ਰੋਮ (ਕੈਂਥ) – ਭਾਰਤੀ ਸੱਭਿਆਚਾਰ, ਭਾਰਤੀ ਵਿਰਸਾ, ਸਿੱਖ ਧਰਮ ਤੇ ਭਾਰਤੀ ਉਤਸਵਾਂ ਤੋਂ ਇਟਾਲੀਅਨ ਲੋਕਾਂ ਨੂੰ ਡੂੰਘਾਈ ਵਿੱਚ ਜਾਣੂ ਕਰਵਾਉਣ ਹਿੱਤ ਲਾਸੀਓ ਸੂਬੇ ਦੇ ਜਿਲ੍ਹਾ ਲਾਤੀਨਾ ਦੇ ਸ਼ਹਿਰ ਪੁਨਤੀਨੀਆਂ ਵਿਖੇ ਇੱਥੋਂ ਦੇ ਭਾਰਤੀ ਭਾਈਚਾਰੇ ਵੱਲੋਂ ਇਟਾਲੀਅਨ ਭਾਈਚਾਰੇ ਦੇ ਸਹਿਯੋਗ ਨਾਲ ਇੱਕ ਵਿਸ਼ੇਸ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ. ਜਿਸ ਵਿੱਚ ਜਿੱਥੇ ਇਟਲੀ ਵਿੱਚ ਭਾਰਤੀਆਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਸਬੰਧੀ ਡੂੰਘੀਆਂ ਵਿਚਾਰਾਂ ਕੀਤੀਆਂ ਗਈਆਂ, ਉੱਥੇ ਹੀ ਭਾਰਤੀ ਸੱਚਿਆਚਾਰ, ਭਾਰਤੀ ਤਿਉਹਾਰਾਂ ਤੇ ਮਹਾਨ ਸਿੱਖ ਧਰਮ ਦੇ ਗੌਰਵਮਈ ਇਤਿਹਾਸ ਤੋਂ ਵੀ ਇਟਾਲੀਅਨ ਲੋਕਾਂ ਨੂੰ ਜਾਣੂ ਕਰਵਾਇਆ ਗਿਆ।
ਇਸ ਮੌਕੇ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਭੰਗੜਾ ਇਟਾਲੀਅਨ ਲੋਕਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ ਤੇ ਡਗੇ ਦੀ ਧਮਕ ਉੱਤੇ ਇਟਾਲੀਅਨ ਲੋਕਾਂ ਨੇ ਵੀ ਪੈਰ ਥਿਰਕਾਏ। ਨੰਨੇ ਮੁੰਨੇ ਭਾਰਤੀ ਤੇ ਇਟਾਲੀਅਨ ਸਕੂਲੀ ਬੱਚਿਆਂ ਵੱਲੋਂ ਰੂਹ ਲਗਾਕੇ ਇਸ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ, ਜਿਹੜੀ ਕਿ ਸਮੁੱਚੇ ਪ੍ਰਬੰਧਕੀ ਢਾਂਚੇ ਲਈ ਕਾਬਲੇ ਤਾਰੀਫ਼ ਸੀ।