ਮਿਲਾਨ (ਇਟਲੀ) 01 ਦਸੰਬਰ (ਸਾਬੀ ਚੀਨੀਆ) – ਭਾਰਤ ਸਰਕਾਰ ਵੱਲੋਂ ਕਿਸਾਨਾਂ ਦੀ ਧੌਣ ਤੇ ਗੋਡਾ ਰੱਖ ਕੇ ਪਾਸ ਕੀਤੇ ਖੇਤੀ ਆਰਡੀਨੈਂਸ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਆਰੰਭ ਕੀਤੇ ਸ਼ੰਘਰਸ ਦਾ ਐੱਨ ਆਰ ਆਈ ਵੀਰਾਂ ਵਲੋਂ ਭਰਵਾਂ ਸਮਰਥਨ ਕੀਤਾ ਜਾ ਰਿਹਾ ਹੈ। ਕਿਸਾਨ ਸੰਘਰਸ਼ ਦਾ ਸਮਰਥਨ ਕਰਦਿਆਂ ਤਜਵਿੰਦਰ ਸਿੰਘ ਬੱਬੀ, ਸੁਖਜਿੰਦਰ ਸਿੰਘ ਕਾਲਰੂ (ਸੀਨੀ,ਅਕਾਲੀ ਆਗੂ), ਮਨਜੀਤ ਸਿੰਘ ਨਾਜਰ ਅਤੇ ਭਗਵੰਤ ਸਿੰਘ ਨੇ ਸਾਝੇ ਤੌਰ ਤੇ ਆਖਿਆ ਕਿ, ਕਿਸਾਨ ਜਥੇਬੰਦੀਆਂ ਵੱਲੋਂ ਹੱਕਾਂ ਦੀ ਮੰਗ ਲਈ ਸ਼ਾਂਤੀ ਪੂਰਨ ਤਰੀਕੇ ਨਾਲ ਕੀਤੇ ਜਾ ਰਹੇ ਪ੍ਰੋਟੈਸਟ ਨੂੰ ਪੁਲਿਸ ਦੀਆਂ ਲਾਠੀਆਂ ਨਾਲ ਰੋਕਣਾ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਨੂੰ ਦਰਸਾਉਂਦਾ ਹੈ। ਉਨ੍ਹਾਂ ਆਖਿਆ ਕਿ, ਦੇਸ਼ ਦਾ ਕਿਸਾਨ ਜਾਗ ਉੱਠਿਆ ਹੈ, ਉਸਦੀ ਆਵਾਜ਼ ਨੂੰ ਦਬਾਉਣਾ ਸਰਕਾਰ ਲਈ ਸੌਖਾ ਨਹੀ ਹੋਵੇਗਾ, ਪਰ ਜੇ ਅੱਜ ਕਿਸਾਨ ਹਿੰਮਤ ਹਾਰ ਗਏ ਤਾ ਖੇਤੀ ਦਾ ਧੰਦਾ ਬਿਲਕੁਲ ਬੰਦ ਹੋ ਜਾਵੇਗਾ ਤੇ ਲੋਕ ਕੁਝ ਕੋ ਸ਼ਾਹੀ ਘਰਾਣਿਆਂ ਵੱਲੋਂ ਤੈਅ ਕੀਤੇ ਰੇਟਾਂ ਤੇ ਡੱਬਾ ਬੰਦ ਵਸਤਾਂ ਖਾਣ ਲਈ ਮਜਬੂਰ ਹੋ ਜਾਣਗੇ। ਇਹ ਵੀ ਦੱਸਣਯੋਗ ਹੈ ਕਿ ਅਮਰੀਕਾ ਸਮੇਤ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਮੰਡੀਕਰਨ ਦਾ ਅਜਿਹਾ ਘਟੀਆ ਸਿਸਟਮ ਹੋਣ ਕਾਰਨ ਇਨ੍ਹਾਂ ਦੇਸ਼ਾਂ ਦੀ ਕਿਸਾਨੀ ਬਿਲਕੁਲ ਤਬਾਹ ਹੋ ਚੁੱਕੀ ਹੈ. ਸਰਕਾਰਾਂ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆ ਮੋਟੀਆਂ ਸਬਸਿਡੀਆ ਵੀ ਕਿਸਾਨੀ ਨੂੰ ਨਹੀ ਬਚਾ ਸਕੀਆਂ, ਜਦ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਤੋ ਅਜਿਹੀ ਕੋਈ ਆਸ ਵੀ ਨਹੀਂ ਰੱਖੀ ਜਾ ਸਕਦੀ।