in

ਕੈਨਬਰਾ ਸਿੱਖ ਐਸੋਸੀਏਸ਼ਨ ਦੀ ਚੋਣ ਸਰਬ ਸੰਮਤੀ ਨਾਲ਼ ਹੋਈ

ਪਿਛਲੇ ਦਿਨੀਂ ਕੈਨਬਰਾ ਸਿੱਖ ਐਸੋਸੀਏਸ਼ਨ ਦੀ ਚੋਣ ਸਰਬ ਸੰਮਤੀ ਨਾਲ਼ ਹੋਈ। ਇਸ ਚਿਰਕਾਲੀ ਡਿਊ ਚੋਣ ਵਾਸਤੇ ਭਰਪੂਰ ਗਿਣਤੀ ਵਿਚ ਮੈਂਬਰਾਂ ਨੇ ਹਿੱਸਾ ਲਿਆ। ਵਾਤਾਵਰਨ ਪੂਰਨ ਸ਼ਾਂਤਮਈ ਅਤੇ ਉਤਸ਼ਾਹਪੂਰਨ ਸੀ। ਜੈਕਾਰਿਆਂ ਦੀ ਗੂੰਜ ਵਿਚ, ਸ. ਸਤਨਾਮ ਸਿੰਘ ਦਬੜੀਖਾਨਾ ਦੀ ਅਗਵਾਈ ਵਿਚ, ਸਰਬਸੰਮਤੀ ਨਾਲ਼ ਪ੍ਰਬੰਧਕ ਕਮੇਟੀ ਦੀ ਚੋਣ ਹੋ ਗਈ।
ਚੋਣਾਂ ਤੋਂ ਬਾਅਦ ਗੁਰਦੁਆਰਾ ਸਾਹਿਬ ਪਹੁੰਚਣ ‘ਤੇ, ਗੁਰੂ ਘਰ ਵੱਲੋਂ ਪੁਰਾਣੇ ਕਮੇਟੀ ਮੈਬਰਾਂ ਵੱਲੋਂ ਸਤਨਾਮ ਸਿੰਘ ਦਬੜੀਖਾਨਾ ਨੂੰ “ਜੀ ਆਇਆਂ” ਆਖਿਆ ਗਿਆ ਅਤੇ ਗਿਆਨੀ ਸੰਤੋਖ ਸਿੰਘ ਜੀ ਰਾਹੀਂ ਗੁਰੂ ਘਰ ਵੱਲੋਂ ਸਿਰੋਪੇ ਦੀ ਬਖ਼ਸ਼ਿਸ਼ ਹੋਈ।
ਕੈਨਬਰਾ ਦੀ ਸੰਗਤ ਦਾ ਧੰਨਵਾਦ ਕਰਦਿਆਂ ਸ. ਦਬੜੀਖਾਨਾ ਨੇ ਕਿਹਾ ਕਿ ਸੰਗਤਾਂ ਨੇ ਮੈਨੂੰ ਸੇਵਾ ਦਾ ਮਾਣ ਬਖਸ਼ਿਆ ਹੈ, ਮੈਂ ਇਸ ਮਾਣ ਸਦਕਾ ਸੰਗਤਾਂ ਦਾ ਸਦਾ ਰਿਣੀ ਰਹਾਂਗਾ। ਪਿਛਲੇ ਦੋ ਸਾਲ ਤੋਂ ਸੇਵਾ ਕਰ ਰਹੀ ਕਮੇਟੀ ਨੇ ਨਵੀਂ ਚੁਣੀ ਗਈ ਕਮੇਟੀ ਨੂੰ ਖ਼ੁਸ਼ੀ ਖੁਸ਼ੀ, ਗੁਰਦੁਆਰਾ ਸਾਹਿਬ ਦਾ ਚਾਰਜ ਦਿਤਾ। ਐਤਵਾਰ ਵਾਲ਼ੇ ਧਾਰਮਿਕ ਦੀਵਾਨ ਦੀ ਸਮਾਪਤੀ ਸਮੇ ਨਵੇਂ ਚੁਣੇ ਗਏ ਪ੍ਰਧਾਨ ਸ. ਸਤਨਾਮ ਸਿੰਘ ਦਬੜੀਖਾਨਾ ਨੇ ਸਟੇਜ ਤੋਂ ਸੰਗਤਾਂ ਨੂੰ ਇਹ ਖੁਸ਼ਖ਼ਬਰੀ ਸੁਣਾ ਕੇ, ਪਿਛਲੀ ਕਮੇਟੀ ਵੱਲੋਂ ਦੋ ਸਾਲਾਂ ਦੌਰਾਨ ਕੀਤੀ ਗਈ. ਸੇਵਾ ਦਾ ਧੰਨਵਾਦ ਕਰਨ ਦੇ ਨਾਲ਼ ਢੁਕਵੇਂ ਸ਼ਬਦਾਂ ਵਿਚ ਸ਼ਲਾਘਾ ਕਰਨ ਉਪ੍ਰੰਤ, ਨਵੀਂ ਕਮੇਟੀ ਵੱਲੋਂ ਆਉਣ ਵਾਲ਼ੇ ਸਮੇ ਵਿਚ ਗੁਰਦੁਆਰਾ ਸਾਹਿਬ ਵਿਚ ਹੋਣ ਵਾਲ਼ੀਆਂ ਸੇਵਾਵਾਂ ਬਾਰੇ ਸੰਗਤਾਂ ਨੂੰ ਜਾਣਕਾਰੀ ਦੇ ਕੇ, ਇਹਨਾਂ ਸੇਵਾਵਾਂ ਨੂੰ ਸਿਰੇ ਚਾੜ੍ਹਨ ਵਾਸਤੇ ਸਹਿਯੋਗ ਦੇਣ ਦੀ ਅਪੀਲ ਕੀਤੀ।
