ਪ੍ਰੰਬਧਾਂ ਦੀ ਘਾਟ ਵਾਲਾ ਮਾਮਲਾ ਜਲਦ ਨਿਪਟਾ ਲਿਆ ਜਾਵੇਗਾ – ਹਜ਼ਾਰਾ
ਰੋਮ (ਇਟਲੀ) (ਦਲਵੀਰ ਕੈਂਥ) – ਇਟਲੀ ਦੇ ਲਾਸੀਓ ਸੂਬੇ ਦੇ ਜਿਲ੍ਹਾ ਲਾਤੀਨਾ ਅਧੀਨ ਆਉਂਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹੇਰਮਾਦਾ ਤੇਰਾਚੀਨਾ ਵਿਖੇ ਉਸ ਸਮੇਂ ਸੰਗਤ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦੋਂ ਸਥਾਨਕ ਪੁਲਿਸ ਪ੍ਰਸ਼ਾਸ਼ਨ ਨੇ ਗੁਰਦੁਆਰਾ ਸਾਹਿਬ ਵਿੱਚ ਖਾਸ ਜਾਂਚ ਕਰਦਿਆਂ ਕੁਝ ਪ੍ਰਬੰਧਾਂ ਵਿੱਚ ਘਾਟ ਨੂੰ ਦੇਖਦਿਆਂ ਕੁਝ ਹਿੱਸਾ ਸੀਲ ਕਰ ਦਿੱਤਾ। ਇਹ ਉਹ ਹਿੱਸਾ ਹੈ ਜਿੱਥੇ ਕਿ ਸੰਗਤ ਲੰਗਰ ਛਕਦੀ ਹੈ, ਇਸ ਵਿੱਚ ਹੀ ਬਾਥਰੂਮ ਵੀ ਸ਼ਾਮਿਲ ਹਨ। ਪੁਲਿਸ ਨੇ ਇਸ ਹਿੱਸੇ ਵਿੱਚ ਵਰਤੀ ਕੁਤਾਹੀ ਦੇ ਕਾਰਨ ਇੱਕ ਲਾਲ ਟੇਪ ਨਾਲ ਇਹ ਸਾਰਾ ਏਰੀਆ ਸੀਲ ਕਰ ਦਿੱਤਾ। ਗੁਰਦੁਆਰਾ ਸਾਹਿਬ ਵਿਚ ਹੋਈ ਇਸ ਕਾਰਵਾਈ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੁਰਮੁੱਖ ਸਿੰਘ ਹਜ਼ਾਰਾ ਨੇ ਦੱਸਿਆ ਕਿ, ਇਹ ਸਾਰਾ ਕਾਰਾ ਕਿਸੇ ਆਪਣੇ ਨੇ ਹੀ ਸ਼ਕਾਇਤ ਕਰ ਕਰਵਾਇਆ ਹੈ, ਪਰ ਉਹ ਸੰਗਤ ਨੂੰ ਦੱਸਣਾ ਚਾਹੁੰਦੇ ਹਨ ਕਿ ਇਹ ਗੁਰਦੁਆਰਾ ਸਾਹਿਬ ਪਿੰਡ ਵਿੱਚ ਸਥਾਪਿਤ ਹੈ ਤੇ ਇਹ ਥਾਂ ਤਿੰਨ ਭੈਣ ਭਰਾਵਾਂ ਦੀ ਹੈ. ਜਿੱਥੇ ਗੁਦੁਆਰਾ ਸਾਹਿਬ ਗੁਰੂ ਸਾਹਿਬ ਦਾ ਪ੍ਰਕਾਾਸ਼ ਹੈ ਉਹ ਹਿੱਸਾ ਇੱਕ ਦਾ ਤੇ ਜਿੱਥੇ ਲੰਗਰ ਹਾਲ ਤੇ ਹੁਣ ਬਾਥਰੂਮ ਬਣੇ ਹਨ ਉਹ ਦੂਜਿਆਂ ਦਾ ਹਿੱਸਾ ਹੈ। ਉਹਨਾਂ ਅੱਜ ਤੋ ਡੇਢ ਸਾਲ ਪਹਿਲਾਂ ਜਦੋਂ ਇਸ ਇਮਾਰਤ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ, ਜਿਸ ਹਾਲ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਵਿੱਚਕਾਰ ਇੱਕ ਇਮਾਰਤ ਹੈ ਜਿਸ ਨੂੰ ਹਟਾਉਣ ਲਈ ਉਹਨਾਂ ਪ੍ਰਸ਼ਾਸ਼ਨ ਤੋਂ ਲਿਖਤੀ ਇਜ਼ਾਜ਼ਤ ਮੰਗੀ ਹੋਈ ਹੈ, ਜਿਹੜੀ ਕਿ ਹੁਣ ਤੱਕ ਨਹੀਂ ਮਿਲੀ ਹਾਲੇ ਹੋਰ ਕਿੰਨਾ ਸਮਾਂ ਲੱਗੇਗਾ, ਪਤਾ ਨਹੀਂ। ਗੁਰਦੁਆਰਾ ਸਾਹਿਬ ਵਿਚ ਸੰਗਤ ਵਧਣ ਨਾਲ ਪ੍ਰੰਬਧਕ ਕਮੇਟੀ ਨੇ ਲੰਗਰ ਹਾਲ ਤੇ ਬਾਥਰੂਮ ਖੁੱਲੇ ਥਾਂ ਬਣਾ ਲਏ, ਜਿਸ ਨੂੰ ਸਥਾਨਕ ਪ੍ਰਸ਼ਾਸਨ ਤੋਂ ਮਨਜੂਰ ਕਰਵਾਉਣ ਲਈ ਉਹਨਾਂ ਆਪਣੇ ਵਕੀਲ ਰਾਹੀਂ ਲਿਖਤੀ ਪੱਤਰ ਦਿੱਤਾ ਹੋਇਆ ਹੈ, ਪਰ ਇਸ ਵਿਚਕਾਰ ਹੀ ਕਿਸੇ ਸ਼ਰਾਰਤੀ ਅਨਸਰ ਨੇ ਪ੍ਰਸ਼ਾਸਨ ਨੂੰ ਮੁੱਖਬਰੀ ਕਰ ਦਿੱਤੀ। ਪ੍ਰਸ਼ਾਸਨ ਨੇ ਜਿਹੜਾ ਹਿੱਸਾ ਪ੍ਰਵਾਨਗੀ ਨਾ ਹੋਣ ਕਾਰਨ ਸੀਲ ਕੀਤਾ ਹੈ, ਉਹ ਗੁਰਦਆਰਾ ਸਾਹਿਬ ਦਾ ਪੂਰਨ ਹਿੱਸਾ ਨਹੀਂ, ਕਿਉਂਕਿ ਗੁਰਦੁਆਰਾ ਸਾਹਿਬ ਦੀ ਰਜਿਸਟਰੀ ਰਹਿੰਦੀ ਹੈ। ਉਹਨਾਂ ਸੰਗਤ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਇਸ ਮਾਮਲੇ ਨੂੰ ਨਿਪਟਾ ਲਿਆ ਜਾਵੇਗਾ। ਗੁਰਦਆਰਾ ਸਾਹਿਬ ਦੀ ਰਜਿਸਟਰੀ ਤੋਂ ਬਆਦ ਹੀ ਸਭ ਘਾਟਾਂ ਪੂਰੀਆਂ ਹੋ ਸਕਦੀਆਂ ਹਨ. ਦੂਜੇ ਪਾਸੇ ਜਦੋਂ ਤੱਕ ਇਟਲੀ ਵਿੱਚ ਸਿੱਖ ਧਰਮ ਰਜਿਸਟਰਡ ਨਹੀਂ ਹੁੰਦਾ, ਉਦੋਂ ਤੱਕ ਇਹ ਵਧੀਕੀ ਹੁੰਦੀ ਰਹਿ ਸਕਦੀ ਹੈ।
ਜ਼ਿਕਰਯੋਗ ਹੈ ਕਿ ਇਟਲੀ ਵਿੱਚ ਭਾਰਤੀ ਧਾਰਮਿਕ ਅਸਥਾਨਾਂ ਦੇ ਪ੍ਰਬੰਧਾਂ ਵਿੱਚ ਘਾਟਾਂ ਨੂੰ ਲੈਕੇ ਕਈ ਵਾਰ ਸਥਾਨਕ ਪੁਲਿਸ ਨੇ ਸਖ਼ਤੀ ਦਿਖਾਉਂਦਿਆਂ ਜਿੱਥੇ ਪ੍ਰਬੰਧਕਾਂ ਨੂੰ ਜੁਰਮਾਨੇ ਕੀਤੇ, ਉੱਥੇ ਅਜਿਹੇ ਫੈਸਲੇ ਵੀ ਦਿੱਤੇ ਜਿੱਥੇ ਕਿ ਪ੍ਰਸ਼ਾਸ਼ਨ ਨੇ ਧਾਰਮਿਕ ਅਸਥਾਨ ਨੂੰ ਹੀ ਬੰਦ ਕਰਨ ਦਾ ਮੰਦਭਾਗਾ ਫੈਸਲਾ ਸੁਣਾ ਦਿੱਤਾ। ਜਿਸ ਦੇ ਕਾਰਨ ਸੰਗਤ ਨੂੰ ਕਾਫ਼ੀ ਨਿਰਾਸ਼ਾ ਸਹੇੜਨੀ ਪੈਂਦੀ ਹੈ, ਪਰ ਇਸ ਦੇ ਬਾਵਜੂਦ ਸੰਗਤ ਸਦਾ ਚੜ੍ਹਦੀ ਕਲਾ ਵਿੱਚ ਹੀ ਰਹਿੰਦੀ ਹੈ।