ਰੋਮ (ਇਟਲੀ) (ਦਲਵੀਰ ਕੈਂਥ) – ਦੇਸ਼ ਵਿੱਚ ਨਸ਼ਿਆਂ ਅਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਠੱਲ ਪਾਉਣ ਤਹਿਤ ਇਟਲੀ ਪੁਲਿਸ ਹਮੇਸ਼ਾਂ ਹੀ ਖਾਸ ਗਸ਼ਤ ‘ਤੇ ਤਾਇਨਾਤ ਰਹਿੰਦੀ ਹੈ ਤੇ ਹਰ ਉਸ ਸਖ਼ਸ ਦੀ ਤਹਿ ਤੱਕ ਜਾ ਕੇ ਹੀ ਰਹਿੰਦੀ ਹੈ ਜਿਸ ਤੋਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸ਼ੱਕ ਜਾਹਿਰ ਹੋ ਜਾਵੇ। ਕੁਝ ਅਜਿਹਾ ਹੀ ਤੁਸਕਾਨਾ ਸੂਬੇ ਦੇ ਜਿਲ੍ਹਾ ਫਿਰੈਂਸੇ ਦੇ ਸ਼ਹਿਰ ਸਕੰਦੀਚੀ ਦੇ ਬੱਸ ਅੱਡੇ ਉੱਤੇ ਦੇਖਣ ਨੂੰ ਮਿਲਿਆ, ਜਿੱਥੇ ਇਟਲੀ ਦੀ ਵਿਸ਼ੇਸ਼ ਪੁਲਿਸ ਗੁਆਰਦੀਆ ਦੀ ਫਿਨੈਂਸਾ ਨੂੰ ਇੱਕ ਔਰਤ ਕੋਲੋਂ 10 ਲੱਖ ਯੂਰੋ ਤੋਂ ਵਧੇਰੇ ਰਾਸ਼ੀ ਬਰਾਮਦ ਹੋਣ ਦਾ ਸਮਾਚਾਰ ਹੈ।
ਮਿਲੀ ਜਾਣਕਾਰੀ ਅਨੁਸਾਰ ਗੁਆਰਦੀਆਂ ਦੀ ਫਿਨੈਂਸਾ ਰੋਜ਼ਾਨਾ ਦੀ ਤਰ੍ਹਾਂ ਗਸ਼ਤ ਉੱਤੇ ਸੀ, ਕਿਉਂਕਿ ਇਹ ਸੂਬਾ ਸੈਲਾਨੀਆਂ ਦਾ ਮੁੱਖ ਕੇਂਦਰ ਬਿੰਦੂ ਹੈ. ਇਟਲੀ ਦਾ ਅਜੂਬਾ ਪੀਸਾ ਟਾਵਰ ਵੀ ਇਸ ਸੂਬੇ ਵਿੱਚ ਹੀ ਹੈ. ਜਿਸ ਕਾਰਨ ਪੁਲਿਸ ਮੁਸਤੈਦ ਰਹਿੰਦੀ ਹੈ ਤਾਂ ਜੋ ਕੋਈ ਵਾਰਦਾਤ ਨਾ ਹੋ ਜਾਵੇ। ਬੀਤੇ ਦਿਨੀਂ ਜਦੋਂ ਪੁਲਸ ਗਸ਼ਤ ‘ਤੇ ਸੀ ਤਾਂ ਸਕੰਦੀਚੀ ਦੇ ਬੱਸ ਅੱਡੇ ਉੱਪਰ ਉਹਨਾਂ ਨੂੰ ਇੱਕ ਬੱਸ ਦੇ ਹੇਠਲੇ ਹਿੱਸੇ ਵਿੱਚ 2 ਵੱਡੇ ਕਾਲੇ ਰੰਗ ਦੇ ਬੈਗ ਮਿਲੇ ਜਿਹਨਾਂ ਨੂੰ ਪੁਲਿਸ ਨੇ ਕੈਸ਼ਡਾਗ ਕੁੱਤਿਆਂ ਦੀ ਮਦਦ ਨਾਲ ਚੈੱਕ ਕੀਤਾ। ਜਦੋਂ ਪੁਲਿਸ ਨੇ ਇਹਨਾਂ ਬੈਗਾਂ ਨੂੰ ਖੋਲ੍ਹ ਕੇ ਦੇਖਿਆ ਤਾਂ ਇਨਾਂ ਵਿੱਚ 50, 20 ਤੇ 10 ਯੂਰੋ ਦੇ ਨੋਟ ਨੱਕੋ-ਨੱਕ ਭਰੇ ਪਏ ਸਨ. ਜਿਨਾਂ ਦੀ ਜਦੋਂ ਗਿਣਤੀ ਕੀਤੀ ਗਈ ਤਾਂ ਇਹ 10,75600 ਯੂਰੋ ਦੀ ਰਾਸ਼ੀ ਗਿਣੀ ਗਈ. ਜਿਸ ਨੂੰ ਕਿ ਇੱਕ ਚੀਨੀ ਔਰਤ ਕੋਲੋਂ ਬਰਾਮਦ ਕੀਤਾ ਗਿਆ. ਇਹ ਔਰਤ ਬੈਗਾਂ ਨੂੰ ਸੀਚੀਲੀਆ ਸੂਬੇ ਦੇ ਸ਼ਹਿਰ ਕਤਾਨੀਆਂ ਤੋਂ ਬੱਸ ਦੁਆਰਾ ਹੀ ਲੈਕੇ ਆ ਰਹੀ ਸੀ, ਜਦੋਂ ਬੱਸ ਸਕੰਦੀਚੀ ਰੁਕੀ ਤਾਂ ਪੁਲਿਸ ਨੂੰ ਸ਼ੱਕ ਹੋ ਗਿਆ। ਇਹ ਚੀਨੀ ਔਰਤ ਇੰਨੀ ਵੱਡੀ ਰਕਮ ਕਿਥੋਂ ਲੈਕੇ ਆਈ ਸੀ ਤੇ ਇਹ ਕਿੱਥੇ ਲੈਕੇ ਜਾ ਰਹੀ ਸੀ, ਇਸ ਬਾਰੇ ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਫਿਲਹਾਲ ਔਰਤ ਪੁਲਿਸ ਹਿਰਾਸਤ ਵਿਚ ਹੈ.