ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਇਕ ਸੰਘੀ ਅਦਾਲਤ ਨੇ ਟਾਈ ਗਾਰਬਿਨ ਨਾਮੀ ਵਿਅਕਤੀ ਨੂੰ ਮਿਸ਼ੀਗਨ ਦੇ ਗਵਰਨਰ ਗਰੈਚਨ ਵਿਟਮਰ ਨੂੰ ਅਗਵਾ ਕਰਨ ਦੀ ਸਾਜਿਸ਼ ਵਿਚ ਸ਼ਾਮਿਲ ਹੋਣ ਦੇ ਮਾਮਲੇ ਵਿਚ 6 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਟਾਈ ਗਾਰਬਿਨ ਉਨਾਂ 6 ਦੋਸ਼ੀਆਂ ਵਿਚ ਸ਼ਾਮਿਲ ਹੈ ਜਿਨਾਂ ਨੇ ਵਿਟਮਰ ਨੂੰ ਅਗਵਾ ਕਰਨ ਦੀ ਸਾਜਿਸ਼ ਰਚੀ ਸੀ। ਇਸ ਸਾਲ ਜਨਵਰੀ ਵਿਚ ਗਾਰਬਿਨ ਨੇ ਅਦਾਲਤ ਵਿਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਇਸਤਗਾਸਾ ਧਿਰ ਦੇ ਵਕੀਲ ਨੇ ਅਦਾਲਤ ਵਿਚ ਕਿਹਾ ਕਿ ਉਸ ਨੂੰ 9 ਸਾਲ ਦੇ ਆਸ ਪਾਸ ਸਜ਼ਾ ਦਿੱਤੀ ਜਾਵੇ ਹਾਲਾਂ ਕਿ ਵਕੀਲ ਨੇ ਸਹਿਯੋਗ ਕਰਨ ਲਈ ਗਾਰਬਿਨ ਦੀ ਪ੍ਰਸੰਸਾ ਵੀ ਕੀਤੀ। ਬਚਾਅ ਪੱਖ ਦੇ ਵਕੀਲ ਨੇ ਜੱਜ ਨੂੰ ਬੇਨਤੀ ਕੀਤੀ ਕਿ ਗਾਰਬਿਨ ਨੇ ਸਹਿਯੋਗ ਕੀਤਾ ਹੈ ਤੇ ਅਜਿਹਾ ਕਰਕੇ ਉਸ ਨੇ ਆਪਣੀ ਜਿੰਦਗੀ ਵੀ ਖਤਰੇ ਵਿਚ ਪਾ ਲਈ ਹੈ। ਉਸ ਨੂੰ 6 ਸਾਲ ਤੋਂ ਵਧ ਸਜ਼ਾ ਨਹੀਂ ਮਿਲਣੀ ਚਾਹੀਦੀ। ਗਾਰਬਿਨ ਨੇ ਅਦਾਲਤ ਵਿਚ ਦਿੱਤੇ ਆਪਣੇ ਸੰਖੇਪ ਬਿਆਨ ਵਿਚ ਕਿਹਾ ਕਿ ਸਭ ਤੋਂ ਪਹਿਲਾਂ ਮੈ ਵਿਟਮਰ ਤੇ ਉਸ ਦੇ ਪਰਿਵਾਰ ਕੋਲੋਂ ਮੁਆਫੀ ਮੰਗਦਾ ਹਾਂ। ਉਸ ਨੇ
ਕਿਹਾ ਮੈ ਕੱਟੜਪੰਥੀ ਸੋਚ ਛੱਡਣ ਲਈ ਇਕ ਸਲਾਹਕਾਰ ਸਮੂੰਹ ਨਾਲ ਮਿਲ ਕੇ ਕੰਮ ਕਰਾਂਗਾ ਤੇ ਹੋਰਨਾਂ ਦੀ ਵੀ ਕੱਟੜਪੰਥੀ ਬਣਨ ਤੋਂ ਰੋਕਣ ਲਈ ਮਦਦ ਕਰਾਂਗਾ। ਮੁੱਖ ਜਿਲਾ ਜੱਜ ਰਾਬਰਟ ਜੋਨਕਰ ਨੇ ਬੈਂਚ ਦੀ ਤਰਫੋਂ ਫੈਸਲਾ ਸੁਣਾਉਂਦਿਆਂ ਮੰਨਿਆ ਕਿ ਉਸ ਦਾ ਵਿਸ਼ਵਾਸ਼ ਹੈ ਕਿ ਗਾਰਬਿਨ ਨੇ ਪੁਨਰ ਵਸੇਬੇ ਦਾ ਰਾਹ ਚੁਣ ਲਿਆ ਹੈ।