ਮਾਨਤੋਵਾ (ਇਟਲੀ) (ਕੈਂਥ, ਟੇਕ ਚੰਦ) – ਜਿੱਥੇ ਪ੍ਰਦੇਸ ਦੀ ਧਰਤੀ ਉਪਰ ਅਣਥੱਕ ਮਿਹਨਤ ਦੇ ਨਾਲ ਪੰਜਾਬੀਆਂ ਨੇ ਆਪਣਾ ਨਾਮ ਰੌਸ਼ਨ ਕੀਤਾ ਹੈ, ਉਥੇ ਖੇਡਾਂ ਦੇ ਵਿਸ਼ੇ ਵਿੱਚ ਵੀ ਹਮੇਸ਼ਾਂ ਅੱਗੇ ਵਧ ਕੇ ਆਪਣਾ ਯੋਗਦਾਨ ਪਾਇਆ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਲਾਇਨਸ ਆਫ ਪੰਜਾਬ ਆਜੋਲਾ (ਮਾਨਤੋਵਾ) ਵੱਲੋਂ ਚੌਥਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਕਾਜਲੋਲਦੋ ਵਿਖੇ ਮਿਤੀ 15 ਅਤੇ 16 ਜੁਲਾਈ 2023 ਨੂੰ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਲਗਭਗ 16 ਟੀਮਾਂ ਭਾਗ ਲੈਣਗੀਆਂ। ਫਾਈਨਲ ਵਿਚ ਜੇਤੂ ਰਹੀ ਟੀਮ ਦਾ ਟਰਾਫੀ ਅਤੇ 1 ਹਜ਼ਾਰ ਯੂਰੋ ਨਾਲ ਅਤੇ ਦੂਜੇ ਸਥਾਨ ‘ਤੇ ਆਉਣ ਵਾਲੀ ਟੀਮ ਦਾ ਟਰਾਫੀ ਅਤੇ 800 ਯੂਰੋ ਨਾਲ ਸਨਮਾਨ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਖੇਡ ਦੇ ਮੈਦਾਨ ਵਿਚ ਵਧੀਆ ਪ੍ਰਦਰਸ਼ਨੀ ਕਰਨ ਵਾਲੇ ਖਿਡਾਰੀਆਂ ਵਿਚੋਂ ਪਲੇਅਰ ਆਫ ਦੀ ਮੈਚ, ਪਲੇਅਰ ਆਫ ਦੀ ਟੂਰਨਾਮੈਂਟ, ਬੈਸਟ ਸਕੋਰਰ, ਬੈਸਟ ਗੋਲਕੀਪਰ, ਬੈਸਟ ਕੋਚ ਕੱਢੇ ਜਾਣਗੇ ਤੇ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਜਾਵੇਗਾ। ਜੇਤੂ ਰਹੀ ਟੀਮ ਨੂੰ ਪਹਿਲਾ ਇਨਾਮ ਜਸਵੀਰ ਸਿੰਘ, ਬਿਕਰਮ ਸਿੰਘ, ਦਲਜੀਤ ਸਿੰਘ ਵੱਲੋਂ ਅਤੇ ਦੂਸਰੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ ਮਨਪ੍ਰੀਤ ਸਿੰਘ ਸਟੂਡੀਓ ਮੁਲਤੀਪਰਾਤੀਕੇ ਮਨੈਰਵੀਓ, ਹਰਦੀਪ ਸਿੰਘ ਨਿਊ ਓਪਨਿਕ ਸਟੂਡੀਓ ਮੁਲਤੀਪਰਾਤੀਕੇ ਆਜੋਲਾ ਵੱਲੋਂ ਦਿੱਤਾ ਜਾਵੇਗਾ। ਟਰਾਫੀਆਂ ਅਤੇ ਗਰਾਊਂਡ ਦੀ ਭੂਮਿਕਾ ਸਪੌਂਸਰ ਵਜੋਂ ਅਮਨਦੀਪ ਚੱਠਾ ਅਤੇ ਤਲਵਿੰਦਰ ਸਿੰਘ ਨਿਭਾਉਣਗੇ।
ਟੂਰਨਾਮੈਂਟ ਦਾ ਸਾਰਾ ਪ੍ਰੋਗਰਾਮ ਕਲਤੂਰਾ ਸਿੱਖ ਚੈਨਲ ‘ਤੇ ਲਾਈਵ ਦਿਖਾਇਆ ਜਾਵੇਗਾ। ਪਹੁੰਚ ਰਹੇ ਖਿਡਾਰੀਆਂ ਅਤੇ ਦਰਸ਼ਕਾਂ ਲਈ ਲੰਗਰ ਅਤੇ ਬੈਠਣ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਲੰਗਰ ਦੀ ਸੇਵਾ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਬਸਾਨੋ ਬ੍ਰੇਸ਼ੀਆਨੋ ਵੱਲੋਂ ਕੀਤੀ ਜਾਵੇਗੀ। ਇਟਲੀ ਦੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਸਤੇ ਹਮੇਸ਼ਾਂ ਹੀ ਅੱਗੇ ਵਧ ਕੇ ਯੋਗਦਾਨ ਪਾਉਂਦੀ ਸੰਸਥਾ ਕਲਤੂਰਾ ਸਿੱਖ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਜਾਵੇਗਾ। ਇਹ ਸਾਰੀ ਜਾਣਕਾਰੀ ਟੀਮ ਦੇ ਕੋਚ ਜਸਵਿੰਦਰ ਸਿੰਘ ਦੂਹੜਾ ਅਤੇ ਬਲਬੀਰ ਨੇ ਸਾਂਝੀ ਕਰਦਿਆਂ ਹੋਇਆਂ ਫੁੱਟਬਾਲ ਪ੍ਰੇਮੀਆਂ ਨੂੰ ਹੁੰਮਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ।