in

ਗਰਮੀਆਂ ਦੀਆਂ ਛੁੱਟੀਆਂ ਵਿਚ ਜਾਣ ਤੋਂ ਪਹਿਲਾਂ ਦਸਤਾਵੇਜ਼ਾਂ ‘ਤੇ ਇਕ ਝਾਤ ਜਰੂਰੀ!

ਇਟਲੀ ਵਿਚ ਰਹਿਣ ਵਾਲੇ ਬਹੁਤ ਸਾਰੇ ਵਿਦੇਸ਼ੀ ਅਜਿਹੇ ਹਨ, ਜਿਹੜੇ ਗਰਮੀਆਂ ਦੀਆਂ ਛੁੱਟੀਆਂ ਆਪਣੇ ਮੂਲ ਦੇਸ਼ ਵਿਚ ਬਿਤਾਉਣ ਦੀ ਇੱਛਾ ਰੱਖਦੇ ਹਨ, ਕੁਝ ਲੋਕ ਕਿਤੇ ਹੋਰ ਬਾਹਰ ਦੂਸਰੇ ਦੇਸ਼ਾਂ ਵਿਚ ਘੁੰਮਣ ਜਾਣਾ ਚਾਹੁੰਦੇ ਹਨ। ਗਰਮੀਆਂ ਦੀਆਂ ਛੁੱਟੀਆਂ ਆਪਣੇ ਪਰਿਵਾਰ ਨਾਲ ਜਾਂ ਆਪਣੇ ਦੋਸਤਾਂ ਨਾਲ ਜਰੂਰ ਬਿਤਾਓ, ਪਰ ਇਕ ਗੱਲ ਦਾ ਖਾਸ ਖਿਆਲ ਰੱਖਣਾ ਬਹੁਤ ਜਰੂਰੀ ਹੈ ਉਹ ਹੈ ਤੁਹਾਡੇ ਦਸਤਾਵੇਜ਼ਾਂ ਦੀ ਸਥਿਤੀ। ਇਟਲੀ ਵਿਚ ਰਹਿਣ ਵਾਲੇ ਵਿਦੇਸ਼ੀਆਂ ਨੂੰ ਇਹ ਧਿਆਨ ਦੇਣਾ ਜਰੂਰੀ ਹੈ ਕਿ ਉਨ੍ਹਾਂ ਦੇ ਕਾਨੂੰਨੀ ਦਸਤਾਵੇਜ਼ਾਂ ਦੀ ਮਣਿਆਦ ਖਤਮ ਤਾਂ ਨਹੀਂ ਹੋਈ, ਜੇਕਰ ਨਹੀਂ ਤਾਂ ਹੀ ਉਹ ਪੂਰੀ ਅਜਾਦੀ ਨਾਲ ਇਟਲੀ ਦੇ ਅੰਦਰ ਅਤੇ ਇਟਲੀ ਤੋਂ ਬਾਹਰ ਸ਼ੈਨੇਗਨ ਦੇਸ਼ਾਂ ਵਿਚ ਘੁੰਮ ਸਕਦੇ ਹਨ। ਜਿਹੜੇ ਵਿਦੇਸ਼ੀ ਨਿਵਾਸ ਆਗਿਆ ਦੀ ਦਰਖ਼ਾਸਤ ਪਹਿਲੀ ਵਾਰ ਦੇਣ ਤੋਂ ਬਾਅਦ ਜਾਂ ਨਿਵਾਸ ਆਗਿਆ ਨਵਿਆਉਣ ਲਈ ਦਿੱਤੀ ਦਰਖ਼ਾਸਤ ਤੋਂ ਬਾਅਦ ਨਿਵਾਸ ਆਗਿਆ ਦਾ ਇੰਤਜਾਰ ਕਰ ਰਹੇ ਹਨ, ਉਨ੍ਹਾਂ ਲਈ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਅੰਦਰ ਘੁੰਮਣ ਜਾਣ ਦੀ ਸੰਭਾਵਨਾ ਨਹੀਂ ਹੈ।
ਮਿਹਨਤ ਨਾਲ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਵਿਚ ਕੁਝ ਦਿਨ ਦਾ ਆਰਾਮ ਮਿਲਦਾ ਹੈ, ਉਹ ਇਨਾਂ ਛੁੱਟੀਆਂ ਨੂੰ ਘੁੰਮ ਫਿਰ ਕੇ, ਆਪਣੇ ਦੋਸਤਾਂ ਨਾਲ, ਆਪਣੇ ਰਿਸ਼ਤੇਦਾਰਾਂ ਕੋਲ ਯੂਰਪੀ ਦੇਸ਼ਾਂ (ਸ਼ੈਨੇਗਨ ਦੇਸ਼ਾਂ) ਵਿਚ ਜਾ ਕੇ ਬਹੁਤ ਚੰਗੇ ਤਰੀਕੇ ਨਾਲ ਬਤੀਤ ਕਰ ਸਕਦੇ ਹਨ, ਪ੍ਰੰਤੂ ਇਸ ਸਭ ਦੀ ਤਿਆਰੀ ਕਰਨ ਤੋਂ ਪਹਿਲਾਂ ਇਟਲੀ ਵਿਚ ਰਹਿਣ ਵਾਲੇ ਵਿਦੇਸ਼ੀਆਂ ਲਈ ਸਭ ਤੋਂ ਪਹਿਲਾਂ ਜਿਹੜੀ ਚੀਜ ਜਰੂਰੀ ਹੈ, ਉਹ ਇਹ ਹੈ ਕਿ ਉਹ ਇਟਲੀ ਵਿਚ ਕਾਨੂੰਨੀ ਤੌਰ ‘ਤੇ ਰਹਿਣ ਵਾਲੇ ਆਪਣੇ ਪੇਪਰਾਂ ਦੀ ਸਥਿਤੀ ਨੂੰ ਜਰੂਰ ਘੋਖ ਲੈਣ, ਤਾਂ ਕਿ ਆਉਣ ਵਾਲੇ ਸਮੇਂ ਵਿਚ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਜਿਹੜੇ ਵਿਦੇਸ਼ੀਆਂ ਕੋਲ ਇਟਲੀ ਦੇ ਮਣਿਆਦਸ਼ੁਦਾ ਪੇਪਰ ਹਨ, ਉਹ ਆਰਾਮ ਨਾਲ ਆਜਾਦੀ ਨਾਲ ਘੁੰਮਣ ਜਾਣ ਦਾ ਪ੍ਰੋਗਰਾਮ ਬਣਾ ਸਕਦੇ ਹਨ ਅਤੇ ਮੁੜ ਇਟਲੀ ਵਿਚ ਦਾਖਲ ਹੋ ਸਕਦੇ ਹਨ, ਇਸ ਲਈ ਜਰੂਰੀ ਇਹੀ ਹੈ ਕਿ ਵਿਦੇਸ਼ੀ ਕੋਲ ਇਸ ਸਬੰਧੀ ਆਗਿਆ ਹੋਵੇ।
ਮਣਿਆਦਸ਼ੁਦਾ ਨਿਵਾਸ ਆਗਿਆ ਧਾਰਕ ਵਿਦੇਸ਼ੀ ਸ਼ੈਨੇਗਨ ਦੇਸ਼ਾਂ: ਬੈਲਜ਼ੀਅਮ, ਫਰਾਂਸ, ਜਰਮਨੀ, ਲਕਸਮਬਰਗ, ਨੀਦਰਲੈਂਡ, ਪੁਰਤਗਾਲ, ਸਪੇਨ, ਅਸਟਰੀਆ, ਗਰੀਸ, ਡੈਨਮਾਰਕ, ਫਿਨਲੈਂਡ, ਸਵੀਡਨ, ਆਈਸਲੈਂਡ, ਨਾਰਵੇ, ਸਲੋਵੇਨੀਆ, ਇਸਤੋਨੀਆ, ਲਾਤਵੀਆ, ਲਿਥੂਨੀਆ, ਪੋਲੈਂਡ, ਚੈੱਕ ਰਿਪਬਲਿਕ, ਸਲੋਵਾਕੀਆ, ਹੰਗਰੀ, ਮਾਲਟਾ ਅਤੇ ਸਵਿਟਜ਼ਰਲੈਂਡ ਵਿਚ ਸੈਲਾਨੀ ਦੇ ਤੌਰ ‘ਤੇ ਘੁੰਮਣ ਜਾ ਸਕਦੇ ਹਨ। ਇਸ ਤੋਂ ਇਲਾਵਾ ਜਿਹੜੇ ਦੇਸ਼ ਸ਼ੈਨੇਗਨ ਦੇਸ਼ਾਂ ਦੇ ਅਧੀਨ ਨਹੀਂ ਆਉਂਦੇ ਉੱਥੇ ਜਾਣ ਲਈ ਸਭ ਤੋਂ ਪਹਿਲਾਂ ਇਹ ਜਾਨਣਾ ਜਰੂਰੀ ਹੈ ਕਿ ਕੀ ਉਸ ਦੇਸ਼ ਦੀ ਉਨ੍ਹਾਂ ਦੇ ਦੇਸ਼ ਨਾਲ ਇਸ ਸਬੰਧੀ ਕੋਈ ਸੰਧੀ ਹੈ।
