in

ਗੁਰਦੁਆਰਾ ਸਿੰਘ ਸਭਾ ਪੁਨਤੀਨੀਆਂ ਦੀ ਨਵੀਂ ਇਮਾਰਤ ਦੀ ਮਲਕੀਅਤ ਨੂੰ ਲੈ ਛਿੜਿਆ ਵਿਵਾਦ

ਉਪ-ਪ੍ਰਧਾਨ ਉੱਪਰ ਗੁਰਦੁਆਰੇ ਦੀ ਜਾਇਦਾਤ ਨੂੰ ਆਪਣੇ ਨਾਮ ਕਰਵਾਉਣ ਦਾ ਕਥਿਤ ਦੋਸ਼
ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਦੀ ਜਾਇਦਾਤ ਸਿਰਫ਼ ਗੁਰੂ ਦੀ ਹੋਰ ਕਿਸੇ ਦੀ ਨਹੀਂ – ਉਪ-ਪ੍ਰਧਾਨ

ਰੋਮ (ਇਟਲੀ) (ਦਲਵੀਰ ਕੈਂਥ) – ਇਟਲੀ ਦਾ ਸਿੱਖ ਭਾਈਚਾਰਾ ਜਿੱਥੇ ਦੁਨੀਆ ਭਰ ਵਿੱਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਉਚੇਚਾ ਜਾਣਿਆ ਜਾਂਦਾ ਹੈ, ਉੱਥੇ ਹੀ ਇਟਲੀ ਵਿੱਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਨ ਵਿੱਚ ਵੀ ਇਟਲੀ ਦਾ ਸਿੱਖ ਭਾਈਚਾਰਾ ਅਹਿਮ ਭੂਮਿਕਾ ਨਿਭਾਅ ਰਿਹਾ ਹੈ, ਪਰ ਇਸ ਦੇ ਨਾਲ ਹੀ ਇਟਲੀ ਵਿੱਚ ਕੁਝ ਅਜਿਹੇ ਗੁਰਦੁਆਰਾ ਸਾਹਿਬ ਵੀ ਹਨ ਜਿਨਾਂ ਦੀ ਮਲਕੀਅਤ ਨੂੰ ਲੈ ਕੇ ਹਮੇਸ਼ਾਂ ਵਿਵਾਦ ਰਿਹਾ ਹੈ. ਕੁਝ ਗੁਰਦੁਆਰਾ ਸਾਹਿਬ ਵਿੱਚ ਅਜਿਹੇ ਵਿਵਾਦ ਸਿੱਖ ਸੰਗਤ ਨੇ ਮੱਤ ਉੱਚੀ ਦਾ ਸਬੂਤ ਦਿੰਦਿਆਂ ਗੁਰੂ ਸਾਹਿਬ ਦੇ ਓਟ ਆਸਰੇ ਆਪ ਹੀ ਸੁਲਝਾਅ ਲਏ, ਪਰ ਕੁਝ ਕੁ ਵਿੱਚ ਪੁਲਿਸ ਕੇਸ ਹੋਏ ਤੇ ਲੋਕਾਂ ਲਈ ਤਮਾਸ਼ਾ ਬਣੇ। ਅਜਿਹਾ ਹੀ ਕੁਝ ਮਾਹੌਲ ਅੱਜਕਲ੍ਹ ਇਟਲੀ ਦੇ ਲਾਸੀਓ ਸੂਬੇ ਦੇ ਜਿ਼ਲ੍ਹਾ ਲਾਤੀਨਾ ਦੇ ਸ਼ਹਿਰ ਪੁਨਤੀਨੀਆ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਦਾ ਬਣਿਆ ਹੋਇਆ ਹੈ. ਜਿੱਥੇ ਕਿ ਗੁਰਦੁਆਰਾ ਸਾਹਿਬ ਦੀ ਮਾਲਕੀ ਨੂੰ ਲੈਕੇ ਦੋ ਸੇਵਾਦਾਰ ਧਿਰਾਂ ਆਹਮਣੋ-ਸਾਹਮਣੇ ਹਨ। ਪ੍ਰੈੱਸ ਨੂੰ ਭਾਈ ਹਰਪਾਲ ਸਿੰਘ ਪ੍ਰਧਾਨ ਗੁਰਦਆਰਾ ਸਾਹਿਬ ਸਿੰਘ ਸਭਾ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ, ਉਹਨਾਂ ਦੀ ਕਮੇਟੀ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ (ਲਾਤੀਨਾ) ਦੇ ਨਾਮ ਉੱਤੇ ਰਜਿਸਟਰਡ ਹੈ. ਇਸ ਕਮੇਟੀ ਵਿੱਚ 5 ਮੈਂਬਰ ਭਾਈ ਹਰਪਾਲ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਜਸਵੀਰ ਸਿੰਘ, ਅੰਗਰੇਜ ਸਿੰਘ ਤੇ ਦਲਜੀਤ ਸਿੰਘ ਸੋਢੀ ਸਨ। ਪਹਿਲਾਂ ਗੁਰਦੁਆਰਾ ਸਾਹਿਬ ਕਿਰਾਏ ਦੀ ਇਮਾਰਤ ਵਿੱਚ ਸੀ। ਸਾਲ 2021 ਵਿੱਚ ਗੁਰਦੁਆਰਾ ਸਾਹਿਬ ਲਈ ਆਪਣੀ ਇਮਾਰਤ 5 ਲੱਖ ਯੂਰੋ ਦੀ ਖਰੀਦੀ ਗਈ ਜਿਸ ਵਿਚੋਂ 235 ਹਜ਼ਾਰ ਯੂਰੋ ਕਰੀਬ ਟੈਕਸ ਸਮੇਤ ਦਿੱਤਾ ਜਾ ਚੁੱਕਾ ਬਾਕੀ ਰਕਮ ਰਹਿੰਦੀ ਹੈ। ਗੁਰਦੁਆਰਾ ਸਾਹਿਬ ਦਾ ਗੁ: ਸਿੰਘ ਸਭਾ ਪੁਨਤੀਨੀਆ ਦੇ ਨਾਮ ਬੈਂਕ ਖਾਤਾ ਹੈ ਤੇ ਇਸ ਨਾਮ ਉਪੱਰ ਹੀ ਗੁਰਦੁਆਰਾ ਸਾਹਿਬ ਦਾ ਕੋਦੀਚੇਫਿਸਕਾਲੇ (ਪੈਨ ਨੰਬਰ) ਬਣਿਆ ਹੈ।
ਗੁਰਦੁਆਰਾ ਸਾਹਿਬ ਦੀ ਇਮਾਰਤ ਖਰੀਦਣ ਦਾ ਸਾਰਾ ਕੰਮ ਦਲਜੀਤ ਸਿੰਘ ਸੋਢੀ ਉਪ-ਪ੍ਰਧਾਨ ਦੇਖ ਰਿਹਾ ਸੀ ਪਰ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋ ਭਾਈ ਹਰਪਾਲ ਸਿੰਘ ਨੂੰ ਪਤਾ ਲੱਗਾ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਗੁਦੁਆਰਾ ਸਾਹਿਬ ਦੇ ਨਾਮ ਨਹੀਂ ਸਗੋਂ ਦਲਜੀਤ ਸਿੰਘ ਸੋਢੀ ਤੇ ਇੱਕ ਹੋਰ ਵਿਅਕਤੀ ਦੇ ਨਾਮ ਹੈ ਜਿਸ ਦਾ ਪਤਾ ਸੰਗਤ ਨੂੰ ਉਦੋਂ ਲੱਗਾ ਜਦੋਂ ਨਗਰ ਕੀਰਤਨ ਲਈ ਜਿਲ੍ਹਾ ਲਾਤੀਨਾ ਪ੍ਰਸ਼ਾਸ਼ਨ ਕੋਲੋ ਇਜ਼ਜਾਤ ਲੈਣੀ ਸੀ ਤਾਂ ਪੇਪਰਾਂ ਵਿੱਚ ਪ੍ਰਧਾਨ ਵਜੋਂ ਦਲਜੀਤ ਸਿੰਘ ਸੋਢੀ ਦਾ ਨਾਮ ਸਾਹਮਣੇ ਆਇਆ ਤੇ ਇੱਕ ਹੋਰ ਅਚੰਬਾ ਦੇਖਣ ਨੂੰ ਇਹ ਮਿਲਿਆ ਕਿ ਜਿਹੜੀ ਨਵੀਂ ਗੁਰਦੁਆਰਾ ਸਿੰਘ ਸਭਾ ਪੁਨਤੀਨੀਆਂ ਦੀ ਸੰਗਤ ਨੇ ਸੇਵਾ ਇਕੱਠੀ ਕਰ ਖਰੀਦੀ ਹੈ ਉਹ ਵੀ ਗੁਰਦੁਆਰਾ ਸਾਹਿਬ ਦੇ ਨਾਮ ਨਹੀਂ ਸਗੋਂ ਕਿਸੇ ਹੋਰ ਸੰਸਥਾ ਦੇ ਨਾਮ ਉਪੱਰ ਹੈ। ਭਾਈ ਹਰਪਾਲ ਸਿੰਘ ਨੇ ਕਥਿਤ ਤੌਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ, ਦਲਜੀਤ ਸਿੰਘ ਸੋਢੀ ਨੇ ਸੰਗਤ ਨੂੰ ਹਨੇਰੇ ਵਿੱਚ ਰੱਖ ਇਹ ਸਾਰੀ ਕਾਰਵਾਈ ਕੀਤੀ ਹੈ ਜਿਸ ਨੂੰ ਪੁਨਤੀਨੀਆਂ ਦੀ ਸੰਗਤ ਚੁੱਪ ਰਹਿ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਨੇ ਇਟਲੀ ਦੀ ਸਿਰਮੌਰ ਸਿੱਖ ਸੰਸਥਾ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਸਤਵਿੰਦਰ ਸਿੰਘ ਬਾਜਵਾ ਦੇ ਧਿਆਨ ਹਿੱਤ ਸਾਰਾ ਮਾਮਲਾ ਲਿਆ ਦਿੱਤਾ ਹੈ ਜਿਸ ਉਪੱਰ ਕਾਰਵਾਈ ਚੱਲ ਰਹੀ ਹੈ।
ਇਸ ਸਾਰੇ ਘਟਨਾਚੱਕਰ ਦੀ ਸੱਚਾਈ ਜਾਨਣ ਲਈ ਜਦੋਂ ਪ੍ਰੈੱਸ ਨੇ ਦਲਜੀਤ ਸਿੰਘ ਸੋਢੀ ਨਾਲ ਸੰਪਰਕ ਕੀਤਾ ਤਾਂ ਉਹਨਾਂ ਆਪਣੇ ਉਪੱਰ ਲਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ, ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆਂ ਦੀ ਜੋ ਵੀ ਜਾਇਦਾਦ ਹੈ ਉਹ ਕਿਸੇ ਇੱਕ ਵਿਅਕਤੀ ਦੀ ਨਹੀਂ ਸਗੋਂ ਸੰਗਤ ਦੀ ਹੈ ਤੇ ਜਿਸ ਕਮੇਟੀ ਦੇ ਨਾਮ ਹੈ. ਉਸ ਵਿੱਚ ਇੱਕ ਬੀਬੀ ਸਮੇਤ 7 ਸੇਵਾਦਾਰ ਹਨ। ਗੁਰਦੁਆਰਾ ਸਾਹਿਬ ਦੀ ਇਮਾਰਤ ਸਿਰਫ਼ ਇਸ ਕਾਰਨ ਗੁਰਦੁਆਰਾ ਸਿੰਘ ਸਭਾ ਪੁਨਤੀਨੀਆਂ ਦੇ ਨਾਮ ਨਹੀਂ ਸੀ ਕੀਤੀ ਕਿਉਂਕਿ ਟੈਕਸ ਬਹੁਤ ਪੈ ਰਿਹਾ ਸੀ ਤੇ ਸਭ ਦੀ ਸਹਿਮਤੀ ਨਾਲ ਹੀ ਖੇਤੀਬਾੜੀ ਨਾਲ ਸੰਬਧਤ ਸੰਸਥਾ ਦੇ ਨਾਮ ਉਪੱਰ ਕੀਤੀ ਹੈ ਜਿਸ ਬਾਬਤ ਭਾਈ ਹਰਪਾਲ ਸਿੰਘ ਨੂੰ ਪਤਾ ਪਹਿਲਾਂ ਹੀ ਪਤਾ ਸੀ, ਪਰ ਅਜਿਹਾ ਤਨਾਅ ਜਿਹੜੇ ਵੀ ਲੋਕ ਬਣਾ ਰਹੇ ਹਨ ਉਹ ਸਮਝ ਤੋਂ ਬਾਹਰ ਹੈ। ਉਹ ਇਸ ਸਾਰੇ ਮਾਮਲੇ ਨੂੰ ਨਜਿੱਠਣ ਲਈ ਸੰਗਤ ਨਾਲ ਵਿਚਾਰ-ਵਟਾਂਦਰਾ ਕਰ ਰਹੇ ਹਨ, ਉਮੀਦ ਹੈ ਜਲਦ ਹੀ ਸਭ ਮਾਮਲਾ ਸਮੇਟ ਲਿਆ ਜਾਵੇਗਾ, ਜਦੋਂ ਕਿ ਦੂਜੇ ਪਾਸੇ ਭਾਈ ਹਰਪਾਲ ਸਿੰਘ ਨੇ ਮੀਡੀਏ ਰਾਹੀ ਇਹ ਮੰਗ ਕੀਤੀ ਹੈ ਦਲਜੀਤ ਸਿੰਘ ਸੋਢੀ ਤੇ ਉਸ ਦਾ ਸਾਥੀ ਬਿਨ੍ਹਾਂ ਦੇਰ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਦੀ ਜਾਇਦਾਤ ਗੁਰਦੁਆਰਾ ਸਾਹਿਬ ਦੇ ਨਾਮ ਬਿਨ੍ਹਾਂ ਦੇਰ ਕਰ ਦੇਣ ਉਹਨਾਂ ਦਾ ਕਿਸੇ ਨਾਲ ਵੀ ਕੋਈ ਨਿੱਜੀ ਰੋਲਾ ਨਹੀਂ।
ਜਿਕਰਯੋਗ ਹੈ ਕਿ ਭਾਈ ਹਰਪਾਲ ਸਿੰਘ ਨੇ ਪ੍ਰੈੱਸ ਨੂੰ ਉਹ ਪੇਪਰ ਵੀ ਭੇਜੇ ਹਨ ਜਿਹੜੇ ਕਿ ਦਲਜੀਤ ਸਿੰਘ ਤੇ ਇੱਕ ਹੋਰ ਵਿਅਕਤੀ ਨੂੰ 99/1 % ਅਨੁਪਾਤ ਨਾਲ ਗੁਰਦੁਆਰਾ ਸਾਹਿਬ ਪੁਨਤੀਨੀਆ ਦੀ ਨਵੀਂ ਖਰੀਦੀ ਜਾਇਦਾਤ ਦੇ ਮਾਲਕ ਦਰਸਾਉਂਦੇ ਹਨ, ਪਰ ਦਲਜੀਤ ਸਿੰਘ ਵੱਲੋਂ ਖਬਰ ਲਿਖੇ ਜਾਣ ਤੱਕ ਕੋਈ ਅਜਿਹਾ ਪੇਪਰ ਨਹੀ ਦਿੱਤਾ ਗਿਆ ਜਿਸ ਤੋਂ ਪਤਾ ਲੱਗ ਸਕੇ ਕਿ ਗੁਰਦੁਆਰਾ ਸਾਹਿਬ ਦੀ ਜਾਇਦਾਤ 7 ਮੈਂਬਰੀ ਕਮੇਟੀ ਦੇ ਨਾਮ ਹੈ।ਇਸ ਵਿਵਾਦ ਕਾਰਨ ਇਲਾਕੇ ਦੀ ਸੰਗਤ ਵਿੱਚ ਕਾਫ਼ੀ ਨਿਰਾਸ਼ਾ ਦੇਖੀ ਜਾ ਰਹੀ ਹੈ, ਕਿਉਂਕਿ ਵਿਦੇਸ਼ਾਂ ਵਿੱਚ ਗੁਰੁਦਆਰਾ ਸਾਹਿਬ ਸਥਾਪਿਤ ਕਰਨੇ ਸੌਖੇ ਨਹੀਂ ਹੁੰਦੇ ਤੇ ਜਦੋਂ ਸੰਗਤ ਦਿਨ-ਰਾਤ ਇੱਕ ਕਰ ਅਜਿਹੇ ਗੁਰੂ ਦੇ ਕਾਰਜਾਂ ਨੂੰ ਨਿਰਵਿਘਨ ਨੇਪਰੇ ਚਾੜਦੀ ਹੈ ਤਾਂ ਅਜਿਹੇ ਵਿਵਾਦਾਂ ਦਾ ਪੈਦਾ ਹੋਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਬੇਸ਼ੱਕ ਅਸੀਂ ਵਿਦੇਸ਼ਾਂ ਵਿੱਚ ਆਕੇ ਲੱਖ ਕਾਮਯਾਬੀਆਂ ਦੇ ਝੰਡੇ ਗੱਡ ਦਿੱਤੇ ਹਨ, ਪਰ ਚੌਧਰ ਦੀ ਭੁੱਖ ਭਰੀਆਂ ਕਾਰਵਾਈਆਂ ਸਾਨੂੰ ਗੁਰੂ ਦੀ ਸੇਵਾ ਤੋਂ ਦੂਰ ਕਰ ਮਨਮੁੱਖ ਬਣਾ ਰਹੀਆਂ ਜਿਸ ਨੂੰ ਜੇਕਰ ਇਟਲੀ ਦੀ ਸਮੁੱਚੀ ਸਿੱਖ ਸੰਗਤ ਨੇ ਗੰਭੀਰਤਾ ਨਾਲ ਨਾਲ ਵਿਚਾਰਿਆ ਤਾਂ ਇਸ ਦੇ ਨਤੀਜੇ ਗੁਰੂ ਨਾਨਕ ਦੀ ਸਿੱਖੀ ਲਈ ਘਾਤਕ ਹੋ ਸਕਦੇ ਹਨ. ਸਿਰਫ਼ ਗੁਰਦੁਆਰਾ ਸਾਹਿਬ ਦੀ ਗਿਣਤੀ ਵਧਾਉਣ ਨਾਲ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਨਹੀਂ ਹੋਣਾ ਜਦੋਂ ਤੱਕ ਅਸੀਂ ਦਿਲੋਂ ਸਿੱਖੀ ਦੇ ਅਸੂਲਾਂ ਦੇ ਧਾਰਨੀ ਨਹੀਂ ਬਣਦੇ।

ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ ਵਿਖੇ ਬੱਚਿਆਂ ਦੇ ਕਰਵਾਏ ਗਏ ਗੁਰਮਤਿ ਗਿਆਨ ਮੁਕਾਬਲੇ

ਵਿਦੇਸ਼ੀ ਡਰਾਈਵਿੰਗ ਲਾਇਸੈਂਸ: ਕੀ ਇਟਲੀ ਵਿੱਚ ਇਨਾਂ ਦੀ ਇੱਕੋ ਜਿਹੀ ਵੈਧਤਾ ਹੈ?