in

ਕਾਰ ਸੇਵਾ ਨਾਮ ‘ਤੇ ਅਨੇਕਾ ਬਣੇ ਡੇਰੇ ਕਰ ਰਹੇ ਹਨ ਸੰਗਤਾਂ ਨੂੰ ਗੁੰਮਰਾਹ

ਦਾਨ ਕਰਨ ਦੀ ਬਦਲੀ ਜਾਵੇ ਦਿਸ਼ਾ

ਬਾਬਿਆਂ ਨੂੰ ਉਗਰਾਹੀ ਦੇਣੀ ਬੰਦ ਕਰਕੇ ਲੋੜਵੰਦਾ ਤੇ ਖਰਚ ਕੀਤੀ ਜਾਵੇ ਦਸਵੰਧ

ਕਾਰ ਸੇਵਾ ਦੇ ਮੋਢੀ ਬਾਬਾ ਗੁਰਮੁਖ ਸਿੰਘ ਬਾਬਾ ਸਾਧੂ ਸਿੰਘ ਅਤੇ ਹੋਰ ਮਹਾਂਪੁਰਸ਼ਾ ਨੇ ਪਵਿੱਤਰ ਇਤਿਹਾਸਕ ਗੁਰਧਾਮਾਂ ਦੀ ਕਾਰ ਸੇਵਾ ਸ਼ੁਰੂ ਕਰਵਾ ਕੇ ਗੁਰਦੁਆਰਾ ਸਾਹਿਬ ਦੀਆਂ ਇਮਾਰਤਾ, ਲੰਗਰ ਹਾਲ, ਸੰਗਤਾਂ ਦੀ ਸਹੂਲਤ ਲਈ ਸਰਾਵਾਂ ਆਦਿ ਤਿਆਰ ਕਰਵਾਈਆ ਅਤੇ ਇਹਨਾਂ ਮਹਾਂਪੁਰਸ਼ਾ ਨੇ ਤਨ ਮਨ ਨਾਲ ਸਾਰਾ ਜੀਵਨ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਗੁਰਧਾਮਾਂ ਦੀ ਸੇਵਾ ਕਰਵਾਉਣ ਨੂੰ ਸਮਰਪਿਤ ਕੀਤਾ । ਇਹਨਾਂ ਮਹਾਂਪਰੁਸ਼ਾਂ ਦੇ ਗੁਰਪੁਰੀ ਸਿਧਾਰ ਜਾਣ  ਤੋਂ ਬਾਅਦ ਵੀ ਪੁਰਾਣੀਆਂ ਕਾਰ ਸੇਵਾ ਵਾਲੀਆਂ ਜਥੇਬੰਦੀਆਂ ਦੇ ਜੋ ਮਹਾਂਪੁਰਸ਼ ਹਨ ਉਹ ਬਾਬਾ ਗੁਰਮੁਖ ਸਿੰਘ ਜੀ ਵੱਲੋਂ ਤੋਰੀ ਰੀਤ ਅਨੁਸਾਰ ਹੀ ਸੇਵਾ ਕਰਵਾ ਰਹੇ ਹਨ ।ਜਿਵੇ ਕਿਸੇ ਡੇਰੇ ਵਿਚ ਕੰਮ ਕਰਨ ਵਾਲੇ ਜਥੇਦਾਰ ਜਾਂ ਹੋਰ ਪ੍ਰਮੁੱਖ ਸੇਵਾਦਾਰ ਜਿੰਨਾਂ ਨੇ ਸੰਗਤਾਂ ਨੂੰ ਆਪਣਾ ਕਾਫੀ ਪ੍ਰਭਾਵ ਛੱਡਿਆ ਹੁੰਦੇ ਹੈ ਉਹ ਗੱਦੀ ਨਾ ਮਿਲਣ ਕਰਕੇ ਜਾ ਹੋਰ ਕਾਰਨਾ ਕਰਕੇ ਆਪਣੇ ਵੱਖਰੇ ਡੇਰੇ ਬਣਾ ਰਹੇ ਹਨ । ਅੱਜ ਕੱਲ ਪੰਜਾਬ ‘ਚ ਕਾਰ ਸੇਵਾ ਦੇ ਨਾਮ ਤੇ ਬਹੁਤ ਡੇਰੇ ਬਣ ਕੇ ਸਥਾਪਿਤ ਹੋ ਚੁੱਕੇ ਹਨ ਅਤੇ ਹੋਰ ਹੁੰਦੇ ਜਾ ਰਹੇ ਹਨ ਜੋ ਕਿਸੇ ਵੀ ਇਤਿਹਾਸਕ ਗੁਰਧਾਮਾਂ ਦੀ ਸੇਵਾ ਵੀ ਨਹੀਂ ਕਰਵਾ ਹੁੰਦੇ ਉਹ ਸਿੱਧੇ ਤੌਰ ਅਤੇ ਨਿੱਜੀ ਹਿੱਤਾ ਖਾਤਰ ਆਪਣੇ ਕਾਰੋਬਾਰ, ਬਿਜ਼ਨੈਸ ਚਲਾਉਣ ਲਈ ਚਲਾਏ ਜਾ ਰਹੇ ਹਨ । ਖੁੱਲਦੇ ਜਾ ਰਹੇ ਇਹ ਡੇਰੇ ਲੋਕਾਂ ਲਈ ਘਾਤਕ ਸਾਬਤ ਹੋਣਗੇ ਅਤੇ ਇਹਨਾਂ ਡੇਰਿਆਂ ਵਿਚ ਆਪਣੀ ਵੱਖਰੀ ਹੀ ਮਰਯਾਦਾ ਕਾਇਮ ਕੀਤੀ ਹੁੰਦੀ ਹੈ । ਇਹਨਾਂ ਡੇਰੇਦਾਰਾ ਵੱਲੋਂ ਧਰਮ ਦੀ ਗੱਲ ਘੱਟ ਕੀਤੀ ਜਾਂਦੀ ਹੈ ਆਪਣੇ ਪਿੱਛੇ ਸੰਗਤਾਂ ਨੂੰ ਭਰਮਾ ਕੇ ਲਗਾਉਣ ਦੀ ਕੋਸ਼ਿਸ਼ ਜ਼ਿਆਦਾ ਹੁੰਦੀ ਹੈ । ਇਹਨਾਂ ਡੇੇਰੇਦਾਰਾ ਵੱਲੋਂ ਸਿਆਸੀ ਲੋਕਾਂ, ਵੱਡੇ ਅਫਸਰਾਂ ਨਾਲ ਤਾਲਮੇਲ ਰੱਖਿਆ ਜਾਂਦਾ ਹੈ ਅਤੇ ਰਾਜਨੀਤਿਕ ਪਾਰਟੀਆਂ ਵਾਲਿਆਂ ਨੂੰ ਤਾਂ ਪਹਿਲਾਂ ਹੀ ਏਹੋ ਜਿਹੇ ਬਾਬਿਆਂ ਦੀ ਲੋੜ ਹੁੰਦੀ ਹੈ ਤਾਂ ਜੋ ਉਨ੍ਹਾਂ ਨੂੰ ਡੇਰੇ ਵਿਚ ਆਉਣ ਵਾਲੀ ਸੰਗਤ ਦੀਆਂ ਵੋਟਾਂ ਮਿਲ ਸਕਣ । ਇਹ ਡੇਰੇਦਾਰ ਸਿਆਸੀ ਲੋਕਾਂ ਦੀ ਸ਼ਹਿ ਤੇ ਨਜ਼ਾਇਜ਼ ਥਾਵਾਂ ਤੇ ਕਬਜ਼ੇ ਜਾ ਹੋਰ ਉਲਟੇ ਸਿੱਧੇ ਕੰਮ ਕਰਦੇ ਹਨ ।ਇਹਨਾਂ ਸਭ ਡੇੇਰੇ ਵਾਲਿਆਂ ਨੇ ਬਹੁਤ ਅਸਲਾ ਲਾਇੰਸਸ ਬਣਾ ਕੇ ਹਥਿਆਰ ਰੱਖੇ ਹੋਏ ਹਨ ।