਸਿ ਸੁਣੀ ਦਾਤਾਰਿ ਹੋਈ ਸਿਸਟਿ ਠਰੁ॥ ਲੇਵਹੁ ਕੰਠਿ ਲਗਾਇ ਅਪਦਾ ਸਭ ਹਰੁ॥
ਨਾਨਕ ਨਾਮੁ ਧਿਆਇ ਪ੍ਰਭੁ ਕਾ ਸਫਲੁ ਘਰੁ॥੧॥ (੧੨੫੧)

– ਸੰਤੋਖ ਸਿੰਘ

ਕੋਰੋਨਾਵਾਇਰਸ : ਚੀਨ, 12 ਹੋਰ ਮਾਹਰ ਇਟਲੀ ਭੇਜ ਰਿਹਾ

ਕੋਰੋਨਾਵਾਇਰਸ: ਇਟਲੀ ਵਿਚ 2,503 ਮੌਤਾਂ, 26,602 ਸੰਕ੍ਰਮਿਤ