ਜਿਹੜੇ ਵਿਦੇਸ਼ੀਆਂ ਦੀ ਨਿਵਾਸ ਆਗਿਆ ਦੀ ਮਣਿਆਦ ਲੰਘ ਚੁੱਕੀ ਹੋਵੇ ਅਤੇ ਉਨ੍ਹਾਂ ਵੱਲੋਂ ਨਿਵਾਸ ਆਗਿਆ ਨਵਿਆਉਣ ਲਈ ਜਮਾਂ ਕਰਵਾਈ ਗਈ ਹੋਵੇ, ਉਹ ਆਪਣੇ ਮੁਲਕ ਆਵਾਜਾਈ ਤਾਂ ਕਰ ਸਕਦੇ ਹਨ, ਪਰ ਇਸ ਦੌਰਾਨ ਕਿਸੇ ਸ਼ੈਨੇਗਨ ਦੇਸ਼ ਰਾਹੀਂ ਆਵਾਜਾਈ ਕਰਨ ‘ਤੇ ਪਾਬੰਦੀ ਹੈ। ਇਸ ਲਈ ਬਿਹਤਰ ਹੋਵੇਗਾ ਕਿ ਵਿਦੇਸ਼ੀ ਵੱਲੋਂ ਆਪਣੇ ਦੇਸ਼ ਲਈ ਸਿੱਧੀ ਹਵਾਈ ਸੇਵਾ ਦੀ ਵਰਤੋਂ ਕੀਤੀ ਜਾਵੇ। ਆਵਾਜਾਈ ਕਰਨ ਸਮੇਂ ਮਣਿਆਦਸ਼ੁਦਾ ਪਾਸਪੋਰਟ, ਮਣਿਆਦ ਲੰਘੀ ਨਿਵਾਸ ਆਗਿਆ ਅਤੇ ਨਵਿਆਉਣ ਲਈ ਜਮਾਂ ਕਰਵਾਈ ਨਿਵਾਸ ਆਗਿਆ ਦੀ ਡਾਕਖਾਨੇ ਵੱਲੋਂ ਜਾਰੀ ਹੋਈ ਰਸੀਦ ਅਤੇ ਹੋਰ ਪਹਿਚਾਣ ਪੱਤਰ ਨਾਲ ਰੱਖਣੇ ਨਾ ਭੁੱਲੋ।
ਜਿਹੜੇ ਗੈਰਯੂਰਪੀ ਵਿਦੇਸ਼ੀਆਂ ਨੂੰ ਇਟਲੀ ਵਿਚ ਆਇਆਂ ਨੂੰ ਥੋੜਾ ਸਮਾਂ ਹੋਇਆ ਹੋਵੇ ਅਤੇ ਪਹਿਲੀ ਵਾਰ ਪਰਿਵਾਰਕ ਜਾਂ ਕੰਮ ਦੀ ਨਿਵਾਸ ਆਗਿਆ ਪ੍ਰਾਪਤ ਕਰਨ ਲਈ ਦਰਖ਼ਾਸਤ ਦਿੱਤੀ ਜਾ ਚੁੱਕੀ ਹੋਵੇ, ਉਹ ਸਿਰਫ ਸ਼ੈਨੇਗਨ ਦੇਸ਼ਾਂ ਦੀ ਸੈਰ ਕਰ ਸਕਦੇ ਹਨ ਬਸ਼ਰਤੇ ਉਨ੍ਹਾਂ ਦੇ ਪਾਸਪੋਰਟ ‘ਤੇ ਲੱਗਿਆ ਵੀਜ਼ਾ ਸ਼ੈਨੇਗਨ ਹੋਣ ਤੋਂ ਇਲਾਵਾ ਮਣਿਆਦਸ਼ੁਦਾ ਹੋਵੇ। ਵੀਜ਼ਾ ਮਣਿਆਦਸ਼ੁਦਾ ਹੋਣ ਦੀ ਸੂਰਤ ਵਿਚ ਡਾਕਖਾਨੇ ਵੱਲੋਂ ਜਾਰੀ ਹੋਈ ਰਸੀਦ ਦੇ ਅਧਾਰ ‘ਤੇ ਬਿਨਾਂ ਸ਼ੈਨੇਗਨ ਦੇਸ਼ ਦੀ ਵਰਤੋਂ ਕੀਤੇ ਸਿੱਧੇ ਆਪਣੇ ਦੇਸ਼ ਲਈ ਆਵਾਜਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਸਾਰੇ ਹਾਲਾਤਾਂ ਵਿਚ ਡਾਕਖਾਨੇ ਤੋਂ ਪ੍ਰਾਪਤ ਹੋਈ ਰਸੀਦ, ਪਾਸਪੋਰਟ ਅਤੇ ਇਟਲੀ ਵਿਚ ਕਿਸ ਅਧਾਰ ‘ਤੇ ਵੀਜ਼ਾ ਲੱਗਿਆ ਹੈ, ਕੌਂਸਲੇਟ ਵੱਲੋਂ ਜਾਰੀ ਵੀਜ਼ਾ ਆਦਿ ਜਰੂਰੀ ਦਸਤਾਵੇਜ਼ ਨਾਲ ਰੱਖਣੇ ਬੇਹੱਦ ਜਰੂਰੀ ਹਨ।

– ਵਰਿੰਦਰ ਕੌਰ ਧਾਲੀਵਾਲ

ਚੰਡੀਗੜ੍ਹ : ਬਿਨਾ ਰਜਿਸਟਰੇਸ਼ਨ ਪਹੁੰਚਣ ਵਾਲੇ ਯਾਤਰੀਆਂ ਨੂੰ ਹੋਵੇਗੀ ਸਜਾ

ਵਿਆਹ ‘ਚ ਫਾਇਰਿੰਗ ਲਈ ਦੋ ਸਾਲ ਦੀ ਕੈਦ