ਏਥੇ ਦੱਸਣਾ ਯੋਗ ਹੋਵੇਗਾ ਕਿ ਸ. ਸਤਨਾਮ ਸਿੰਘ ਦਬੜੀਖਾਨਾ ਦੀ ਅਗਵਾਈ ਹੇਠ ਪਿਛਲੇ ਪੰਦਰਾਂ ਸਾਲਾਂ ਤੋਂ ‘ਸਰਦਾਰੀਆਂ ਟਰੱਸਟ’ ਦਸਤਾਰਾਂ ਦੇ ਲੰਗਰ ਤੇ ਵੱਡੇ ਦਸਤਾਰ ਮੁਕਾਬਲਿਆਂ ਵਿਚ ਲੱਖਾਂ ਰੁਪਏ ਦੇ ਇਨਾਮ ਰੱਖ ਕੇ, ਨੌਜਵਾਨਾਂ ਵਿਚ ਦਸਤਾਰ ਪ੍ਰਤੀ ਪਿਆਰ ਪੈਦਾ ਕਰ ਰਿਹਾ ਹੈ। ਪੰਜਾਬ ਵਿਚ ਦਬੜੀਖਾਨਾ ਦੀ ਟੀਮ ਵੱਲੋਂ ਅਜਿਹੀਆਂ ਸੇਵਾਵਾਂ ਲੰਮੇ ਸਮੇ ਤੋਂ ਜਾਰੀ ਹਨ। ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਸਮੇ ਦੱਸਿਆ ਕਿ ਸਾਡੇ ਕੈਨਬਰਾ ਦੇ ਵਿੱਚ ਲਗਾਤਾਰ ਸਿੱਖ ਗਿਣਤੀ ਵੱਧ ਰਹੀ ਹੈ ਜਿਸ ਕਰਕੇ ਸਾਨੂੰ ਗੁਰਦੁਆਰਾ ਸਾਹਿਬ ਵਾਸਤੇ ਨਵੀਂ ਅਤੇ ਵਿਸ਼ਾਲ ਇਮਾਰਤ ਦੀ ਵਧੇਰੇ ਜਰੂਰਤ ਹੈ। ਏਥੇ ਜੰਮੇ ਪਲੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਤੋਂ ਜਾਣੂ ਕਰਵਾਉਣਾ, ਦਸਤਾਰ ਸਿਖਲਾਈ, ਗੁਰਮਤਿ ਕਲਾਸਾਂ, ਗੱਤਕਾ, ਕੀਰਤਨ ਸਿਖਲਾਈ ਆਦਿ ਸਾਡੇ ਮੁਢਲੇ ਕਾਰਜ ਹਨ। ਇਹ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਪਹਿਲ ਦੇ ਆਧਾਰ ‘ਤੇ ਕੀਤੇ ਜਾਣਗੇ।
ਉਹਨਾਂ ਦੇ ਨਾਲ ਚੁਣੇ ਗਏ ਉਪ ਪ੍ਰਧਾਨ ਹਰਵਿੰਦਰ ਸਿੰਘ ਰੰਧਾਵਾ, ਸੈਕਟਰੀ ਸ. ਸਤਿੰਦਰਬੀਰ ਸਿੰਘ ਸਹੋਤਾ, ਸਹਾਇਕ ਸੈਕਟਰੀ ਸ. ਗੁਰਅੰਮ੍ਰਿਤ ਸਿੰਘ ਢਿੱਲੋਂ, ਖ਼ਜਾਨਚੀ ਸ. ਮਲਕੀਤ ਸਿੰਘ, ਸਹਾਇਕ ਖਜਾਨਚੀ ਸ. ਰਮਨਪ੍ਰੀਤ ਸਿੰਘ ਆਹਲੂਵਾਲੀਆ, ਮੈਬਰਜ਼ ਸ. ਨੋਬਲਪ੍ਰੀਤ ਸਿੰਘ, ਸ. ਜਗਜੀਤ ਸਿੰਘ ਜੱਗਾ ਅਤੇ ਸ. ਪ੍ਰਭਜੋਤ ਸਿੰਘ ਸੰਧੂ ਹੁਣਾਂ ਨੇ ਵੀ ਸੰਗਤ ਦਾ, ਗੁਰਦੁਆਰਾ ਸਾਹਿਬ ਦੀ ਸੇਵਾ ਬਖਸ਼ਣ ‘ਤੇ ਤਹਿ ਦਿਲੋਂ ਧੰਨਵਾਦ ਕੀਤਾ।

  • ਸਰਬਜੀਤ ਸਿੰਘ

ਆਪਣੇ ਪਿਆਰਿਆਂ ਨੂੰ ਪਿਆਰ ਭੇਜੋ

ਬੇਹੱਦ ਲਾਭਦਾਇਕ ਹੈ ਮਯੂਰ ਮੁਦਰਾ