ਏਥੇ ਸੋਚਣ ਦੀ ਗੱਲ ਇਹ ਹੈ ਕਿ ਜਿਹੜੇ ਗੁਰੂ ਨੂੰ ਸਮਰਪਿਤ ਹੋ ਕੇ ਸੇਵਾ ਕਰਵਾਉਂਦੇ ਹਨ ਉਨ੍ਹਾਂ ਨੂੰ ਕਿਸ ਦਾ ਡਰ ?  ਜਿਹੜੇ ਉਲਟੇ ਕੰੰਮ ਕਰਦੇ ਹਨ ਡਰ ਦੀ ਭਾਵਨਾ ਤਾਂ ਉਨ੍ਹਾਂ ਵਿਚ ਹੀ ਪੈਦਾ ਹੋਵੇਗੀ । 
ਪੁਰਾਣੀਆਂ ਕਾਰ ਸੇਵਾ ਵਾਲੀਆਂ ਜਥੇਬੰਦੀਆਂ ਵੱਲੋਂ ਸੰਗਤਾਂ ਕੋਲੋ ਹਾੜੀ ਸਾਉਣੀ ਦੀ ਉਗਰਾਹੀ ਕਰਨੀ ਤਾਂ ਠੀਕ ਹੈ । ਪਰ ਜਿਹੜੇ ਬਗੈਰ ਗੱਲੋਂ ਡੇਰੇ ਖੁੱਲੇ ਹੋਏ ਹਨ ਉਹ ਵੀ ਸੀਜ਼ਨ ਵਿਚ ਬੋਰੀਆਂ ਲੈ ਕੇ ਉਗਰਾਹੀ ਕਰਦੇ ਹਨ ਅਤੇ ਮਰਜ਼ੀ ਨਾਲ ਬੋਰੀਆਂ ਭਰਨ ਦੀ ਕੋਸ਼ਿਸ਼ ਕਰਦੇ ਹਨ । ਖੁੰਬਾ ਵਾਂਗ ਜੋ ਕਾਰ ਸੇਵਾ ਦੇ ਨਾਮ ਡੇਰੇ ਬਣੇ ਹਨ ਉਨ੍ਹਾਂ ਦੇ ਡੇਰੇਦਾਰ ਵਿਦੇਸ਼ ਜਾਣ ਲਈ ਤਰਲੋ ਮਛਲੀ ਹੁੰਦੇ ਹਨ ਜਦੋਂ ਵਿਦੇਸ਼ਾਂ ਵਿਚੋਂ ਡਾਲਰਾਂ ਪੌਡਾ ਆਦਿ ਦੀ  ਉਗਰਾਹੀ ਕਰਕੇ ਉਹ ਆਪਣੀਆਂ ਨਿੱਜੀ ਜਾਇਦਾਦਾ ਬਣਾ ਕੇ ਆਮਦਨ ਦੇ ਨਿੱਜੀ ਸਰੋਤ ਹੋਰ ਵਧਾ ਲੈਂਦੇ ਹਨ । ਹਰ ਡੇਰੇ ਵਿਚ ਦੇਖਣ ਨੂੰ ਮਿਲ ਜਾਂਦਾ ਹੈ ਕਿ ਜਦੋਂ ਕੋਈ ਵੱਡਾ ਅਫਸਰ, ਵੱਡਾ ਦਾਨੀ, ਸਿਆਸੀ ਨੇਤਾਂ ਆਉਂਦਾ ਹੈ ਤਾਂ ਉਨ੍ਹਾਂ ਲਈ ਵੱਖਰਾ ਚਾਹ ਪਾਣੀ, ਲੰਗਰ ਆਦਿ ਤਿਆਰ ਕੀਤਾ ਜਾਂਦਾ ਹੈ ਬਾਕੀ ਲੋਕਾਂ ਨਾਲੋਂ ਦੂਰੀ ਬਣਾ ਕੇ ਰੱਖਦੇ ਹਨ । ਗੁਰੂ ਸਾਹਿਬ ਨੇ ਸਭਨਾ ਨੂੰ ਲੰਗਰ ਪੰਗਤ ਵਿਚ ਬੈਠ ਇੱਕਠੇ ਛਕਣ ਲਈ ਉਪਦੇਸ਼ ਦਿੱਤਾ ਸੀ ਪਰ ਇਹ ਫਰਕ ਕਿਉ ਪਾਉਂਦੇ ਹਨ ਆਪੇ ਬਣੇ ਇਹ ਬਾਬੇ ।