
ਰੋਮ (ਇਟਲੀ) (ਦਲਵੀਰ ਕੈਂਥ) – ਬੇਸ਼ੱਕ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਕਿਸੇ ਪ੍ਰਵਾਸੀ ਦੀ ਕੰਮ ਦੌਰਾਨ ਜਾਨ ਚਲੀ ਗਈ ਹੋਵੇ, ਪਰ ਇਹ ਪਹਿਲੀ ਵਾਰ ਜ਼ਰੂਰ ਹੋਇਆ ਕਿ ਕੋਈ ਕੰਮ ਵਾਲਾ ਮਾਲਕ ਆਪਣੇ ਕਾਮੇ ਨੂੰ ਲਹੂ-ਲੂਹਾਨ ਹੋਏ ਨੂੰ ਤੜਫ਼-ਤੜਫ਼ ਕੇ ਮਰਨ ਲਈ ਉਸ ਦੇ ਹੀ ਘਰ ਦੇ ਅੱਗੇ ਸੁੱਟ ਆਉਂਦਾ ਹੈ, ਕਿਉਂਕਿ ਪੀੜਤ ਦਾ ਸਿਰਫ਼ ਇਹ ਕਸੂਰ ਸੀ ਕਿ ਉਹ ਇਟਲੀ ਵਿੱਚ ਮਜ਼ਬੂਰ ਤੇ ਲਾਚਾਰ ਹੋਣ ਦੇ ਨਾਲ ਬਿਨ੍ਹਾਂ ਪੇਪਰਾਂ ਦੇ ਹੀ ਦਿਹਾੜੀ ਦੱਪਾ ਕਰ ਡੰਗ ਟਪਾ ਰਿਹਾ ਸੀ। ਇਸ ਅਤਿ ਮੰਦਭਾਗੀ ਘਟਨਾ ਜਿਸ ਵਿੱਚ ਪੀੜਤ ਪੰਜਾਬੀ ਭਾਰਤੀ ਕਾਮਾ ਸਤਨਾਮ ਸਿੰਘ ਕੰਮ ਵਾਲੇ ਮਾਲਕ ਵੱਲੋਂ ਇਖ਼ਲਾਕੋ ਡਿੱਗ ਕੇ ਕੀਤੇ ਘਿਨੌਣੇ ਕੰਮ ਕਾਰਨ ਦੁਨੀਆਂ ਤੋਂ ਚਲਾ ਗਿਆ। ਮਰਹੂਮ ਸਤਨਾਮ ਸਿੰਘ ਦੀ ਮੌਤ ਨਾਲ ਪੂਰੇ ਇਟਲੀ ਦੇ ਇਨਸਾਫ਼ ਪਸੰਦ ਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਅੰਦਰ ਭਾਰੀ ਰੋਹ ਦੇਖਿਆ ਜਾ ਰਿਹਾ ਹੈ, ਜਿਸ ਵਿੱਚ ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਇਸ ਘਟੀ ਬਹੁਤ ਹੀ ਨਿੰਦਣਯੋਗ ਘਟਨਾ ਉੱਪਰ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਇਟਲੀ ਦੀ ਪ੍ਰਧਾਨ ਮੰਤਰੀ ਜੌਰਜਾ ਮੇਲੋਨੀ ਤੋਂ ਘਟਨਾ ਵਿੱਚ ਦਰਦਨਾਕ ਮੌਤ ਮਰੇ ਸਤਨਾਮ ਸਿੰਘ ਲਈ ਇਨਸਾਫ਼ ਦੀ ਮੰਗ ਕੀਤੀ ਹੈ।
ਕੌਂਤੇ ਨੇ ਕਿਹਾ ਕਿ, ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕੰਮ ਦੌਰਾਨ ਗੰਭੀਰ ਜਖ਼ਮੀ ਹੋਏ ਕਾਮੇ ਨੂੰ ਜਿਸ ਦੀ ਕਿ ਘਟਨਾ ਵਿੱਚ ਬਾਂਹ ਹੀ ਵੱਢੀ ਜਾਂਦੀ ਹੈ ਉਸ ਤੋਂ ਕੰਮ ਕਰਵਾ ਰਿਹਾ ਮਾਲਕ ਹੀ ਮਰਨ ਲਈ ਘਰ ਅੱਗੇ ਕੂੜੇ ਵਾਂਗਰ ਸੁੱਟ ਆਉਂਦਾ ਹੈ. ਅਜਿਹੇ ਅਨਸਰਾਂ ਨੂੰ ਨੱਥ ਪਾਉਣ ਲਈ ਪ੍ਰਧਾਨ ਮੰਤਰੀ ਇਟਲੀ ਜ਼ਰੂਰ ਕਾਰਵਾਈ ਕਰੇ। ਉਹਨਾਂ ਨੂੰ ਪੂਰੀ ਆਸ ਹੈ ਕਿ ਮੇਲੋਨੀ ਇਸ ਕੇਸ ਵਿੱਚ ਪੂਰਨ ਇਨਸਾਫ਼ ਕਰੇਗੀ। ਇਹ ਘਟਨਾ ਤਾਂ ਸਦੀਆਂ ਪਹਿਲਾਂ ਕਿਸੇ ਗੁਲਾਮ ਦੀ ਕਹਾਣੀ ਵਾਂਗ ਜਾਪਦੀ ਹੈ ਜਿਸ ਨੂੰ ਘਟਦਾ ਦੇਖ ਅਸੀਂ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਦੇ। ਜੇਕਰ ਅਸੀਂ ਇਟਲੀ ਵਿੱਚ ਮਜਦੂਰਾਂ ਉੱਪਰ ਹੁੰਦੇ ਅੱਤਿਆਚਾਰਾਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਤਾਂ ਇਹ ਇਟਲੀ ਦੀ ਵਿਸ਼ਵ ਭਰ ਵਿੱਚ ਬਣੀ ਉੱਨਤ ਤੇ ਖੁਸ਼ਹਾਲ ਦੇਸ਼ ਦੀ ਸਾਖ਼ ਨੂੰ ਵੱਡੀ ਢਾਹ ਹੈ। ਲਾਸੀਓ ਸੂਬੇ ਦੇ ਜਿਲ੍ਹਾ ਲਾਤੀਨਾ ਵਿੱਚ ਹਜ਼ਾਰਾਂ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਹਨ ਜਿਹਨਾਂ ਵਿੱਚ ਬਹੁਤ ਸਾਰੇ ਭਾਰਤੀ ਸਿੱਖ ਹਨ ਜਿਹੜੇ ਕਿ ਐਗਰੋ-ਮਾਫ਼ੀਆ ਲਈ ਕੰਮ ਕਰਦੇ ਹਨ ਜਿਹਨਾਂ ਨਾਲ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਮੌਜੂਦਾ ਸਰਕਾਰ ਗੰਭੀਰਤਾ ਨਾਲ ਵਿਚਾਰੇ। ਦੂਜੇ ਪਾਸੇ ਇਟਲੀ ਦੀ ਪ੍ਰਸਿੱਧ ਮਜ਼ਦੂਰ ਜਥੇਬੰਦੀ 22 ਜੂਨ ਸ਼ਾਮ ਨੂੰ ਲਾਤੀਨਾ ਸ਼ਹਿਰ ਵਿੱਚ ਵਿਸ਼ਾਲ ਰੋਸ ਮੁਜ਼ਾਹਰਾ ਕਰ ਰਹੀ ਹੈ.