ਰੋਮ (ਇਟਲੀ) (ਕੈਂਥ) – ਇਕ ਸੜਕ ਹਾਦਸਾ ਲਾਤੀਨਾ ਦੇ ਰੋਡ ਮਿਲੀਆਰਾ ਨੰਬਰ 47 ਉੱਪਰ ਪੁਨਤੀਨੀਆਂ ਸ਼ਹਿਰ ਨੇੜੇ ਬੀਤੇਂ ਦਿਨੀਂ ਵਾਪਰਿਆ, ਜਿਸ ਵਿੱਚ ਇੱਕ ਵਧੇਰੀ ਉਮਰ ਦੇ ਇਟਾਲੀਅਨ ਨੇ ਸਾਇਕਲ ਉੱਪਰ ਜਾ ਰਹੇ ਭਾਰਤੀ ਨੂੰ ਪਿੱਛੋਂ ਅਜਿਹੀ ਜਬਰਦਸਤ ਟੱਕਰ ਮਾਰ ਦਿੱਤੀ। ਜਿਸ ਨਾਲ ਭਾਰਤੀ ਦੀ ਘਟਨਾ ਸਥਲ ਤੇ ਹੀ ਮੌਤ ਹੋ ਗਈ।
ਇਸ ਅਣਹੋਣੀ ਦੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਛੋਟੇ ਭਰਾ ਸੁਰਜੀਤ ਸਿੰਘ ਪਿਹਵਾ ਨੇ ਦੱਸਿਆ ਕਿ, ਉਹਨਾਂ ਦਾ ਵੱਡਾ ਭਰਾ ਦਰਬਾਰਾ ਸਿੰਘ ਪਿਹੋਵਾ (51) ਕੁਰੂਕਸ਼ੇਤਰ ਹਰਿਆਣਾ ਬੀਤੇ ਦਿਨ ਘਰੋਂ ਕਿਸੇ ਕੰਮ ਨਾਲ ਦੇ ਪਿੰਡ ਚਰਿਆਰਾ ਨੂੰ ਸਾਇਕਲ ਉੱਪਰ ਜਾ ਰਿਹਾ ਸੀ ਕਿ ਘਰੋਂ ਥੋੜੀ ਦੂਰ ‘ਤੇ ਜਾਣ ਮਗਰੋਂ ਇੱਕ ਇਟਾਲੀਅਨ ਬਜੁਰਗ ਨੇ ਆਪਣੀ ਕਾਰ ਨਾਲ ਉਸ ਦੇ ਭਰਾ ਦੇ ਸਾਇਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਨਾਲ ਦਰਬਾਰਾ ਸਿੰਘ ਸੜਕ ਤੇ ਡਿੱਗ ਪਿਆ, ਪਰ ਅਫਸੋਸ ਟੱਕਰ ਮਾਰਨ ਵਾਲੇ ਬਜੁਰਗ ਨੂੰ ਪਤਾ ਹੀ ਨਹੀਂ ਲੱਗਾ ਕਿ ਉਸ ਨੇ ਕਿਸੇ ਸਾਇਕਲ ਨੂੰ ਟੱਕਰ ਮਾਰੀ ਹੈ. ਉਸ ਨੂੰ ਲੱਗਾ ਕਿ ਗੱਡੀ ਕਿਸੇ ਚੀਜ਼ ਨਾਲ ਟੱਕਰਾਈ ਹੈ. ਜਿਸ ਨੂੰ ਦੇਖਣ ਲਈ ਉਸ ਨੇ ਗੱਡੀ ਨੂੰ ਪਿੱਛੇ ਨੂੰ ਜਦੋਂ ਲਿਆਂਦਾ ਤਾਂ ਗੱਡੀ ਦੇ ਪਿਛਲੇ ਟਾਇਰ ਦਰਬਾਰਾ ਸਿੰਘ ਦੇ ਸਿਰ ਉਪਰੋਂ ਲੰਘ ਗਏ, ਜਿਸ ਨਾਲ ਉਹ ਮੌਕੇ ‘ਤੇ ਹੀ ਦਮ ਤੋੜ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਐਂਬੂਲਸ ਤੇ ਪੁਲਿਸ ਮੌਕੇ ਤੇ ਪਹੁੰਚ ਗਏ. ਹਾਦਸੇ ਸੰਬਧੀ ਪੁਲਸ ਨੇ ਜਾਂਚ ਸੁਰੂ ਕਰ ਦਿੱਤੀ ਹੈ. ਜਦੋਂ ਕਿ ਗੱਡੀ ਚਾਲਕ ਇਟਾਲੀਅਨ ਬਜੁਰਗ ਵੀ ਘਟਨਾ ਸਥਲ ਉਪੱਰ ਹੀ ਰਿਹਾ। ਸੁਰਜੀਤ ਸਿੰਘ ਨੇ ਦੱਸਿਆ ਕਿ, ਮ੍ਰਿਤਕ ਦਰਬਾਰਾ ਸਿੰਘ ਦਾ ਅੰਤਿਮ ਸੰਸਕਾਰ ਉਸ ਦੀ ਵਿਧਵਾ ਤੇ ਬੱਚਿਆਂ ਦੇ ਆਉਣ ਉਪਰੰਤ ਇਟਲੀ ਵਿਚ ਹੀ ਕੀਤਾ ਜਾਵੇਗਾ। ਉਸ ਦਾ ਭਰਾ ਮਰਹੂਮ ਦਰਬਾਰਾ ਸਿੰਘ ਪਿਹੋਵਾ ਸੰਨ 2009 ਵਿੱਚ ਖੇਤੀ ਵਾਲੇ ਪੇਪਰਾਂ ਉਪੱਰ ਇਟਲੀ ਆਇਆ ਸੀ ਤੇ ਦਿਹਾੜੀ ਦੱਪਾ ਕਰ ਉਹ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ. ਇਸ ਘਟਨਾ ਨੇ ਸਾਰੇ ਪਰਿਵਾਰ ਨੂੰ ਝੰਬ ਕੇ ਰੱਖ ਦਿੱਤਾ ਹੈ।