ਰੋਮ (ਇਟਲੀ) (ਕੈਂਥ) – ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਪ੍ਰਤੀ ਸੰਗਤਾਂ ਨੂੰ ਜਾਗਰੂਕ ਕਰ ਰਹੇ ਉੱਤਰੀ ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਧਾਮ ਗੁਰਦੁਆਰਾ ਗੁਰਲਾਗੋ (ਬੈਰਗਾਮੋ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਜ਼ਾਰਾਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਹਾਨ ਇਨਕਲਾਬੀ, ਅਧਿਆਤਮਕਵਾਦੀ, ਸ਼੍ਰੋਮਣੀ ਸੰਤ ਯੁੱਗ ਪਲਟਾਊ, ਗਰੀਬਾਂ ਦੇ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਾਨੌ ਸ਼ੌਕਤ ਨਾਲ ਮਨਾਇਆ ਗਿਆ।
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭੇ ਪਾਠ ਦੇ ਭੋਗ ਉਪਰੰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ. ਜਿਸ ਤੋਂ ਗੁਰੂ ਸਾਹਿਬ ਜੀ ਦੇ ਜੀਵਨ ਪ੍ਰਸੰਗਾਂ ਨੂੰ ਇਟਲੀ ਦੇ ਪ੍ਰਸਿੱਧ ਢਾਡੀ ਜਥੇ ਭਾਈ ਸਤਿਨਾਮ ਸਿੰਘ ਸਰਹਾਲੀ ਦੇ ਜਥੇ ਨੇ ਆਈਆਂ ਹੋਈਆਂ ਸੰਗਤਾਂ ਨੂੰ ਸਰਵਣ ਕਰਵਾਉਂਦਿਆਂ ਸਭ ਨੂੰ ਗੁਰੂ ਸਾਹਿਬ ਦੇ ਰੂਹਾਨੀਅਤ ਵਾਲੇ ਜੀਵਨ ਤੋਂ ਜਾਣੂ ਕਰਵਾਇਆ। ਇਹਨਾਂ ਤੋਂ ਇਲਾਵਾ ਹੋਰ ਵੀ ਆਏ ਹੋਏ ਢਾਡੀ ਜਥਿਆਂ ਨੇ ਅਤੇ ਸੰਗਤਾਂ ਨੇ ਗੁਰੂ ਸਾਹਿਬ ਦਾ ਗੁਣਗਾਨ ਕੀਤਾ।
ਇਸ ਮੌਕੇ ਗੁਰੂ ਦੇ ਜੈਕਾਰੇ ਲਗਾ ਰਹੀ ਸੰਗਤ ਦੀ ਸ਼ਰਧਾ ਤੇ ਉਤਸ਼ਾਹ ਦੇਖਣਯੋਗ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਈਆਂ ਹੋਈਆਂ ਸੰਗਤਾਂ ਦਾ ਜਿੱਥੇ ਕੋਟਿਨ ਕੋਟਿ ਧੰਨਵਾਦ ਕੀਤਾ, ਉੱਥੇ ਹਾਜਰ ਗੁਰੂ ਘਰ ਦੇ ਸੇਵਾਦਾਰਾਂ ਦਾ ਸਿਰੋਪੇ ਪਾਕੇ ਸਨਮਾਨ ਵੀ ਕੀਤਾ। ਆਈਆਂ ਹੋਈਆਂ ਹਜ਼ਾਰਾਂ ਸੰਗਤਾਂ ਦਾ ਗੁਰੂ ਘਰ ਵਲੋਂ ਅਤੇ ਹੋਰ ਗੂਰੂ ਘਰਾਂ ਦੀਆਂ ਪ੍ਰਬੰਧਕਾਂ ਕਮੇਟੀਆਂ ਵੱਲੋਂ ਗੁਰੂ ਕੇ ਅਤੁੱਟ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ।