ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦਾ ਸੂਬੇ ਦੇ ਮੰਤਰੀ ਵਜੋਂ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਮੁੱਖ ਮੰਤਰੀ ਨੇ ਸ੍ਰੀ ਸਿੱਧੂ ਦਾ ਅਸਤੀਫ਼ਾ ਸਵੇਰ ਵੇਲੇ ਹੀ ਪੰਜਾਬ ਦੇ ਰਾਜਪਾਲ ਵਿਜੇਂਦਰ ਪਾਲ ਸਿੰਘ ਬਦਨੌਰ ਨੂੰ ਭੇਜ ਦਿੱਤਾ ਹੈ। ਦੁਪਹਿਰ ਤੱਕ ਸ੍ਰੀ ਬਦਨੌਰ ਨੇ ਵੀ ਸ੍ਰੀ ਸਿੱਧੂ ਦੇ ਅਸਤੀਫ਼ੇ ਨੂੰ ਰਸਮੀ ਪ੍ਰਵਾਨਗੀ ਦੇ ਦਿੱਤੀ ਸੀ।
ਕੈਪਟਨ ਅਮਰਿੰਦਰ ਸਿੰਘ ਦੇ ਇੱਕ ਬੁਲਾਰੇ ਨੇ ਇਸ ਬਾਰੇ ਸਨਿੱਚਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਦੀ ਤਬੀਅਤ ਪਿਛਲੇ ਦੋ ਦਿਨਾਂ ਤੋਂ ਥੋੜ੍ਹੀ ਖ਼ਰਾਬ ਹੈ। ਚੇਤੇ ਰਹੇ ਕਿ ਮੁੱਖ ਮੰਤਰੀ ਦੋ ਕੁ ਦਿਨ ਪਹਿਲਾਂ ਹੀ ਦਿੱਲੀ ਤੋਂ ਪਰਤੇ ਸਨ।
ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਸਿੱਧੂ ਦਾ ਅਸਤੀਫ਼ਾ ਸਵੇਰੇ ਵੇਖਿਆ ਤੇ ਉਸ ਨੂੰ ਰਸਮੀ ਪ੍ਰਵਾਨਗੀ ਲਈ ਰਾਜਪਾਲ ਵੀ.ਪੀ.ਐੱਸ. ਬਦਨੌਰ ਕੋਲ ਭੇਜ ਦਿੱਤਾ ਹੈ।
ਦਿੱਲੀ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਆਖਿਆ ਸੀ ਕਿ ਉਹ ਅਸਤੀਫ਼ਾ ਵੇਖਣ ਤੋਂ ਬਾਅਦ ਹੀ ਕੁਝ ਦੱਸ ਸਕਣਗੇ। ਸ੍ਰੀ ਸਿੱਧੂ ਨੇ ਜਦੋਂ ਆਪਣਾ ਅਸਤੀਫ਼ਾ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ਗਾਹ ਵਿਖੇ ਭੇਜਿਆ ਸੀ; ਤਦ ਕੈਪਟਨ ਅਮਰਿੰਦਰ ਸਿੰਘ ਉੱਥੇ ਮੌਜੂਦ ਨਹੀਂ ਸਨ।