ਸਭ ਲੋਕ ਭਲੀ ਭਾਂਤ ਜਾਣੂ ਹੁੰਦੇ ਹਨ ਕਿ ਸਕੂਲਾਂ, ਕਾਲਜ਼ ਖੋਲਣ ਪਿੱਛੇ ਬਾਬਿਆਂ ਦਾ ਮਕਸਦ ਸਹੀ ਹੈ ਜਾ ਪੈਸੇ ਇਕੱਠੇ ਕਰਨਾ ਹੈ । ਵਿਦੇਸ਼ਾਂ ‘ਚ ਬੈਠੇ ਜਾ ਦੇਸ਼ ਵਿਚ ਰਹਿੰਦੇ ਧਨਾਢ ਲੋਕਾਂ ਵੱਲੋਂ ਇਹਨਾਂ ਬਾਬਿਆਂ ਦੇ ਸਕੂਲਾਂ, ਕਾਲਜ਼ਾ ‘ਚ ਪੜ੍ਹਦੇ ਬੱਚਿਆਂ ਦਾ ਖਰਚਾ ਚੁੱਕਿਆ ਜਾਂਦਾ ਹੈ ਅਤੇ ਹੋਰ ਵੀ ਸਹੂਲਤਾ ਦਿੱਤੀਆ ਹਨ ।ਪਰ ਇਹ ਬਾਬੇ ਹੋਰਨਾਂ ਲੋਕਾਂ ਕੋਲੋ ਵੀ ਫਿਰ ਉਨ੍ਹਾਂ ਬੱਚਿਆਂ ਦੇ ਨਾਮ ਤੇ ਪੈਸੇ ਇਕੱਠੇ ਕਰੀ ਜਾਂਦੇ ਹਨ ਕੀ ਇਹ ਜ਼ਾਇਜ਼ ਗੱਲ ਹੈ ? ਏਥੇ ਵੀ ਗੱਲ ਕਰਨੀ ਬਣਦੀ ਹੈ ਕਿ ਜਦੋਂ ਕੋਈ ਸਕੂਲਾ, ਕਾਲਜ, ਹਸਪਤਾਲ ਦੀ ਇਮਾਰਤ ਤਿਆਰ ਹੁੰਦੀ ਹੈ ਤਾਂ ਸੰਗਤਾਂ ਨੂੰ ਉਥੇ ਕਹੀ ਟੋਕਰੀ ਦੀ ਸੇਵਾ ਕਰਨ ਲਈ ਘਰਾਂ ਤੋਂ ਖੜਿਆ ਜਾਂਦਾ ਹੈ ਪਰ ਜਦੋਂ ਇਹ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਂਦੇ ਹਨ ਤਾਂ ਉਥੇ ਸੇਵਾ ਕਰਨ ਵਾਲੇ ਲੋਕਾਂ ਨੂੰ ਕੋਈ ਰਿਆਇਤ ਨਹੀਂ ਹੁੰਦੀ ਪੂਰਾ ਖਰਚਾ ਵਸੂਲਿਆ ਜਾਂਦਾ ਹੈ । 