ਧੀਆਂ ਵਾਲੇ ਪਰਿਵਾਰਾਂ ਨੂੰ ਘਟਨਾ ਨੇ ਪਾਇਆ ਸੋਚੀ ਕਿ ਜੇ ਧੀਆਂ ਘਰ ਵਿੱਚ ਸੁੱਰਖਿਅਤ ਨਹੀਂ ਤਾਂ ਫਿਰ ਕਿੱਥੇ ਜਾਣ
ਰੋਮ (ਦਲਵੀਰ ਕੈਂਥ) – ਇਟਲੀ ਵਿੱਚ ਜਿੱਥੇ ਭਾਰਤੀ ਭਾਈਚਾਰਾ ਚੰਗੇ ਕੰਮਾਂ ਲਈ ਪ੍ਰਸ਼ਾਸ਼ਨ ਅਤੇ ਇਟਾਲੀਅਨ ਲੋਕਾਂ ਦੀ ਨਜ਼ਰ ਵਿੱਚ ਇੱਕ ਵਿਲੱਖਣ ਰੁਤਬਾ ਰੱਖਦਾ ਹੈ ਉੱਥੇ ਕੁਝ ਭਾਰਤੀ ਲੋਕ ਇਸ ਰੁਤਬੇ ਨੂੰ ਆਪਣੀਆਂ ਸਮਾਜ ਵਿਰੋਧੀ ਅਤੇ ਇਨਸਾਨੀਅਤ ਵਿਰੋਧੀ ਕਾਰਵਾਈਆਂ ਨਾਲ ਕਲੰਕਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਜਿਸ ਨਾਲ ਕਿ ਇਟਲੀ ਦੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ। ਅਜਿਹੀ ਹੀ ਘਟਨਾ ਇਟਲੀ ਦੇ ਲਾਸੀਓ ਸੂਬੇ ਦੇ ਸ਼ਹਿਰ ਫੌਂਦੀ ਵਿੱਚ ਵਾਪਰੀ ਹੈ, ਜਿਸ ਵਿੱਚ ਤਿੰਨ ਭਾਰਤੀ ਨੌਜਵਾਨਾਂ ਵੱਲੋਂ 12 ਸਾਲ ਦੀ ਨਾਬਾਲਗ ਬੱਚੀ ਨਾਲ ਸਮੂਹਕ ਜਬਰ-ਜਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲਾਤੀਨਾ ਪੁਲਸ ਵੱਲੋਂ ਇਟਾਲੀਅਨ ਮੀਡੀਏ ਵਿੱਚ ਨਸ਼ਰ ਕੀਤੀ ਜਾਣਕਾਰੀ ਅਨੁਸਾਰ ਇਹ ਘਟਨਾ ਮਾਰਚ-ਅਪ੍ਰੈਲ 2020 ਦੇ ਉਸ ਸਮੇਂ ਦੀ ਹੈ ਜਦੋਂ ਸੂਬੇ ਭਰ ਵਿੱਚ ਕੋਵਿਡ-19 ਕਾਰਨ ਤਾਲਾਬੰਦੀ ਕੀਤੀ ਹੋਈ ਸੀ। ਪੀੜਤ ਕੁੜੀ ਦੀ ਮਾਂ ਵੱਲੋਂ ਕੀਤੀ ਸ਼ਿਕਾਇਤ ਦੇ ਅਧਾਰ ਉਪੱਰ ਪੁਲਸ ਵੱਲੋਂ ਕਾਰਵਾਈ ਕੀਤੀ ਗਈ ਹੈ ਜਿਸ ਅਨੁਸਾਰ ਇਹ ਤਿੰਨੋਂ ਭਾਰਤੀ ਪੀੜਤਾਂ ਦੇ ਨਾਲ ਹੀ ਉਸ ਦੇ ਘਰ ਕਿਰਾਏਦਾਰ ਵਜੋਂ ਰਹਿੰਦੇ ਸਨ ਤੇ ਜਦੋਂ ਪੀੜਤ ਬੱਚੀ ਦੇ ਪਿਤਾ ਜਾਂ ਹੋਰ ਪਰਿਵਾਰਕ ਮੈਂਬਰ ਕੰਮ ਕਾਰਨ ਘਰ ਵਿੱਚ ਮੌਜੂਦ ਨਹੀਂ ਸਨ ਹੁੰਦੇ ਉਂਦੋ ਇਹ ਦੋਸ਼ੀ ਉਸ 12 ਸਾਲਾਂ ਬੱਚੀ ਨੂੰ ਆਪਣੀ ਹਵੱਸ ਦਾ ਸ਼ਿਕਾਰ ਬਣਾਉਂਦੇ ਸਨ । ਦੋਸ਼ੀਆਂ ਵੱਲੋਂ ਪੀੜਤ ਬੱਚੀ ਨਾਲ ਇੱਕ ਵਾਰ ਨਹੀਂ ਸਗੋ ਕਈ ਵਾਰ ਜਬਰ-ਜਿਨਾਹ ਹੁੰਦਾ ਰਿਹਾ ਹੈ। ਇਹਨਾਂ ਦੋਸ਼ੀ ਭਾਰਤੀ ਨੌਜਵਾਨਾਂ ਦੇ ਖਿਲਾਫ਼ ਜਦੋਂ ਪੁਲਸ ਨੂੰ ਪੀੜਤ ਬੱਚੀ ਦੀ ਮਾਂ ਨੇ ਸ਼ਿਕਾਇਤ ਕੀਤੀ ਤਾਂ ਪੁਲਸ ਨੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਜਿਸ ਵਿੱਚ ਤਿੰਨੋ ਭਾਰਤੀ ਨੌਜਵਾਨ ਦੋਸ਼ੀ ਪਾਏ ਗਏ। ਲਾਤੀਨਾ ਪੁਲਸ ਨੇ ਦੋ ਨੌਜਵਾਨਾਂ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਇੱਕ ਦੀ ਭਾਲ ਜਾਰੀ ਹੈ ਜਿਹੜਾ ਕਿ ਪੁਲਸ ਅਨੁਸਾਰ ਪੋਰਦੀਨੋਨੇ ਇਲਾਕੇ ਵਿੱਚ ਹੋਣ ਦੀ ਸ਼ੰਕਾ ਹੈ।ਇਸ ਦਿਲ ਕੰਬਾਊ ਘਟਨਾ ਨੇ ਇਟਲੀ ਵਿੱਚ ਸਮੁੱਚੇ ਭਾਰਤੀ ਭਾਈਚਾਰੇ ਦੇ ਦਿਲ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ ਕਿਊਂਕਿ ਜੇਕਰ ਸਾਡੀਆਂ ਬੱਚਿਆਂ ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਤਾਂ ਉਹ ਕਿੱਥੇ ਜਾਣ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਟਲੀ ਦੇ ਕਈ ਭਾਰਤੀ ਪਰਿਵਾਰ ਆਪਣੇ ਘਰਾਂ ਦੇ ਕਿਰਾਏ ਜ਼ਿਆਦਾ ਹੋਣ ਕਾਰਨ ਅਕਸਰ ਆਪਣੇ ਪਰਿਵਾਰ ਨਾਲ ਕਿਸੇ ਨਾ ਕਿਸੇ ਭਾਰਤੀ ਨੌਜਵਾਨਾਂ ਨੂੰ ਕਿਰਾਏ ਉਪੱਰ ਰੱਖ ਲੈਂਦੇ ਹਨ ਤਾਂ ਜੋ ਉਹ ਦੀ ਆਰਥਿਕ ਮਦਦ ਹੋ ਸਕੇ ਪਰ ਸਮੁੱਚੇ ਭਾਰਤੀ ਭਾਈਚਾਰੇ ਨੂੰ ਸ਼ਰਮਸਾਰ ਕਰਦੀ ਇਸ ਘਟਨਾ ਨੇ ਹੁਣ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਧੀਆਂ ਵਾਲੇ ਪਰਿਵਾਰ ਆਪਣੇ ਪਰਿਵਾਰ ਨਾਲ ਕਿਸੇ ਅਜਨਬੀ ਭਾਰਤੀ ਨੌਜਵਾਨਾਂ ਨੂੰ ਕਿਰਾਏਦਾਰ ਰੱਖਣ ਜਾਂ ਨਾ।ਇਟਲੀ ਦੀਆਂ ਤਮਾਮ ਭਾਰਤੀ ਸਮਾਜ ਸੇਵੀ ਸੰਸਥਾਵਾਂ ਨੇ ਇਸ ਘਟਨਾ ਦੀ ਤਿੱਖੀ ਅਲੌਚਨਾ ਕੀਤੀ ਹੈ।