21ਵੀਂ ਸਦੀ ਵਿਚ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਹੁਣ ਕਾਰ ਸੇਵਾ ਦੇ ਨਵੇ ਬਣੇ ਬਾਬਿਆਂ ਨੂੰ ਬਹੁਤਾ ਚੰਗਾ ਨਹੀਂ ਸਮਝਦੇ ਅਤੇ ਇਹਨਾਂ ਦੀ ਵਜ੍ਹਾ ਕਰਕੇ ਪੁਰਾਣੀਆਂ ਜਥੇਬੰਦੀਆਂ ਵਾਲੇ ਮਹਾਂਪੁਰਸ਼ਾ ਨੂੰ ਵੀ ਉਸੇ ਨਜ਼ਰ ਨਾਲ ਦੇਖਦੇ ਹਨ । ਇਹ ਸਭ ਗੱਲਾਂ ਨਿੱਜੀ ਪੂਰਤੀਆਂ ਕਰਨ ਵਾਲਿਆਂ ਬਾਬਿਆਂ ਕਰਕੇ ਪੁਰਾਣੀਆਂ ਜਥੇਬੰਦੀਆਂ ਦੀ ਸ਼ਾਖ ਨੂੰ ਢਾਹ ਲਗਾ ਰਹੀਆ ਹਨ । ਜੇਕਰ ਆਪਾ ਮਿਸਾਲ ਵਜੋਂ ਦੇਖਣਾ ਹੋਵੇ ਤਾਂ ਰਾਧਾ ਸੁਆਮੀਆਂ ਦੇ ਡੇਰੇ ਵੱਲੋਂ ਮੁਫਤ ਹਸਪਤਾਲ ਦੀ ਸਹੂਲਤ ਆਪਣੇ ਸ਼ਰਧਾਲੂਆਂ ਲਈ ਘਰੇਲੂ ਰਸਦ ਲਈ ਵਿਸ਼ੇਸ਼ ਕੰਟੀਨ ਜਿਸ ਵਿਚੋਂ ਉਨ੍ਹਾਂ ਨੂੰ ਸਸਤਾ ਸੋਦਾ, ਡੇਰੇ ਦੇ ਪੱਕੇ ਸੇਵਾਦਾਰਾ ਦੇ ਬੱਚਿਆਂ ਨੂੰ ਮੁਫਤ ਵਿਦਿਆ  ਪ੍ਰਦਾਨ ਕਰਵਾ ਰਹੇ ਹਨ । ਦੂਜੇ ਪਾਸੇ ਇਸਾਈ ਧਰਮ ਵਾਲੇ ਪਾਸੇ ਲੋਕ ਟੁੱਟ ਕੇ ਵੀ ਜੋੜਦੇ ਜਾ ਰਹੇ ਹਨ ਕਿਉਂਕਿ ਉਹ ਲੋੜਵੰਦਾਂ ਨੂੰ ਮਕਾਨ ਬਣਾ ਕੇ ਦਿੰਦੇ ਹਨ, ਬੱਚਿਆ ਨੂੰ ਕਾਨਵੈਂਟ ਸਕੂਲਾਂ ਵਿਚ ਮੁਫਤ ਪੜ੍ਹਾਈ ਕਰਵਾਉਂਦੇ ਹਨ ਅਤੇ ਆਰਥਿਕ ਤੌਰ ਤੇ ਮਾਲੀ ਮਦਦ ਵੀ ਦਿੰਦੇ ਹਨ । ਇਹਨਾਂ ਡੇਰਿਆਂ ਵੱਲੋਂ ਸਿੱਖੀ ਸਿਧਾਂਤ ਦੇ ਅਸੂਲਾਂ ਨੂੰ ਅਪਨਾ ਕੇ ਬਹੁਤ ਲੋਕਾਂ ਨੂੰ ਆਪਣੇ ਨਾਲ ਜੋੜਿਆ ਹੈ । ਪਰ ਅਫਸੋਫ ਦੀ ਗੱਲ ਇਹ ਹੈ ਸਿੱਖ ਧਰਮ ਦੇ ਲੋਕਾਂ ਵੱਲੋਂ ਅੱਜ ਤੱਕ ਇਹੋ ਜਿਹੇ ਕਾਰਜ਼ ਸ਼ੁਰੂ ਨਹੀਂ ਕੀਤੇ ਗਏ ਉਹ ਨਿੱਜੀ ਫਾਇਦੇ ਹੀ ਤੱਕਦੇ ਨਜ਼ਰ ਆਉਂਦੇ ਹਨ ।  ਸਾਡੇ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਕਮੇਟੀ ਦਾ ਗਠਿਨ ਕਰਕੇ ਨਿਵੇਕਲਾ ਉਪਰਾਲਾ ਸਾਰੇ ਪਿੰਡ ਵਾਸੀਆ ਦੀ ਰਾਇ ਨਾਲ ਅਨੁਸਾਰ ਸ਼ੁਰੂ ਕਰਨ ਦੀਆਂ ਵਿਚਾਰਾਂ ਕੀਤੀਆਂ ਜਾ ਰਹੀਆ ਹਨ ਕਿ ਸਾਰੀਆਂ ਜਥੇਬੰਦੀਆਂ ਨੂੰ ਹਾੜੀ, ਸਾਉਣੀ ਉਗਰਾਹੀ ਦੇਣੀ ਬੰਦ ਕਰਕੇ ਆਪਣੇ ਪਿੰਡ ਦੀ ਬਣਨ ਵਾਲੀ ਕਮੇਟੀ ਕੋਲ ਦਸਵੰਧ ਰੂਪੀ ਮਾਇਆ ਜਮਾਂ ਕਰਵਾ ਦੇਣ ਜਾ ਕਮੇਟੀ ਨੂੰ ਕਣਕ ਝੋਨਾ ਆਪਣੀ ਮਰਜ਼ੀ ਅਨੁਸਾਰ ਦੇਣ ਤਾਂ ਜੋ ਇਹ ਵੇਚ ਕੇ ਹੋਣ ਵਾਲੀ ਆਮਦਨ ਨਾਲ ਪਿੰਡ ਵਿਚ ਕਿਸੇ ਲੋੜਵੰਦ ਨੂੰ ਮਕਾਨ ਬਣਾਉਣ, ਲੜਕੀਆਂ ਦੀ ਸ਼ਾਦੀ ਕਰਨ, ਪੜ੍ਹਨ ਵਾਲੇ ਵਿਦਿਆਰਥੀਆਂ ਦੀਆਂ ਫੀਸਾ ਭਰਨ, ਇਲਾਜ ਕਰਵਾਉਣ ਆਦਿ ਵਰਗੇ ਕੰਮ ਕਰਵਾਉਣੇ ਸ਼ੁਰੂ ਕਰਨ ਦਾ ਵਿਚਾਰ ਹੈ ਇਸ ਨਾਲ ਦਾਨ ਦੀ ਦਿਸ਼ਾ ਵੀ ਬਦਲੇਗੀ ਅਤੇ ਦਾਨ ਸਹੀ ਜਗ੍ਹਾ ਲੱਗੇਗਾ ।ਜੇਕਰ ਲੋਕਾਂ ਨੇ ਇਸ ਉਪਰਾਲੇ ਭਰਵਾਂ ਸਾਥ ਦਿੱਤਾ ਤਾਂ ਇਸ ਦੇ ਸਾਰਥਿਕ ਸਿੱਟੇ ਨਿਕਲਣਗੇ ਤੇ ਨਵੀਂ ਪਿਰਤ ਕਾਇਮ ਹੋਵੇਗੀ ।

– ਗਿਆਨੀ ਗੁਰਵਿੰਦਰ ਸਿੰਘ ਖਾਲਸਾ

ਜ਼ਬਰਦਸਤੀ ਪਰਿਵਰਤਨ ਅਤੇ ਵਿਆਹ ਦੀ ਮਹਾਂਮਾਰੀ

ਇੰਡੀਅਨ ਉਵਰਸੀਜ਼ ਕਾਂਗਰਸ ਵੱਲੋਂ ਨਾੱਰਵੇ ਵਿਚ ਵੂਮੈਨ ਇਕਾਈ ਦਾ ਗਠਨ